ਅਨਾਜ ਫਸਲਾਂ ਦੇ ਨਾਲ-ਨਾਲ ਦਾਲਾਂ ਅਤੇ ਤੇਲ ਬੀਜ ਕਿਸਮਾਂ ਦੇ ਉਤਪਾਦਨ ਦੀ ਲੋੜ : ਡਾ ਰਾਜ ਬਹਾਦਰ

TeamGlobalPunjab
6 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਫਰੀਦਕੋਟ ਸਥਿਤ ਖੇਤਰੀ ਖੋਜ ਕੇਂਦਰ ਦਾ ਕਿਸਾਨ ਮੇਲਾ ਅੱਜ ਕਿਸਾਨਾਂ ਨੂੰ ਆਨਲਾਈਨ ਹਾੜੀ ਦੀਆਂ ਫਸਲਾਂ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਸਫਲਤਾ ਨਾਲ ਨੇਪਰੇ ਚੜਿਆ। ਇਸ ਮੇਲੇ ਵਿੱਚ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਡਾ. ਰਾਜ ਬਹਾਦਰ ਹੋਰਾਂ ਨੇ ਮੁੱਖ ਮਹਿਮਾਨ ਬਣਨ ਦਾ ਮੌਕਾ ਦੇਣ ਲਈ ਪੀ.ਏ.ਯੂ. ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਪੰਜਾਬ ਨੇ ਸਾਰੇ ਦੇਸ਼ ਦਾ ਢਿੱਡ ਭਰਨ ਲਈ ਅੰਨ ਪੈਦਾ ਕੀਤਾ ਤੇ ਇਸਦੀ ਤਕਨੀਕੀ ਅਗਵਾਈ ਪੀ.ਏ.ਯੂ. ਨੇ ਕੀਤੀ। ਉਹਨਾਂ ਕਿਹਾ ਕਿ ਬਚਪਨ ਵਿੱਚ ਉਹਨਾਂ ਦੇਖਿਆ ਹੈ ਕਿ ਅਮਰੀਕਾ ਤੋਂ ਆਈ ਕਣਕ ਲੋਕਾਂ ਨੂੰ ਖਾਣ ਲਈ ਦਿੱਤੀ ਜਾਂਦੀ ਸੀ ਪਰ ਹਰੀ ਕ੍ਰਾਂਤੀ ਨਾਲ ਦੇਸ਼ ਅਨਾਜ ਪੱਖੋਂ ਸਵੈ-ਨਿਰਭਰ ਹੋਇਆ ਹੈ। ਪੀ.ਏ.ਯੂ. ਸਦਕਾ ਹੀ ਇਹ ਹਰੀ ਕ੍ਰਾਂਤੀ ਸੰਭਵ ਹੋਈ। ਡਾ. ਰਾਜ ਬਹਾਦਰ ਸਿੰਘ ਨੇ ਦੱਸਿਆ ਕਿ ਕੋਵਿਡ ਦੀ ਪੰਜਾਬ ਵਿੱਚ ਸ਼ੁਰੂਆਤ ਦੇ ਮੌਕੇ ਪੀ.ਏ.ਯੂ. ਨੇ ਬਾਬਾ ਫਰੀਦ ਯੂਨੀਵਰਸਿਟੀ ਨਾਲ ਸਹਿਯੋਗ ਕੀਤਾ ਜਿਸ ਸਦਕਾ ਕੋਵਿਡ ਦੇ ਟੈਸਟ ਕੀਤੇ ਜਾਣੇ ਸੰਭਵ ਹੋਏ। ਡਾ. ਰਾਜ ਬਹਾਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਅਨਾਜ ਉਤਪਾਦਨ ਦੇ ਮਾਮਲੇ ਵਿੱਚ ਦੇਸ਼ ਵਿੱਚ ਹੀ ਨਹੀਂ ਦੁਨੀਆਂ ਵਿੱਚ ਸਿਖਰ ਦਾ ਸਥਾਨ ਹਾਸਲ ਕੀਤਾ ਹੈ। ਇਹ ਸਾਰਾ ਕੁਝ ਪੀ.ਏ.ਯੂ. ਤੋਂ ਬਿਨਾਂ ਸੰਭਵ ਨਹੀਂ ਹੋ ਸਕਣਾ ਸੀ ਇਸ ਲਈ ਇਸ ਦੇਸ਼ ਦੀ ਅੰਨਦਾਤਾ ਸੰਸਥਾ ਵਜੋਂ ਪੀ.ਏ.ਯੂ. ਦਾ ਜ਼ਿਕਰ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਅਨਾਜ ਫਸਲਾਂ ਦੇ ਨਾਲ-ਨਾਲ ਦਾਲਾਂ ਅਤੇ ਤੇਲ ਬੀਜ ਕਿਸਮਾਂ ਦੇ ਉਤਪਾਦਨ ਦੀ ਲੋੜ ਹੈ ਤਾਂ ਜੋ ਵਸੋਂ ਦੀਆਂ ਪੋਸ਼ਣ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਹੋ ਸਕੇ। ਉਹਨਾਂ ਕਿਹਾ ਕਿ ਇਸ ਮੇਲੇ ਦੀ ਕਾਮਯਾਬੀ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਲੱਖਾਂ ਕਿਸਾਨਾਂ ਨੇ ਪਿਛਲੇ ਮੇਲਿਆਂ ਵਿੱਚ ਆਨਲਾਈਨ ਜੁੜ ਕੇ ਖੇਤੀ ਦੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਜੀਵ ਵਿਗਿਆਨ ਅਤੇ ਪੌਦਾ ਵਿਗਿਆਨ ਨੂੰ ਬਰਾਬਰ ਦੇ ਮਹੱਤਵ ਵਾਲੇ ਖੇਤਰ ਕਿਹਾ ਅਤੇ ਪੀ.ਏ.ਯੂ. ਵੱਲੋਂ ਬੀਤੇ ਸਾਲਾਂ ਵਿੱਚ ਇਜਾਦ ਕੀਤੀਆਂ ਕਿਸਮਾਂ ਦੀ ਪ੍ਰਸ਼ੰਸਾ ਕੀਤੀ। ਡਾ. ਰਾਜ ਬਹਾਦਰ ਸਿੰਘ ਨੇ ਕਿਹਾ ਕਿ ਕਿਸਾਨ ਇਸ ਮੇਲੇ ਤੋਂ ਜਾਣਕਾਰੀ ਹਾਸਲ ਕਰਕੇ ਆਪਣੇ ਕਿੱਤੇ ਵਿੱਚ ਅਪਨਾਉਣ ਤਾਂ ਹੀ ਖੇਤੀ ਖੇਤਰ ਦਾ ਭਲਾ ਹੋ ਸਕੇਗਾ। ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਧਰਤੀ ਨੂੰ ਮਾਂ ਕਹਿ ਕੇ ਸਾਡੇ ਗ੍ਰੰਥਾਂ ਵਿੱਚ ਵਡਿਆਇਆ ਗਿਆ ਹੈ ਇਸਲਈ ਧਰਤੀ ਦੇ ਨਾਲ-ਨਾਲ ਹਵਾ ਅਤੇ ਪਾਣੀ ਦੀ ਸੰਭਾਲ ਲਈ ਕੋਸ਼ਿਸ਼ ਕਰਨਾ ਸਾਡਾ ਫਰਜ਼ ਬਣਦਾ ਹੈ। ਉਹਨਾਂ ਕਿਹਾ ਕਿ ਐਨੀਆਂ ਨੇਮਤਾਂ ਦੇਣ ਵਾਲੀ ਧਰਤੀ ਮਾਂ ਦੀ ਸੰਭਾਲ ਲਈ ਸਾਡਾ ਫਰਜ਼ ਬਣਦਾ ਹੈ ਕਿ ਪਰਾਲੀ ਸਾੜਨ ਦੀ ਥਾਂ ਇਸਨੂੰ ਖੇਤ ਵਿੱਚ ਸੰਭਾਲੀਏ। ਕੋਵਿਡ ਦੇ ਸਮੇਂ ਵਿੱਚ ਸਾਹ ਦੀਆਂ ਬਿਮਾਰੀਆਂ ਵਿੱਚ ਵਾਧੇ ਦਾ ਖਤਰਾ ਅਸੀਂ ਨਹੀਂ ਉਠਾ ਸਕਦੇ ਇਸਲਈ ਸਾਨੂੰ ਪਰਾਲੀ ਦੀ ਸੰਭਾਲ ਲਈ ਸੰਵੇਦਨਸ਼ੀਲ ਹੋਣਾ ਹੀ ਪਵੇਗਾ।

ਇਸ ਤੋਂ ਬਿਨਾਂ ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਨੇ ਆਪਣੇ ਸੰਦੇਸ਼ ਵਿੱਚ ਪਰਾਲੀ ਦੀ ਸੰਭਾਲ ਲਈ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਉਹਨਾਂ ਨੇ ਇਸ ਸੰਬੰਧੀ ਮਸ਼ੀਨਰੀ ਦੀਆਂ ਲੋੜਾਂ ਨੂੰ ਕਿਰਾਏ ਤੇ ਲੈ ਕੇ ਜਾਂ ਸਾਂਝੇ ਰੂਪ ਵਿੱਚ ਵਰਤ ਕੇ ਪਰਾਲੀ ਸੰਭਾਲਣ ਦੀ ਜਾਗਰੂਕਤਾ ਫੈਲਾਉਣ ਲਈ ਕਿਹਾ।

ਇਸ ਮੌਕੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਹਾੜੀ ਦੀਆਂ ਫਸਲਾਂ ਸੰਬੰਧੀ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ । ਉਹਨਾਂ ਨੇ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਮਸ਼ੀਨਰੀ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਦਾ ਜ਼ਿਕਰ ਕੀਤਾ । ਉਹਨਾਂ ਨੇ ਕਣਕ ਦੀਆਂ ਨਵੀਆਂ ਕਿਸਮਾਂ ਪੀ.ਬੀ.ਡਬਲਯੂ-869, ਪੀ.ਬੀ.ਡਬਲਯੂ-824 ਅਤੇ ਬਰਸੀਮ ਦੀ ਨਵੀਂ ਕਿਸਮ ਬੀ ਐੱਲ-44 ਦੇ ਨਾਲ ਜਵੀ ਦੀ ਨਵੀਂ ਕਿਸਮ ਓ ਐੱਲ-15 ਅਤੇ ਚਾਰੇ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ ਨਾਲ ਹੀ ਉਹਨਾਂ ਨੇ ਸਬਜ਼ੀਆਂ ਵਿੱਚ ਗਾਜਰਾਂ ਦੀਆਂ ਨਵੀਆਂ ਕਿਸਮਾਂ, ਖਰਬੂਜ਼ੇ ਵਿੱਚ ਪੰਜਾਬ ਸਾਰਦਾ ਅਤੇ ਖੀਰੇ ਦੀ ਨਵੀਂ ਕਿਸਮ ਪੀ ਕੇ ਐੱਚ-11 ਦਾ ਜ਼ਿਕਰ ਕੀਤਾ । ਇਸ ਤੋਂ ਬਿਨਾਂ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਦਾ ਜ਼ਿਕਰ ਖੇਤੀ ਜੰਗਲਾਤ ਦੇ ਪੱਖ ਤੋਂ ਕੀਤਾ ਗਿਆ । ਖੇਤੀ ਮਸ਼ੀਨਰੀ ਵਿੱਚ ਡਾ. ਬੈਂਸ ਨੇ ਪੀ.ਏ.ਯੂ. ਸਮਾਰਟ ਸੀਡਰ ਦੀ ਸਿਫ਼ਾਰਸ਼ ਸਾਹਮਣੇ ਲਿਆਂਦੀ ਜੋ ਪਰਾਲੀ ਦਾ ਕੁਝ ਹਿੱਸਾ ਜ਼ਮੀਨ ਵਿੱਚ ਵਾਹੁੰਦਾ ਹੈ ਅਤੇ ਬਾਕੀ ਪਰਾਲੀ ਨੂੰ ਮਲਚ ਦੇ ਤੌਰ ਤੇ ਵਿਛਾ ਦਿੰਦਾ ਹੈ । ਉਤਪਾਦਨ ਤਕਨੀਕਾਂ ਵਿੱਚ ਉਹਨਾਂ ਨੇ ਛੋਲਿਆਂ ਦੇ ਦਾਣਿਆਂ ਵਿੱਚ ਜ਼ਿੰਕ ਦਾ ਵਾਧਾ ਆਦਿ ਬਾਰੇ ਸਿਫ਼ਾਰਸ਼ਾਂ ਸਾਹਮਣੇ ਲਿਆਂਦੀਆਂ । ਇਸੇ ਤਰਾਂ ਡਾ. ਬੈਂਸ ਨੇ ਪੌਦ ਸੁਰੱਖਿਆ ਤਕਨੀਕਾਂ ਸੰਬੰਧੀ ਨਵੀਆਂ ਸਿਫ਼ਾਰਸ਼ਾਂ ਬਾਰੇ ਜਾਣਕਾਰੀ ਸਾਂਝੀ ਕੀਤੀ ।

ਮੇਲੇ ਦੇ ਆਰੰਭ ਵਿੱਚ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਇਹ ਮੇਲੇ ਹਕੀਕੀ ਮੇਲਿਆਂ ਦਾ ਬਦਲ ਨਹੀਂ ਪਰ ਮਹਾਂਮਾਰੀ ਸਮੇਂ ਇੱਕ ਜ਼ਰੂਰਤ ਦੀ ਪੂਰਤੀ ਕਰਦੇ ਹਨ । ਉਹਨਾਂ ਨੇ ਕਿਹਾ ਕਿ ਪੀ.ਏ.ਯੂ. ਦੀ ਤਰਜ਼ ਤੇ ਹੁਣ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਐਸੇ ਮੇਲੇ ਆਯੋਜਿਤ ਕੀਤੇ ਹਨ। ਪਿਛਲੇ ਮੇਲੇ ਵਿੱਚ 5 ਲੱਖ ਤੋਂ ਵਧੇਰੇ ਕਿਸਾਨ ਮੇਲੇ ਨਾਲ ਜੁੜੇ ਸਨ। ਇਸ ਵਾਰ ਇਹ ਗਿਣਤੀ ਹੋਰ ਵਧਣ ਦੀ ਆਸ ਹੈ। ਡਾ, ਮਾਹਲ ਨੇ ਕਿਹਾ ਕਿ ਕਿਸਾਨਾਂ ਦਾ ਉਤਸ਼ਾਹ ਹਕੀਕੀ ਮੇਲਿਆਂ ਵਰਗਾ ਹੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਫੋਨ ਲਗਾਤਾਰ ਇਹਨਾਂ ਮੇਲਿਆਂ ਸੰਬੰਧੀ ਪੁੱਛਗਿੱਛ ਕਰਨ ਲਈ ਆ ਰਹੇ ਹਨ। ਉਹਨਾਂ ਕਿਹਾ ਕਿ ਵਰਚੁਅਲ ਮੇਲਿਆਂ ਨੇ ਇੱਕ ਚੰਗਾ ਕੰਮ ਇਹ ਕੀਤਾ ਹੈ ਕਿ ਵਿੱਥ ਦਾ ਕੋਈ ਅਰਥ ਨਹੀਂ ਰਿਹਾ ਸਾਰੀ ਦੁਨੀਆਂ ਦੇ ਲੋਕ ਮੇਲਿਆਂ ਦੀਆਂ ਗਤੀਵਿਧੀਆਂ ਨੂੰ ਦੇਖ ਸਕਦੇ ਹਨ। ਨਾਲ ਹੀ ਡਾ. ਮਾਹਲ ਨੇ ਪੀ.ਏ.ਯੂ. ਦੇ ਮੇਲਿਆਂ ਦੀ ਰੂਪ-ਰੇਖਾ ਅਤੇ ਮੁੱਖ ਆਕਰਸ਼ਣਾਂ ਦਾ ਵੀ ਜ਼ਿਕਰ ਕੀਤਾ। ਅੰਤ ਵਿੱਚ ਖੇਤਰੀ ਖੋਜ ਕੇਂਦਰ ਫਰੀਦਕੋਟ ਦੇ ਨਿਰਦੇਸ਼ਕ ਡਾ. ਪੰਕਜ ਰਾਠੌਰ ਨੇ ਸਭ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਇਸ ਮੇਲੇ ਵਿੱਚ ਕਿਸਾਨਾਂ ਲਈ ਆਨਲਾਈਨ ਵਿਚਾਰ-ਵਟਾਂਦਰਾਂ ਸ਼ੈਸਨਾਂ ਦਾ ਪ੍ਰਬੰਧ ਕੀਤਾ ਗਿਆ ਸੀ। ਹਾੜੀ ਦੀਆਂ ਫਸਲਾਂ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਕਿਸਾਨਾਂ ਦੇ ਸਵਾਲਾਂ ਦੇ ਜੁਆਬ ਵੀ ਦਿੱਤੇ।

Share This Article
Leave a Comment