ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਸਮਾਪਤ

TeamGlobalPunjab
3 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਉਣੀ ਦੀਆਂ ਫ਼ਸਲਾਂ ਲਈ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਦਿਨਾਂ ਵਰਕਸ਼ਾਪ ਅੱਜ ਇੱਥੇ ਸਮਾਪਤ ਹੋ ਗਈ। ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਦੇ ਵਿਗਿਆਨੀਆਂ, ਪਸਾਰ ਮਾਹਿਰਾਂ ਅਤੇ ਅਫ਼ਸਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਵਾਲੀ ਇਸ ਵਰਕਸ਼ਾਪ ਵਿੱਚ ਸਾਉਣੀ ਦੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਖੇਤਾਂ ਵਿੱਚ ਚੱਲ ਰਹੇ ਤਜਰਬਿਆਂ, ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਉਪਰ ਭਰਪੂਰ ਚਰਚਾ ਹੋਈ।
ਪੀ.ਏ.ਯੂ. ਵੱਲੋਂ ਸਾਉਣੀ ਦੀਆਂ ਫ਼ਸਲਾਂ ਲਈ ਨਵੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਵਿੱਚ ਝੋਨੇ ਦੀਆਂ ਤਿੰਨ ਨਵੀਆਂ ਕਿਸਮਾਂ ਆਰ ਪੀ ਆਰ 128, ਪੀ ਆਰ 129, ਐਚ ਕੇ ਆਰ-47 ਦੇ ਨਾਲ-ਨਾਲ ਮੱਕੀ ਦੀ ਕਿਸਮ ਜੇ ਸੀ-12 ਅਤੇ ਮੂੰਗਫਲੀ ਦੀ ਕਿਸਮ ਜੇ-87, ਬਾਜਰੇ ਦੀ ਕਿਸਮ ਪੀ ਸੀ ਬੀ-165 ਅਤੇ ਚਾਰੇ ਵਾਲੀ ਮੱਕੀ ਜੇ-1007 ਪ੍ਰਮੁੱਖ ਤੌਰ ਤੇ ਸਾਹਮਣੇ ਆਈਆਂ। ਇਸ ਤੋਂ ਇਲਾਵਾ ਉਤਪਾਦਨ ਤਕਨੀਕਾਂ ਅਤੇ ਸੁਰੱਖਿਆ ਤਕਨਾਲੋਜੀ ਦੀਆਂ ਸਿਫ਼ਾਰਸ਼ਾਂ ਵੀ ਜਾਰੀ ਕੀਤੀਆਂ ਗਈਆਂ।


ਇਸ ਵਰਕਸ਼ਾਪ ਦੇ ਦੂਸਰੇ ਦਿਨ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਉਨ੍ਹਾਂ ਕਿਹਾ ਕਿ ਖੋਜ ਅਤੇ ਪਸਾਰ ਸੰਸਥਾਵਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ । ਬਿਨਾਂ ਸ਼ੱਕ ਬਹੁਤ ਚੁਣੌਤੀਆਂ ਹਾਲੇ ਸਾਡੇ ਸਾਹਮਣੇ ਹਨ ਜਿਨ੍ਹਾਂ ਵਿੱਚ ਕੁਦਰਤੀ ਸੋਮੇ ਅਤੇ ਮੌਸਮੀ ਤਬਦੀਲੀਆਂ ਆਦਿ ਸ਼ਾਮਲ ਹਨ । ਉਹਨਾਂ ਨੇ ਵਰਕਸ਼ਾਪ ਦੌਰਾਨ ਸਾਰਥਕ ਰੂਪ ਵਿੱਚ ਹੋਈ ਵਿਚਾਰ ਚਰਚਾ ਉਪਰ ਤਸੱਲੀ ਪ੍ਰਗਟ ਕੀਤੀ ਅਤੇ ਖੇਤੀਬਾੜੀ ਨਾਲ ਜੁੜੇ ਬਾਹਰਲੇ ਵਿਭਾਗਾਂ ਤੋਂ ਆਏ ਖੇਤੀ ਮਾਹਿਰਾਂ ਅਤੇ ਖੇਤੀ ਅਫ਼ਸਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਲਗਾਤਾਰ ਖੇਤੀ ਖੇਤਰ ਵਿੱਚ ਤਬਦੀਲੀਆਂ ਵਾਪਰ ਰਹੀਆਂ ਹਨ, ਸਾਨੂੰ ਵੀ ਇਨ੍ਹਾਂ ਨਾਲ ਨਜਿੱਠਣ ਲਈ ਨਵੀਆਂ ਤਕਨੀਕਾਂ ਅਤੇ ਪੀ.ਏ.ਯੂ. ਦੀਆਂ ਖੇਤੀ ਸਿਫ਼ਾਰਸ਼ਾਂ ਨੂੰ ਪੰਜਾਬ ਦੇ ਕਿਸਾਨ ਤੱਕ ਪਸਾਰਨਾ ਹੋਵੇਗਾ।


ਜ਼ਿਕਰਯੋਗ ਹੈ ਕਿ ਇਸ ਦੋ ਦਿਨਾਂ ਵਰਕਸ਼ਾਪ ਵਿੱਚ ਖੋਜ ਖੇਤਰਾਂ ਦੇ ਦੌਰੇ ਤੋਂ ਬਿਨਾਂ ਚਾਰ ਅਲੱਗ-ਅਲੱਗ ਸੈਸ਼ਨ ਸਨ ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੇ ਖੇਤੀ ਨਾਲ ਜੁੜੀ ਆਰਥਿਕਤਾ ਬਾਰੇ ਵੱਖੋ-ਵੱਖਰੇ ਨੁਕਤਿਆਂ ਤੋਂ ਆਪਣੀਆਂ ਪੇਸ਼ਕਾਰੀਆਂ ਅਤੇ ਵਿਚਾਰ ਦਿੱਤੇ। ਇਹਨਾਂ ਤਕਨੀਕੀ ਸੈਸ਼ਨਾਂ ਵਿੱਚ ਪੇਸ਼ ਨੁਕਤਿਆਂ ਉਪਰ ਡੱਟ ਕੇ ਵਿਚਾਰ ਚਰਚਾ ਹੋਈ ਅਤੇ ਆਉਂਦੇ ਸਾਉਣੀ ਸੀਜ਼ਨ ਦੌਰਾਨ ਚੰਗੇ ਖੇਤੀ ਉਤਪਾਦਨ ਲਈ ਬਹੁਤ ਸਾਰੀਆਂ ਧਾਰਨਾਵਾਂ ਨਿੱਤਰ ਕੇ ਸਾਹਮਣੇ ਆਈਆਂ।
ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲੇ ਪਸਾਰ ਮਾਹਿਰਾਂ ਨੂੰ ਵੱਖ-ਵੱਖ ਵਿਭਾਗਾਂ ਦਾ ਦੌਰਾ ਕਰਵਾਇਆ ਗਿਆ। ਵਰਕਸ਼ਾਪ ਦੇ ਸਮਾਪਤੀ ਸਮਾਗਮ ਦੀ ਸਮੁੱਚੀ ਕਾਰਵਾਈ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਬਾਖੂਬੀ ਚਲਾਈ।

Share this Article
Leave a comment