ਹੁਣ ਕੈਨੇਡੀਅਨ ਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਨ ‘ਚ ਆਉਣਗੀਆਂ ਮੁਸ਼ਕਿਲਾਂ

TeamGlobalPunjab
2 Min Read

ਨਿਊਯਾਰਕ: ਕੈਨੇਡੀਅਨ ਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਪਾਰ ਕਰਨ ਲਈ ਘੰਟਿਆਂ ਤੱਕ ਲੰਬੀ ਉਡੀਕ ਕਰਨੀ ਪੈ ਸਕਦੀ ਹੈ ਕਿਉਂਕਿ ਡੋਨਲਡ ਟਰੰਪ ਸਰਕਾਰ ਵੱਲੋਂ ਸੈਂਕੜੇ ਬਾਰਡਰ ਏਜੰਟਾਂ ਨੂੰ ਕੈਨੇਡਾ ਤੋਂ ਮੈਕਸੀਕੋ ਦੀ ਸਰਹੱਦ ‘ਤੇ ਭੇਜਿਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗੈਰਕਾਨੂੰਨੀ ਪ੍ਰਵਾਸੀਆਂ ਦੀ ਲਗਾਤਾਰ ਆਮਦ ਦੇ ਮੱਦੇਨਜ਼ਰ ਅਮਰੀਕਾ ਨੇ 731 ਬਾਰਡਰ ਏਜੰਟਾਂ ਨੂੰ ਮੈਕਸੀਕੋ ਦੀ ਸਰਹੱਦ ‘ਤੇ ਤਾਇਨਾਤ ਕਰਨ ਦਾ ਫੈਸਲਾ ਲਿਆ ਪਰ ਇਸ ਨਾਲ ਅਮਰੀਕਾ ਦੇ ਉੱਤਰੀ ਰਾਜਾਂ ਵਿਚਲੇ ਕਾਰੋਬਾਰੀ ਕਾਫੀ ਘਬਰਾਏ ਹੋਏ ਹਨ ਜਿਨਾਂ ਦੀ ਜ਼ਿਆਦਾਤਰ ਸਲਾਨਾ ਕਮਾਈ ਗਰਮੀਆਂ ਦੇ ਮੌਸਮ ‘ਚ ਕੈਨੇਡਾ ਤੋਂ ਆਉਣ ਵਾਲੇ ਸੈਲਾਨੀਆਂ ‘ਤੇ ਨਿਰਭਰ ਕਰਦੀ ਹੈ।

9/11 ਨੂੰ ਵਰਲਡ ਟਰੇਡ ਸੈਂਟਰ ‘ਤੇ ਹੋਏ ਅੱਤਵਾਦੀ ਹਮਲੇ ਤੋਂ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੀ 8891 ਕਿਲੋਮੀਟਰ ਲੰਮੀ ਸਰਹੱਦ ‘ਤੇ ਜ਼ਿਆਦਾ ਰੋਕਾਂ ਨਹੀਂ ਸੀ ਪਰ ਇਸ ਹੌਲਨਾਕ ਘਟਨਾ ਮਗਰੋਂ ਸਰਹੱਦੀ ਸੁਰੱਖਿਆ ਸਖਤ ਕਰ ਦਿੱਤੀ ਗਈ। ਹੁਣ ਬਾਰਡਰ ਏਜੰਟਾਂ ਦੀ ਕਮੀ ਕਾਰਨ ਕੈਨੇਡੀਅਨ ਲੋਕਾਂ ਦੇ ਲਾਂਘੇ ‘ਚ ਲੱਗਣ ਵਾਲਾ ਸਮਾਂ ਕਿਤੇ ਜ਼ਿਆਦਾ ਵਧ ਜਾਵੇਗਾ ਅਤੇ ਵੱਡੀ ਗਿਣਤੀ ‘ਚ ਲੋਕ ਅਮਰੀਕਾ ਜਾਣ ਦੀ ਯੋਜਨਾ ਰੱਦ ਵੀ ਕਰ ਸਕਦੇ ਹਨ।

ਨਿਊਯਾਰਕ ਦੇ ਪਲੈਟਸਬਰਗ ਸਥਿਤ ਨੌਰਥ ਕੰਟਰੀ ਚੈਂਬਰ ਆਫ ਕਾਮਰਸ ਨਾਲ ਸਬੰਧਤ ਗੈਰੀ ਡਗਲਸ ਦਾ ਕਹਿਣਾ ਸੀ ਕਿ ਕੈਨੇਡਾ ਤੋਂ ਆਉਣ ਵਾਲੇ ਗਾਹਕ ਇਸ ਖਿਤੇ ਦੀ ਆਰਥਿਕਤਾ ‘ਚ ਵੱਡਾ ਯੋਗਦਾਨ ਪਾਉਂਦੇ ਹਨ। ਇਕ ਅੰਦਾਜ਼ ਮੁਤਾਬਕ ਗਰਮੀਆਂ ਦੇ ਮੌਸਮ ‘ਚ ਕੈਨੇਡੀਅਨ ਲੋਕ ਰੋਜ਼ਾਨਾ 1.6 ਅਰਬ ਡਾਲਰ ਮੁੱਲ ਦੀਆਂ ਵਸਤਾਂ ਖਰੀਦ ਕੇ ਲੈ ਜਾਂਦੇ ਹਨ ਪਰ ਆਵਾਜਾਈ ‘ਚ ਅੜਿੱਕਾ ਪੈਣ ‘ਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਤਵ ਹੋਵੇਗਾ। ਦੱਸਣਯੋਗ ਹੈ ਕਿ ਅਮਰੀਕੀ ਕਾਂਗਰਸ ਦੇ 13 ਮੈਬਰਾਂ ਨੇ ਪਿਛਲੇ ਹਫਤੇ ਗ੍ਰਹਿ ਸੁਰੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਬਾਰਡਰ ਏਜੰਟਾਂ ਦੇ ਤਬਾਦਲੇ ਨਾਲ ਪੈਣ ਵਾਲੇ ਅਸਰਾਂ ਦਾ ਜ਼ਿਕਰ ਕੀਤਾ ਸੀ ਪਰ ਸੰਭਾਵਤ ਤੌਰ ‘ਤੇ ਇਨ੍ਹਾਂ ਚਿੰਤਾਵਾਂ ਵੱਲ ਧਿਆਨ ਨਹੀਂ ਦਿੱਤਾ ਗਿਆ।

Share this Article
Leave a comment