Breaking News

ਸ਼੍ਰੋਮਣੀ ਅਕਾਲੀ ਦਲ ਨੇ ਰਾਜਪਾਲ ਨੁੰ ਉਹਨਾਂ ਸਾਰੀਆਂ ਥਾਵਾਂ ’ਤੇ ਚੋਣਾਂ ਰੱਦ ਕਰਨ ਦੀ ਅਪੀਲ ਕੀਤੀ ਜਿਥੇ ਵਿਰੋਧੀ ਧਿਰ ਦੇ ਨਾਮਜ਼ਦਗੀ ਪੱਤਰ ਸਮੂਹਿਕ ਤੌਰ ’ਤੇ ਰੱਦ ਕੀਤੇ ਗਏ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੁੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਨੂੰ ਹਦਾਇਤ ਕਰਨ ਕਿ ਉਹਨਾਂ ਸਾਰੀਆਂ ਥਾਵਾਂ ’ਤੇ ਚੋਣਾਂ ਰੱਦ ਕੀਤੀਆਂ ਜਾਣ ਜਿਥੇ ਵਿਰੋਧੀ ਧਿਰ ਦੇ ਨਾਮਜ਼ਦਗੀ ਪੱਤਰ ਸਮੂਹਿਕ ਤੌਰ ’ਤੇ ਰੱਦ ਕੀਤੇ ਗਏ ਹਨ ਤੇ ਪਾਰਟੀ ਨੇ ਉਹਨਾਂ ਤੋਂ ਦਖਲ ਮੰਗਿਆ ਤੇ ਕਿਹਾ ਕਿ ਮਿਉਂਸਪਲ ਚੋਣਾਂ ਆਜ਼ਾਦ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪੈਰਾ ਮਿਲਟਰੀ ਫੋਰਸ ਤਾਇਨਾਤ ਕਰਨੀ ਯਕੀਨੀ ਬਣਾਈ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕੀਤੀ। ਵਫਦ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,  ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਤੇ ਸ੍ਰੀ ਸੁਰਜੀਤ ਸਿੰਘ ਰੱਖੜਾ ਸ਼ਾਮਲ ਸਨ। ਵਫਦ ਨੇ ਉਹਨਾਂ ਨੂੰ ਸੁਬੇ ਵਿਚ ਅਮਨ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਤੋਂ ਜਾਣੂ ਕਰਵਾਇਆ ਤੇ ਕਾਨੂੰਨ ਦਾ ਰਾਜ ਮੁੜ ਬਹਾਲ ਕਰਨ ਲਈ ਉਹਨਾਂ ਦਾ ਦਖਲ ਮੰਗਿਆ।

ਵਫਦ  ਨੇ ਰਾਜਪਾਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ’ਤੇ ਹਾਲਹੀ ਵਿਚ ਜਲਾਲਾਬਾਦ ਵਿਚ ਹੋਏ ਹਮਲੇ ਤੋਂ ਜਾਣੂ ਕਰਵਾਇਆ ਤੇ ਦੱਸਿਆ ਕਿ ਇਸ ਮਾਮਲੇ ਵਿਚ ਹਾਲੇ ਵੀ ਸੂਬਾ ਸਰਕਾਰ ਨੇ ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਸੁਰੱਖਿਆ ਦੇ ਐਸ ਡੀ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕੋਈ ਕਾਰਵਾਈ ਨਹੀਂ ਕੀਤੀ।

ਵਫਦ ਦੇ ਮੈਂਬਰਾਂ ਨੇ ਰਾਜਪਾਲ ਨੁੰ ਇਹ ਵੀ ਕਿਹਾ ਕਿ ਉਹ ਆਪ ਮਹਿਸੂਸ ਕਰ ਸਕਦੇ ਹਨ ਕਿ ਜਦੋਂ ਇਕ ਜ਼ੈਡ ਪਲੱਸ ਸੁਰੱਖਿਆ ਪ੍ਰਾਪਤ ਵਿਅਕਤੀ ਹੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਆਮ ਆਦਮੀ ਦਾ ਕੀ ਹਾਲ ਹੋਵੇਗਾ। ਇਸਨੇ ਰਾਜਪਾਲ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਸੂਬਾ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਸੁਰੱਖਿਆ ਇੰਚਾਰਜ ਵੱਲੋਂ ਕੀਤੀ ਸ਼ਿਕਾਹਿਤ ਦੇ ਆਧਾਰ ’ਤੇ ਕਾਂਗਰਸੀ ਵਿਧਾਇਕ ਤੇ ਉਸਦੇ ਪੁੱਤਰ ਖਿਲਾਫ ਕਾਰਵਾਈ ਕਰਨ ਲਈ ਹਦਾਇਤ ਦੇਣ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਸੂਬਾ ਚੋਣ ਕਮਿਸ਼ਨ ਨੇ ਵੀ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤਿਆਗ ਦਿੱਤੀ ਤੇ ਉਹ ਲੋਕਤੰਤਰੀ ਪ੍ਰਕਿਰਿਆ ਵਿਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਤੁਰੰਤ ਦਖਲ ਦੇਣ। ਉਹਨਾਂ ਇਹ ਵੀ ਦੱਸਿਆ ਕਿ ਜ਼ੀਰਾ, ਗੁਰੂ ਹਰਿਸਹਾਏ, ਮਲੂਕਾ, ਮਹਿਰਾਜ, ਭਾਈ ਰੂਪਾ, ਮੰਡੀ ਗੋਬਿੰਦਗੜ੍ਹ ਤੇ ਫਿਰੋਜ਼ਪੁਰ ਵਿਚ ਵਿਰੋਧੀ ਧਿਰ ਦੇ ਉਮੀਦਵਾਰਾਂ ਦੇ ਕਾਗਜ਼ ਸਮੂਹਿਕ ਤੌਰ ’ਤੇ ਰੱਦ ਕਰ ਦਿੱਤੇ ਗਏ ਹਨ।  ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਸੂਬਾ ਚੋਣ ਕਮਿਸ਼ਨ ਨੂੰ ਇਹਨਾਂ ਥਾਵਾਂ ’ਤੇ ਚੋਣ ਰੱਦ ਕਰਨ ਦੀ ਬੇਨਤੀ ਕੀਤੀ ਸੀ ਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਲਈ ਆਖਿਆ ਸੀ ਪਰ ਸੂਬਾ ਚੋਣ ਕਮਿਸ਼ਨਰ ਨੇ ਇਸ ਮਾਮਲੇ ਵਿਚ ਕੁਝ ਵੀ ਕਰਨ ਵਿਚ ਆਪਣੀ ਬੇਵਸੀ ਦੱਸ ਦਿੱਤੀ।

ਪ੍ਰੋ. ਚੰਦੂਮਾਜਰਾ ਨੇ ਰਾਜਪਾਲਨੂੰ ਅਪੀਲ ਕੀਤੀ ਕਿ ਇਹਨਾਂ ਸਾਰੀਆਂ ਸੀਟਾਂ ’ਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ ਅਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇ, ਪੋÇਲੰਗ ਬੂਥਾਂ ਦੇ ਅੰਦਰ ਵੀਡੀਓਗ੍ਰਾਫੀ ਕਰਵਾਈ ਜਾਵੇ ਤੇ ਯਕੀਨੀ ਬਣਾਇਆ ਜਾਵੇ ਕਿ ਵੋਟਾਂ ਉਸੇ ਦਿਨ ਹੀ ਭੁਗਤ ਜਾਣ ਤੇ ਇਸ ਵਿਚ ਕੋਈ ਦੇਰੀ ਨਾ ਹੋਵੇ।

ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬਾ ਸਰਕਾਰ  ਨੂੰ ਹਦਾਇਤ ਦੇਣ ਕਿ ਭਿਖੀਵਿੰਡ ਜਿਥੇ ਕਿ ਅਕਾਲੀ ਦਲ ਦੇ ਉਮੀਦਵਾਰ ਦੇ ਘਰ ’ਤੇ ਪੁਲਿਸ ਦੀ ਹਾਜ਼ਰੀ ਵਿਚ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ, ਸਮੇਤ ਹਿੰਸਾ ਦੀਆਂ ਹੋਰ ਘਟਨਾਵਾਂ ਵਿਚ ਸ਼ਾਮਲ ਕਾਂਗਰਸੀ ਗੁੰਡਿਆਂ ਖਿਲਾਫ ਕਾਰਵਾਈ ਕਰੇ। ਇਹ ਵੀ ਕਿਹਾ ਕਿ ਕੁਝ ਥਾਵਾਂ ’ਤੇ ਅਕਾਲੀ ਦਲ ਦੇ ਸਮਰਥਕਾਂ ਦੇ ਵਾਹਨ ਭੰਨ ਦੇਣ ਤੇ ਕੁਝ ਹੋਰ ਬੇਨਿਯਮੀਆਂ ਕਰਨ ਦੀਆਂ ਵੀ ਰਿਪੋਰਟਾਂ ਹਨ ਜਿਵੇਂ ਕਿ ਬਟਾਲਾ ਮਿਉਂਸਪਲ ਕਮੇਟੀ ਵਿਚ ਉਮੀਦਵਾਰਾਂ ਨੁੰ ਚੋਣ ਨਿਸ਼ਾਨ ਅਲਾਟ ਹੋਣ ਤੋਂ ਬਾਅਦ ਸੈਂਕੜੇ ਵੋਟਰਾਂ ਦੇ ਵਾਰਡ ਹੀ ਬਦਲ ਦਿੱਤੇ ਗਏ।

ਵਫਦ ਦੇ ਮੈਂਬਰਾਂ ਪ੍ਰੋ. ਚੰਦੂਮਾਜਰਾ, ਸ੍ਰੀ ਗਰੇਵਾ, ਡਾ. ਚੀਮਾ ਤੇ ਸ੍ਰੀ ਰੱਖੜਾ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਹਾਲਹੀ ਵਿਚ ਵਾਪਰੀਆਂ ਹਿੰਸਾ ਦੀਆਂ ਘਟਨਾਵਾਂ ਕਾਰਨ ਸੂਬੇ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਖਰਾਬ ਹੋਈ ਹੈ ਤੇ ਇਸ ਲਈ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹਾ ਮੁੜ ਨਾ ਵਾਪਰੇ।

ਵਫਦ ਨੇ  ਰਾਜਪਾਲ ਨੂੰ ਕਿਹਾ ਕਿ ਉਹਨਾਂ ਦਾ ਦਖਲ  ਬਹੁਤ ਜ਼ਰੂਰੀ ਹੈ ਕਿਉਂਕਿ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਰਬ ਪਾਰਟੀ ਮੀਟਿੰਗ ਵਿਚ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਉਹਨਾਂ ਨੈ ਮਾਮਲੇ ਵਿਚ ਕੁਝ ਨਹੀਂ ਕੀਤਾ।

ਬਾਅਦ ਵਿਚ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਦੇ ਵਫਦ ਨੇ ਉਹ ਵੀਡੀਓ ਵੀ ਵਿਖਾਈ ਜਿਸ ਵਿਚ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੁੰ ਧਮਕੀਆਂ ਦੇ ਰਹੇ ਹਨ। ਵਫਦ ਨੇ ਰਾਜਪਾਲ ਨੂੰ ਕਿਹਾ ਕਿ ਉਹ ਰਾਜ ਸਰਕਾਰ ਨੁੰ ਹਦਾਇਤ ਦੇਣ ਕਿ ਰਾਜਾ ਵੜਿੰਗ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਕਾਨੂੰਨ ਆਪਣੇ ਹੱਥ ਵਿਚ ਨਾ ਲਵੇ।

Check Also

ਈਰਾਨ ਵਿੱਚ ਹਿਜਾਬ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਟਰਨੈਟ ਬੰਦ,ਐਲੋਨ ਮਸਕ ਔਰਤਾਂ ਦੇ ਸਮਰਥਨ ‘ਚ ਆਏ ਸਾਹਮਣੇ

ਨਿਊਜ਼ ਡੈਸਕ: ਪੁਲਿਸ ਹਿਰਾਸਤ ‘ਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ‘ਚ ਵਿਰੋਧ ਪ੍ਰਦਰਸ਼ਨ …

Leave a Reply

Your email address will not be published.