ਅਮਰੀਕੀ ਢੱਠਿਆਂ ਨੂੰ ਬੁੱਚੜਖਾਨੇ ‘ਚ ਭੇਜਣ ਲਈ ਅਮਨ ਅਰੋੜਾ ਨੇ ਕੀਤੀ ਮੰਗ, ਕਿਹਾ ਇਸ ਤੋਂ ਬਿਨਾਂ ਨਹੀਂ ਕੋਈ ਹੱਲ

TeamGlobalPunjab
2 Min Read

ਚੰਡੀਗੜ੍ਹ : ਸੂਬੇ ਅੰਦਰ ਅਵਾਰਾ ਪਸ਼ੂਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਹਰ ਦਿਨ ਅੱਤਵਾਦੀਆਂ ਕਾਰਨ ਸੜਕਾਂ ‘ਤੇ ਲੱਖਾਂ ਜਾਨਾਂ ਚਲੀਆਂ ਜਾਂਦੀਆਂ ਹਨ। ਅੱਜ ਇਸ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਅਵਾਰਾ ਪਸ਼ੂਆਂ ਦੇ ਮੁੱਦੇ ਨੂੰ ਵਿਧਾਨ ਸਭਾ ਵਿੱਚ ਚੁੱਕਣ ਲਈ ਸਪੀਕਰ ਰਾਣਾ ਕੇਪੀ ਸਿੰਘ ਨੂੰ ਇੱਕ ਪ੍ਰਾਈਵੇਟ ਮੈਂਬਰ ਰੈਜੋਲੂਸ਼ਨ ਸੌਂਪਿਆ। ਇਸ ਮੌਕੇ ਪਾਰਟੀ ਆਗੂ ਕੁਲਤਾਰ ਸਿੰਘ ਸੰਧਵਾਂ ਅਤੇ ਬੀਬੀ ਬਲਜਿੰਦਰ ਕੌਰ ਵੀ ਉਨ੍ਹਾਂ ਦੇ ਨਾਲ ਸਨ।

ਅਮਨ ਅਰੋੜਾ ਨੇ ਦੱਸਿਆ ਕਿ ਇਹ ਮੁੱਦਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਵਾਰਾ ਪਸ਼ੂਆਂ ਨਾਲ ਹਰ ਸਾਲ ਲਗਭਗ 200 ਕਰੋੜ ਰੁਪਏ ਦੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਅਵਾਰਾ ਗਾਵਾਂ ਜਾਂ ਢੱਠਿਆਂ ਦੇ ਮਸਲੇ ਨੂੰ ਅੱਖਾਂ ‘ਤੇ ਪੱਟੀ ਬੰਨ੍ਹ ਕੇ ਧਰਮ ਨਾਲ ਜੋੜਿਆ ਜਾਂਦਾ ਹੈ ਜਿਸ ਕਾਰਨ ਸਿਆਸੀ ਲੋਕ ਇਸ ਮੁੱਦੇ ‘ਤੇ ਹਿੰਮਤ ਨਹੀਂ ਕਰਦੇ ਕਿ ਸਹੀ ਗੱਲ ਨੂੰ ਸਹੀ ਕਹਿ ਸਕਣ। ਅਰੋੜਾ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਹਿੰਦੁਸਤਾਨ ਦੀਆਂ ਸੜਕਾਂ ‘ਤੇ 28 ਕਰੋੜ ਅਵਾਰਾ ਪਸ਼ੂ ਹੋ ਜਾਣਗੇ ਜਿਨ੍ਹਾਂ ਦੀ ਸਾਂਭ ਸੰਭਾਲ ਲਈ ਹਰ ਸਾਲ 5 ਲੱਖ 40 ਹਜ਼ਾਰ ਕਰੋੜ ਰੁਪਏ ਦਾ ਬਜ਼ਟ ਚਾਹੀਦਾ ਹੈ। ਅਮਨ ਅਰੋੜਾ ਨੇ ਕਿਹਾ ਕਿ ਦੇਸੀ ਗਾਵਾਂ ਅਤੇ ਦੇਸੀ ਬਲਦਾਂ ਨੂੰ ਧਾਰਮਿਕ ਮੰਨਿਆ ਜਾਂਦਾ ਹੈ ਇਸ ਲਈ ਉਨ੍ਹਾਂ ਦੀ ਸਾਂਭ ਸੰਭਾਲ ਹੋਣੀ ਚਾਹੀਦੀ ਹੈ ਪਰ ਅਮਰੀਕੀ ਢੱਠਿਆ ਦਾ ਹਿੰਦੂ ਧਰਮ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਇਨ੍ਹਾਂ ਨੂੰ ਬੁੱਚੜਖਾਨੇ ‘ਚ ਭੇਜਿਆ ਜਾਣਾ ਚਾਹੀਦਾ ਹੈ। ਇਸ ਤੋਂ ਬਿਨਾਂ ਇਸ ਦਾ ਕੋਈ ਹੱਲ ਨਹੀਂ ਹੈ।

 

Share this Article
Leave a comment