ਵਾਸ਼ਿੰਗਟਨ: ਅਮਰੀਕਾ ‘ਚ ਵਸਦੇ ਜਾਂ ਉੱਥੇ ਜਾ ਕੇ ਵਸਣ ਦਾ ਸੁਪਨਾ ਪਾਲਣ ਵਾਲੇ ਭਾਰਤੀਆਂ ਲਈ ਵੱਡੀ ਖ਼ਬਰ ਹੈ। ਉੱਥੋਂ ਦੀ ਸੈਨਿਟ ਤੋਂ ਇਲਾਵਾ ਸੰਸਦ ਨੇ ਵੀ ਗਰੀਨ ਕਾਰਡ ‘ਤੇ ਲੱਗੀਆਂ ਰੋਕਾਂ ਨੂੰ ਹਟਾਉਣ ਦਾ ਮਨ ਬਣਾ ਲਿਆ ਹੈ। ਇਸ ਸਬੰਧ ਵਿੱਚ ਉੱਥੋਂ ਦੀ ਸੰਸਦ ਅਤੇ ਸੈਨਿਟ ਵਿੱਚ ਇਸ ਦਾ ਬਿੱਲ ਵੀ ਪੇਸ਼ ਕਰ ਦਿੱਤਾ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਲੱਖਾਂ ਭਾਰਤੀਆਂ ਨੂੰ ਫਾਇਦਾ ਹੋਵੇਗਾ, ਤੇ ਇੱਥੋਂ ਦੇ ਲੋਕਾਂ ਦਾ ਅਮਰੀਕਾ ‘ਚ ਪੱਕੇ ਤੌਰ ਤੇ ਵਸਣ ਦਾ ਸੁਪਨਾ ਬਹੁਤ ਜਲਦ ਸਾਕਾਰ ਹੋ ਜਾਵੇਗਾ।
ਇਨ੍ਹਾਂ ਮਾਮਲਿਆਂ ਦੇ ਮਾਹਰ ਲੋਕਾਂ ਅਨੁਸਾਰ ਇਸ ਦਾ ਜ਼ਿਆਦਾ ਫਾਇਦਾ ਐਚ-1 ਬੀ ਵੀਜ਼ਾ ‘ਤੇ ਅਮਰੀਕਾ ਗਏ ਹਿੰਦੁਸਤਾਨੀਆਂ ਨੂੰ ਹੋਵੇਗਾ ਕਿਉਂਕਿ ਇਸ ਵੀਜ਼ੇ ‘ਤੇ ਵੱਡੀ ਤਦਾਦ ਵਿੱਚ ਭਾਰਤੀ ਉੱਥੇ ਗਏ ਹੋਏ ਹਨ। ਮਾਹਰਾਂ ਅਨੁਸਾਰ ਇਸ ਤੋਂ ਇਲਾਵਾ ਵੀ ਕਈ ਹੋਰ ਢੰਗ ਤਰੀਕਿਆਂ ਨਾਲ ਉੱਥੇ ਗਏ ਭਾਰਤੀਆਂ ਨੂੰ ਵੀ ਇਨ੍ਹਾਂ ਰੋਕਾਂ ਦੇ ਹਟਣ ਤੋਂ ਬਾਅਦ ਫਾਇਦਾ ਹੋਣ ਦੀ ਪੂਰੀ ਉਮੀਦ ਹੈ।
ਦੱਸ ਦਈਏ ਕਿ ਇਹ ਬਿੱਲ ਅਮਰੀਕੀ ਸੈਨਿਟ ਦੇ ਮੈਂਬਰਾਂ ਭਾਰਤੀ ਮੂਲ ਦੀ ਸਿਆਸਤਦਾਨ ਕਮਲਾ ਹੈਰਿਸ ਅਤੇ ਮਾਈਕ ਲੀ ਨੇ ਪੇਸ਼ ਕੀਤਾ ਹੈ, ਤੇ ਪਤਾ ਲੱਗਾ ਹੈ ਕਿ ਇਸ ਨੂੰ ਪੇਸ਼ ਕਰਨ ਦੀ ਨੌਬਤ ਤਾਂ ਆਈ ਕਿਉਂਕਿ ਇਸ ਵੀਜ਼ਾ ਪ੍ਰਣਾਲੀ ਵਿੱਚ ਕਈ ਕੁੰਢੀਆਂ ਅਜਿਹੀਆਂ ਹਨ ਜਿੰਨ੍ਹਾਂ ਨੂੰ ਸੁਲਝਾ ਕੇ ਅਮਰੀਕੀ ਨਾਗਰਿਕਤਾ ਲੈਣ ਦਾ ਸੁਪਨਾ ਲੈਣ ਵਾਲਿਆਂ ਨੂੰ ਆਉਣ ਵਾਲੇ 150 ਸਾਲ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਸੀ ਪਰ ਨਵੇਂ ਪੇਸ਼ ਕੀਤੇ ਇਸ ਬਿੱਲ ਨਾਲ ਇਹ ਕੁੰਢੀਆਂ ਸਿੱਧੀਆਂ ਹੋ ਜਾਣਗੀਆਂ ਅਤੇ ਗਰੀਨ ਕਾਰਡ ਮਿਲਣਾ ਸੌਖਾ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੱਕ ਅਮਰੀਕਾ ‘ਚ ਵਸੇ 3 ਲੱਖ 95 ਹਜ਼ਾਰ 25 ਵਿਦੇਸ਼ੀ ਨਾਗਰਿਕਾਂ ਵਿੱਚੋਂ 3 ਲੱਖ 6 ਹਜ਼ਾਰ 6 ਸੌ 1 ਭਾਰਤੀ ਉੱਥੇ ਗ੍ਰੀਨ ਕਾਰਡ ਦੀ ਉਡੀਕ ਵਿੱਚ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਰਹੇ ਸਨ। ਇਹ ਖ਼ਬਰ ਜਿਉਂ ਹੀ ਇਨ੍ਹਾਂ ਭਾਰਤੀਆਂ ਤੱਕ ਪਹੁੰਚੀ ਹੈ ਇਨ੍ਹਾਂ ਨੇ ਆਪੋ ਆਪਣੇ ਸਾਧਨਾਂ ਰਾਹੀਂ ਖ਼ਬਰ ਦੀ ਪੁਸਟੀ ਕਰਨ ਤੋਂ ਬਾਅਦ ਆਪਣੇ ਪੇਕੇ ਘਰ ਭਾਰਤ ਫੋਨ ਕਰਕੇ ਖੁਸ਼ਖਬਰੀਆਂ ਵੀ ਦੇ ਦਿੱਤੀਆਂ ਹਨ ਤੇ ਭਾਰਤ ‘ਚ ਬੈਠੇ ਉਨ੍ਹਾਂ ਦਿ ਕਈ ਰਿਸਤੇਦਾਰਾਂ ਨੇ ਵੀ ਉੱਥੇ ਜਾ ਵਸਣ ਦੇ ਪਲੈਨ ਬਣਾ ਲਏ ਹਨ। ਦੱਸ ਦਈਏ ਕਿ ਅਮਰੀਕੀ ਸਰਕਾਰ ਹਰ ਸਾਲ 1ਲੱਖ 40 ਹਜਾਰ ਵਿਦੇਸ਼ੀਆਂ ਨੂੰ ਗ੍ਰੀਨ ਕਾਰਡ ਜਾਰੀ ਕਰਦੀ ਹੈ ਜਿਨ੍ਹਾਂ ਵਿੱਚੋਂ ਰੋਜ਼ਗਾਰ ਦੀ ਤਲਾਸ਼ ਵਿੱਚ ਐਚ-1 ਬੀ ਵੀਜ਼ਾ ਅਤੇ ਐਲ ਵੀਜ਼ਾ ‘ਤੇ ਉੱਥੇ ਆਏ ਪਰਵਾਸੀ ਗ੍ਰੀਨ ਕਾਰਡ ਲੈਣ ਲਈ ਬੇਨਤੀ ਪੱਤਰ ਦੇ ਸਕਦੇ ਹਨ।