ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਮਿਲਿਆ ਚੋਣ ਨਿਸ਼ਾਨ ‘ ਟੈਲੀਫੋਨ ‘

TeamGlobalPunjab
2 Min Read

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਨੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀ ਨੂੰ ਟੈਲੀਫੋਨ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਸ: ਮਨਿੰਦਰਪਾਲ ਸਿੰਘ ਬਰਾੜ ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਪਾਰਟੀ ਨੂੰ ਮਿਲੇ ਚੋਣ ਨਿਸ਼ਾਨ ਟੈਲੀਫੋਨ ਦੀ ਸੂਚਨਾ ਮੀਡੀਆ ਨੂੰ ਸਾਂਝੀ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਮਿਲਿਆ ਨਵਾਂ ਚੋਣ ਨਿਸ਼ਾਨ ਟੈਲੀਫੋਨ ਸ਼ੁੱਭ ਸ਼ਗੁਨ ਹੈ।

ਮਨਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਟੈਲੀਫੋਨ ਵਿਗਿਆਨ ਦੀ ਸਭ ਤੋਂ ਸ਼ਾਨਦਾਰ ਖੋਜ ਹੈ ਅਤੇ ਟੈਲੀਫੋਨ ਜਿਥੇ ਸਮੁੱਚੇ ਵਿਸ਼ਵ ਦੇ ਵਿਕਾਸ ਵਿੱਚ ਸੰਚਾਰ ਦਾ ਵੱਡਾ ਮਾਧਿਅਮ ਹੈ ਉਥੇ ਹੀ ਟੈਲੀਫੋਨ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਵੀ ਬਿਹਤਰੀਨ ਜਰੀਆ ਹੈ। ਪਾਰਟੀ ਦੀ ਸਮੁੱਚੀ ਲੀਡਰਸਿ਼ਪ ਵੱਲੋਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਮਿਲੇ ਟੈਲੀਫੋਨ ਚੋਣ ਨਿਸ਼ਾਨ `ਤੇ ਖ਼ੁਸੀ ਜਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਪੰਜਾਬ ਦੇ ਲੋਕ ਇਕ ਉਮੀਦ ਦੀ ਕਿਰਨ ਦੇ ਰੂਪ ਵਿੱਚ ਵੇਖ ਰਹੇ ਹਨ ਅਤੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੋਂ ਜੋ ਉਮੀਦਾਂ ਹਨ ਪਾਰਟੀ ਉਨ੍ਹਾਂ `ਤੇ ਖਰਾ ਉਤਰ ਕੇ ਵਿਖਾਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ਨੂੰ ਬਦਹਾਲੀ ਵੱਲ ਧੱਕਣ ਵਾਲੀਆਂ ਸਿਆਸੀ ਪਾਰਟੀਆਂ ਦਾ ਮੁਕਾਬਲਾ ਕਰਨ ਲਈ ਹਾਲ ਹੀ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਨਾਲ ਚੋਣ ਸਮਝੌਤਾ ਕੀਤਾ ਗਿਆ ਹੈ। ਇਸ ਦੌਰਾਨ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਇਕ ਪੰਥਕ ਪਾਰਟੀ ਹੈ ਅਤੇ ਸਾਡਾ ਮੁੱਖ ਮਨੋਰਥ ਪੰਜਾਬ ਦੇ ਰੌਸ਼ਨ ਭਵਿੱਖ ਲਈ ਨਿੱਜੀ ਹਿੱਤਾਂ ਨੂੰ ਲਾਂਭੇ ਕਰਕੇ ਪੰਥ ਅਤੇ ਪੰਜਾਬ ਦੇ ਹੱਕੀ ਮਸਲੇ ਹੱਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਸਮੁੱਚੇ ਪੰਜਾਬ ਵਿੱਚ ਬੂਥ ਪੱਧਰ ਤੱਕ ਦਾ ਜਥੇਬੰਦਕ ਢਾਂਚਾ ਮਜਬੂਤ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪੰਥ ਅਤੇ ਪੰਜਾਬੀ ਵਿਰੋਧੀ ਪਾਰਟੀਆਂ ਦਾ ਡਟ ਕੇ ਮੁਕਾਬਲਾ ਕਰੇਗਾ ਅਤੇ ਇਕ ਵੱਡੀ ਜਿੱਤ ਹਾਸਿਲ ਕਰਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰੇਗਾ।

- Advertisement -

Share this Article
Leave a comment