ਚੰਡੀਗੜ੍ਹ : ਪੰਜਾਬ ਅੰਦਰ ਪਿਛਲੇ ਸਮੇਂ ‘ਚ ਚੱਲੀ ਖਾੜਕੂਵਾਦ ਲਹਿਰ ਸਮੇਂ ਅੱਠ ਹਜ਼ਾਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਜਾਂ ਕਿਸੇ ਹੋਰ ਢੰਗ ਨਾਲ ਮਾਰ ਦਿੱਤਾ ਗਿਆ ਸੀ। ਜਿਸ ਦਾ ਦੋਸ਼ ਕਿਸੇ ਹੋਰ ‘ਤੇ ਨਹੀਂ ਬਲਕਿ ਪੁਲਿਸ ‘ਤੇ ਲਗਦਾ ਹੈ। ਇਸ ਨੂੰ ਲੈ ਕੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਲੋਕ ਹਿੱਤ ਪਟੀਸ਼ਨ ‘ਤੇ ਸੁਣਵਾਈ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਨੁੱਖੀ ਅਧਿਕਾਰਾਂ ਦੇ ਰਾਖੇ ਵਕੀਲ ਆਰ ਐਸ ਬੈਂਸ ਨੇ ਕਈ ਅਹਿਮ ਖੁਲਾਸੇ ਕੀਤੇ।
ਉਨ੍ਹਾਂ ਕੇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਸਤਨਾਮ ਸਿੰਘ ਬੈਂਸ, ਜਗਜੀਤ ਸਿੰਘ ਅਤੇ ਹੋਰਨਾਂ ਵਕੀਲਾਂ ਨੇ ਖਾੜਕੂਵਾਦ ਦੌਰ ਦੇ ਦਸ ਸਾਲਾਂ ਦੇ ਅੰਕੜੇ ਇਕੱਠੇ ਕੀਤੇ ਹਨ ਜਿਸ ਵਿੱਚ ਇਹ ਪਾਇਆ ਗਿਆ ਕਿ ਪੁਲਸ ਨੇ ਅੱਠ ਹਜ਼ਾਰ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਖ਼ਤਮ ਕੀਤਾ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਵਾਉਣ ਅਤੇ ਸਬੰਧਿਤ ਪੁਲਸ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਹਾਈਕੋਰਟ ਵਿਚ ਇਹ ਕੇਸ ਕੀਤਾ ਗਿਆ ਸੀ।
ਵਕੀਲ ਆਰ ਐਸ ਬੈਂਸ ਨੇ ਦੱਸਿਆ ਕਿ ਇਹ ਕੇਸ ਪਿਛਲੇ 30 ਸਾਲ ਦਾ ਪੂਰਾ ਇਤਿਹਾਸ ਹੈ। ਉਨ੍ਹਾਂ ਦੱਸਿਆ ਕਿ ਵਕੀਲ ਜਗਜੀਤ ਸਿੰਘ ਅਤੇ ਸਤਨਾਮ ਸਿੰਘ ਬੈਂਸ ਨੇ ਇਕੱਠੇ ਮਿਹਨਤ ਕਰਕੇ ਅੱਠ ਹਜ਼ਾਰ ਅਜਿਹੇ ਕੇਸ ਲੱਭੇ ਜਿਹੜੇ ਕਿ ਜਾਂ ਤਾਂ ਖਾੜਕੂਵਾਦ ਸਮੇਂ ਦੌਰਾਨ ਮਾਰੇ ਗਏ ਤੇ ਜਾਂ ਫਿਰ ਲੱਭੇ ਹੀ ਨਹੀਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਸਾਂ ‘ਚ ਕੋਈ ਵੀ ਐਫਆਈਆਰ ਦਰਜ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਅਗਲੀ ਤਾਰੀਖ 22 ਅਪ੍ਰੈਲ ਨੂੰ ਹੋਵੇਗੀ।