ਨਵੀਂ ਦਿੱਲੀ: ਨੈਨੀਤਾਲ ‘ਚ ਸੀਨੀਅਰ ਕਾਂਗਰਸੀ ਨੇਤਾ ਸਲਮਾਨ ਖੁਰਸ਼ੀਦ ਦੇ ਘਰ ‘ਤੇ ਅੱਗਜ਼ਨੀ ਅਤੇ ਪਥਰਾਅ ਹੋਇਆ ਹੈ। ਕਾਂਗਰਸੀ ਆਗੂ ਨੇ ਇਸ ਘਟਨਾ ਦੀ ਜਾਣਕਾਰੀ ਫੇਸਬੁੱਕ ‘ਤੇ ਸਾਂਝੀ ਕੀਤੀ ਹੈ। ਦੱਸ ਦਈਏ ਕਿ ਸਲਮਾਨ ਖੁਰਸ਼ੀਦ ਆਪਣੀ ਕਿਤਾਬ ‘ਸਨਰਾਈਜ਼ ਓਵਰ ਅਯੁੱਧਿਆ’ ਨੂੰ ਲੈ ਕੇ ਕਾਫੀ ਵਿਵਾਦਾਂ ‘ਚ ਹਨ। ਆਪਣੀ ਕਿਤਾਬ ਵਿੱਚ ਉਨ੍ਹਾਂ ਨੇ ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨਾਂ ਆਈਐਸਆਈਐਸ ਅਤੇ ਬੋਕੋ ਹਰਮ ਨਾਲ ਕੀਤੀ ਹੈ ਅਤੇ ਹਿੰਦੂਤਵ ਦੀ ਰਾਜਨੀਤੀ ਨੂੰ ਖ਼ਤਰਨਾਕ ਦੱਸਿਆ ਹੈ।
ਫੇਸਬੁੱਕ ‘ਤੇ ਘਟਨਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸਲਮਾਨ ਖੁਰਸ਼ੀਦ ਨੇ ਕਿਹਾ, ਕੀ ਮੈਂ ਅਜੇ ਵੀ ਗਲਤ ਹਾਂ? ਕੀ ਇਹ ਹਿੰਦੂਤਵ ਹੋ ਸਕਦਾ ਹੈ? ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸ਼ਾਹਜਹਾਂਪੁਰ ‘ਚ VHP ਨੇ ਸਲਮਾਨ ਖੁਰਸ਼ੀਦ ਦਾ ਪੁਤਲਾ ਫੂਕਿਆ ਸੀ। ਇੰਨਾ ਹੀ ਨਹੀਂ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਖੁਰਸ਼ੀਦ ਦੀ ਜੀਭ ਕੱਟਣ ਦੀ ਧਮਕੀ ਵੀ ਦਿੱਤੀ ਸੀ। ਇਸ ਦੌਰਾਨ ਵੀਐਚਪੀ ਵਰਕਰਾਂ ਨੇ ਕਿਹਾ ਸੀ ਕਿ ਅਜਿਹੇ ਲੋਕਾਂ ਨੂੰ ਪਾਕਿਸਤਾਨ ਭੇਜਿਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਇਸ ‘ਤੇ ਸਲਮਾਨ ਖੁਰਸ਼ੀਦ ਨੇ ਆਪਣੇ ਸਪੱਸ਼ਟੀਕਰਨ ‘ਚ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਹਿੰਦੂਤਵ ਦੀ ਤੁਲਨਾ ਅੱਤਵਾਦੀ ਸੰਗਠਨਾਂ ਨਾਲ ਨਹੀਂ ਕੀਤੀ, ਪਰ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਭਾਜਪਾ ਸਮਰਥਕ ਧਰਮ ਦੀ ਦੁਰਵਰਤੋਂ ਕਰਦੇ ਹਨ ਅਤੇ ਇਸ ਲਈ ਉਹ ਇਸਲਾਮ ਦੀ ਦੁਰਵਰਤੋਂ ਕਰਨ ਵਾਲਿਆਂ ਵਰਗੇ ਹਨ। ਉਨ੍ਹਾਂ ਕਿਹਾ ਕਿ ਮੈਂ ਹਿੰਦੂ ਧਰਮ ਦੀ ਤਾਰੀਫ ਕਰ ਰਿਹਾ ਹਾਂ। ਮੈਨੂੰ ਉਸ ‘ਤੇ ਇਤਰਾਜ਼ ਹੈ ਕਿ ਉਹ ਹਿੰਦੂ ਧਰਮ ਦੀ ਦੁਰਵਰਤੋਂ ਕਰ ਰਿਹਾ ਹੈ।