Home / ਪੰਜਾਬ / ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ ਮਨਾਇਆ

ਚੰਡੀਗੜ੍ਹ, (ਅਵਤਾਰ ਸਿੰਘ): ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਦਿਹਾੜਾ ਬੀਤੇ ਦਿਨ ਸਥਾਨਕ ਰਾਮ ਬਾਗ (ਕੰਪਨੀ ਬਾਗ) ਵਿਚ ਬੜੇ ਸਤਿਕਾਰ ਸਹਿਤ ਮਨਾਇਆ ਗਿਆ ਅਤੇ ਪੰਜਾਬ ਸਰਕਾਰ, ਜਿਲਾ ਪ੍ਰਸਾਸਨ ਅਤੇ ਨਗਰ ਨਿਗਮ ਪਾਸੋਂ ਮੰਗ ਕੀਤੀ ਗਈ ਹੈ ਕਿ ਬਾਗ ਦੀ ਸਾਂਭ-ਸੰਭਾਲ ਵੱਲ ਧਿਆਨ ਦਿੱਤਾ ਜਾਵੇ ਅਤੇ ਇਸ ਨੂੰ ਇੱਕ ਦਿਲਕਸ਼ ਬਾਗ ਵਜੋਂ ਵਿਕਸਤ ਕੀਤਾ ਜਾਵੇ ਤਾਂ ਕਿ ਯਾਤਰੂਆਂ ਲਈ ਵੀ ਇਹ ਖਿੱਚ ਦਾ ਕੇਂਦਰ ਹੋਵੇ। ਬਾਗ ਦਾ ਆਧੁਨਿਕ ਤਰੀਕੇ ਨਾਲ ਕੀਤਾ ਅੰਤਰਰਾਸਟਰੀ ਪੱਧਰ ਦਾ ਵਿਕਾਸ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਅਸਲੀ ਅਤੇ ਢੁੱਕਵੀਂ ਸਰਧਾਂਜਲੀ ਹੋਵੇਗੀ। ਸੰਨ 1990 ਤੱਕ ਤਾਂ ਰਾਮ ਬਾਗ ਦੀ ਸ਼ਾਨ ਅਤੇ ਸੰਭਾਲ ਤਸੱਲੀਬਖਸ ਸੀ ਪ੍ਰੰਤੂ ਉਸ ਉਪਰੰਤ ਨਗਰ ਨਿਗਮ ਅਤੇ ਜਿਲਾ ਪ੍ਰਸਾਸਨ ਨੇ ਬਾਗ ਦੀ ਸਾਂਭ-ਸੰਭਾਲ ਨੂੰ ਤਕਰੀਬਨ ਵਿਸਾਰ ਹੀ ਦਿੱਤਾ। ਅੱਜ ਬਾਗ ਦੀ ਸਾਂਭ-ਸੰਭਾਲ ਪੱਖੋਂ ਹਾਲਤ ਬੇਹੱਦ ਤਰਸਯੋਗ ਹੈ। ਡਿਓੜੀ ਤੋਂ ਸਰਵਿਸ ਕਲੱਬ ਡਿਓੜੀ ਤੱਕ ਦਾ ਸਾਰਾ ਖੇਤਰ ਬੜੀ ਬੁਰੀ ਹਾਲਤ ਵਿੱਚ ਹੈ। ਸਾਫ ਸਫਾਈ ਪੱਖੋਂ ਬਹੁਤ ਮੰਦੀ ਹਾਲਤ ਹੈ। ਬਾਗ ਦੇ ਇਕ ਹਿੱਸੇ ਵਿੱਚੋਂ ਦੋ-ਤਿੰਨ ਫੁੱਟ ਮਿੱਟੀ ਪੁੱਟ ਲਈ ਗਈ ਸੀ, ਜਿਸ ਕਾਰਨ ਦਰੱਖਤਾਂ ਦੀਆਂ ਜੜ੍ਹਾਂ ਕਮਜੋਰ ਪੈ ਗਈਆਂ ਹਨ। ਕਈ ਦਰੱਖਤ ਜੜੋਂ ਡਿੱਗ ਪਏ ਹਨ। ਇਹ ਮਿੱਟੀ ਸਾਡਾ ਪਿੰਡ ਦੀ ਭਰਤੀ ਲਈ ਭੇਜੀ ਗਈ। ਜਿਥੋਂ ਵੰਨ-ਸੁਵੰਨੇ ਫੁੱਲਾਂ ਦੀ ਖੁਸਬੂ ਆਉਣੀ ਚਾਹੀਦੀ ਹੈ, ਉਥੇ ਥਾਂ ਥਾਂ ਜੰਗਲੀ ਝਾੜੀਆਂ ਅਤੇ ਨਦੀਨ ਉੱਗੇ ਹੋਏ ਹਨ। ਸਥਾਨਕ ਰਾਜਨੀਤਕ ਨੇਤਾਵਾਂ ਦੀ ਸਹਿ ਤੇ ਬਾਗ ਦਾ ਵੱਡਾ ਹਿੱਸਾ ਗੈਰ ਕਾਨੂੰਨੀ ਅਤੇ ਗੈਰ ਸਿਧਾਂਤਕ ਤਰੀਕਿਆਂ ਤਹਿਤ ਵੱਖ-ਵੱਖ ਅਦਾਰਿਆਂ ਦੇ ਹਵਾਲੇ ਕੀਤਾ ਹੋਇਆ ਹੈ। ਸਵੱਛ ਪਾਰਕ ਸਕੀਮ ਅਧੀਨ ਇਕ ਏਕੜ ਵਿਚ ਦੋ ਮਾਲੀ ਚਾਹੀਦੇ ਹਨ। ਇਸ ਹਿਸਾਬ ਨਾਲ 88 ਏਕੜ ਬਾਗ਼ ਵਿਚ 176 ਮਾਲੀ ਚਾਹੀਦੇ ਹਨ ਪਰ ਇਸ ਸਮੇਂ ਕੇਵਲ ਪੰਜ ਛੇ ਮਾਲੀਆਂ ਨਾਲ ਕੰਮ ਸਾਰਿਆ ਜਾ ਰਿਹਾ ਹੈ। ਸਮਰ ਪੈਲਸ, ਜਿਸ ਦੀ ਉਸਾਰੀ ਲਗਭਗ ਦੋ ਸਾਲ ਦੇ ਸਮੇਂ ਵਿਚ ਮੁਕੰਮਲ ਹੋ ਗਈ ਸੀ, ਦੇ ਨਵੀਨੀਕਰਨ ਤੇ ਪੰਦਰਾਂ ਸਾਲ ਲਗ ਗਏ ਪਰ ਕੰਮ ਅਜੇ ਵੀ ਨਹੀਂ ਮੁੱਕਾ। ਬਾਗ਼ ਵਿਚ ਕਾਰਾਂ, ਥਰੀ ਵੀਲਰ, ਦੋਪਹੀਆ ਵਾਹਨ ਖ਼ੁਲੇਆਮ ਫਿਰਦੇ ਹਨ, ਜੋ ਦੁਨੀਆ ਦੇ ਕਿਸੇ ਬਾਗ਼ ਵਿਚ ਨਹੀਂ, ਇੱਥੇ ਵੀ ਇਨ੍ਹਾਂ ‘ਤੇ ਪਾਬੰਦੀ ਲਾਈ ਜਾਵੇ।ਇਨ੍ਹਾਂ ਦੀ ਪਾਰਕਿੰਗ ਬਾਹਰ ਹੋਵੇ ਜਿਵੇਂ ਕਿ ਪੰਜਾਬ ਸਰਕਾਰ ਅਤੇ ਏ ਐਸ ਆਈ ਸਮਝੌਤੇ ਵਿਚ ਦਰਜ ਹੈ। ਇਸ ਸਮਝੌਤੇ ਵਿਚ ਬਾਗ਼ ਦੀ ਸਾਂਭ ਸੰਭਾਲ ਨਗਰ ਨਿਗਮ ਨੇ ਕਰਨੀ ਜੋ ਕਿ ਨਹੀਂ ਕੀਤੀ ਜਾ ਰਹੀ।

ਵਰਨਣਯੋਗ ਹੈ ਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਇਸ ਇਤਿਹਾਸਿਕ ਬਾਗ ਨੂੰ ਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੇ ਸੰਨ 1819 ਵਿਚ ਆਪਣੇ ਨਿਪੁੰਨ ਅਤੇ ਇਤਬਾਰੀ ਅਫਸਰਾਂ ਦੀਆਂ ਸੇਵਾਵਾਂ ਲਈਆਂ ਸਨ।ਉਨ੍ਹਾਂ ਅਧਿਕਾਰੀਆਂ ਨੇ ਬੜੀ ਮਿਹਨਤ ਅਤੇ ਰੀਝ ਨਾਲ ਬਹੁਤ ਦੁਰਲੱਭ ਅਤੇ ਆਕਰਸਕ ਫੁੱਲਦਾਰ ਅਤੇ ਛਾਂਦਾਰ ਬੂਟੇ ਅਤੇ ਰੁੱਖ ਦੂਰ ਦੁਰਾਡੇ ਹਿਮਾਲਿਆ ਪਰਬਤ ਅਤੇ ਨੀਲਗਿਰੀ ਪਹਾੜੀ ਇਲਾਕਿਆਂ ਵਿੱਚੋਂ ਲਿਆ ਕੇ ਬਾਗ ਨੂੰ ਲਾਹੌਰ ਦੇ ਸਾਲੀਮਾਰ ਬਾਗ ਦੀ ਤਰਜ ਤੇ ਦਿਲਕਸ ਬਣਾਇਆ ਤੇ ਇਸ ਨੂੰ ਗਰਮੀਆਂ ਦੀ ਰਾਜਧਾਨੀ ਬਣਾਇਆ । ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸਰਧਾ ਸੀ।ਹਰ ਕੀਮਤੀ ਤੋਹਫੇ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਂਟ ਕਰਕੇ ਮਹਾਰਾਜਾ ਆਪਣੇ ਆਪ ਨੂੰ ਵਡਭਾਗੀ ਸਮਝਦਾ ਸੀ। ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਹੀ ਮਹਾਰਾਜਾ ਨੇ ਰਾਮ ਬਾਗ ਬਣਾਇਆ, ਜਿਸ ਦਾ ਨਾਮ ਅੰਗਰੇਜਾਂ ਨੇ ਈਸਟ ਇੰਡੀਆ ਦੇ ਨਾਂ ‘ਤੇ ਕੰਪਨੀ ਬਾਗ ਵਿਚ ਤਬਦੀਲ ਕਰ ਦਿੱਤਾ। ਬਾਗ ਦੇ ਵਿਚਕਾਰ ਸੇਰ-ਏ-ਪੰਜਾਬ ਨੇ ਸਮਰ ਪੈਲਸ ਤਾਮੀਰ ਕਰਵਾਇਆ। ਇਸ ਦੇ ਨਾਲ ਹੀ ਸਾਨਦਾਰ ਤਿੰਨ ਡਿਓੜੀਆਂ, ਚਾਰ ਨਿਗਰਾਨ ਟਾਵਰ, ਬਾਰਾਂਦਰੀਆਂ ਅਤੇ ਹਮਾਮ ਘਰ ਦੀ ਉਸਾਰੀ ਕਰਵਾਈ। ਦੀਵਾਲੀ, ਵਿਸਾਖੀ ਅਤੇ ਹੋਰ ਦਿਨ ਦਿਹਾੜਿਆਂ ਮੌਕੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲਸ ਵਿਚ ਠਹਿਰਦੇ ਸਨ ਅਤੇ ਇਥੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਂਦੇ ਸਨ। ਇਸ ਸਮਾਗਮ ਵਿਚ ਮੰਚ ਦੇ ਪ੍ਰਧਾਨ ਮਨਮੋਹਣ ਸਿੰਘ ਬਰਾੜ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਇੰਜ.ਦਲਜੀਤ ਸਿੰਘ ਕੋਹਲੀ,ਸਕੱਤਰ ਯੋਗੇਸ ਕਾਮਰਾ,ਕਾਰਜਕਾਰੀ ਮੈਂਬਰ ਕਾਮਰੇਡ ਯਸਪਾਲ ਝਬਾਲ, ,ਸਾਬਕਾ ਜਿਲਾ ਸਿੱਖਿਆ ਅਫਸਰ ਸ .ਗੁਰਪ੍ਰਤਾਪ ਸਿੰਘ ਗੁਰੀ, ਇੰਜ. ਮਨਜੀਤ ਸਿੰਘ ਸੈਣੀ, ਕਾਮਰੇਡ ਸੁੱਚਾ ਸਿੰਘ ਅਜਨਾਲਾ,ਸ. ਬਲਬੀਰ ਸਿੰਘ ਮੂਧਲ ਪ੍ਰਧਾਨ ਇਪਟਾ ਅੰਮ੍ਰਿਤਸਰ ਬ੍ਰਾਂਚ, ਕਾਮਰੇਡ ਜੋਗਿੰਦਰ ਲਾਲ ਅਤੇ ਹੋਰ ਮੈਂਬਰਾਂ ਨੇ ਭਾਗ ਲਿਆ।

Check Also

ਕੇਂਦਰ ਸਰਕਾਰ ਵਲੋਂ ਸੜਕ ਸੁਰੱਖਿਆ ‘ਚ ਚੰਗੀ ਕਾਰਗੁਜ਼ਾਰੀ ਲਈ ਰਵੀ ਸਿੰਘ ਆਹਲੂਵਾਲੀਆ ਦਾ ਸਨਮਾਨ

ਚੰਡੀਗੜ੍ਹ: ਪਟਿਆਲਾ ਫਾਊਂਡੇਸ਼ਨ ਦੇ ਮੁੱਖ ਅਧਿਕਾਰੀ(ਚੀਫ ਫੰਕਸ਼ਨਰੀ) ਰਵੀ ਸਿੰਘ ਆਹਲੂਵਾਲੀਆ ਨੂੰ ਰੋਡ ਟਰਾਂਸਪੋਰਟ ਐਂਡ ਹਾਈਵੇਜ਼ …

Leave a Reply

Your email address will not be published. Required fields are marked *