ਅੰਬਾਲਾ:-ਕੋਰੋਨਾ ਟੈਸਟ ਦੇ ਲਈ ਜਾਰੀ ਕੀਤੀ ਗਈ ਇਕ ਪ੍ਰਾਈਵੇਟ ਲੈਬ ਤੇ ਹਰਿਆਣਾ ਸਰਕਾਰ ਨੇ ਬੈਨ ਲਗਾ ਦਿਤਾ ਹੈ। ਇਸ ਲੈਬ ਨੇ ਚਾਰ ਨੈਗਟਿਵ ਮਰੀਜ਼ਾਂ ਨੂੰ ਪਾਜ਼ਿਟਿਵ ਦੱਸਿਆ ਸੀ। ਇਸਤੋ ਬਾਅਦ ਸਿਹਤ ਵਿਭਾਗ ਨੇ ਲੈਬ ਤੇ ਬੈਨ ਲਗਾਉਂਦੇ ਹੋਏ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕਰ ਦਿਤੇ ਹਨ। ਸਿਹਤ ਮੰਤਰੀ ਅਨਿਲ ਵਿਜ ਨੇ ਦੱਸਿਆ ਹੈ ਕਿ ਹਰਿਆਣਾ ਵਿਚ ਕੋਰੋਨਾ ਟੈਸਟ ਦੀ ਸੰਖਿਆ ਵਧਾਉਣ ਦੇ ਲਈ ਕੇਂਦਰ ਸਰਕਾਰ ਦੇ ਹੁਕਮਾਂ ਅਨੁਸਾਰ ਚਾਰ ਪ੍ਰਾਈਵੇਟ ਲੈਬਾਂ ਨੂੰ ਟੈਸਟ ਦੀ ਆਗਿਆ ਦਿਤੀ ਗਈ ਸੀ। ਇਸ ਵਿਚ ਐਸਆਰਐਲ ਨਾਮਕ ਇਕ ਪ੍ਰਾਈਵੇਟ ਲੈਬ ਵੀ ਸ਼ਾਮਿਲ ਸੀ। ਇਸ ਲੈਬ ਵਿਚ ਅੰਬਾਲਾ ਦੀ ਸਟਾਫ ਨਰਸ ਦਾ ਸੈਂਪਲ ਭੇਜਿਆ ਗਿਆ ਸੀ ਜਿਸਨੂੰ ਪਾਜ਼ਿਟਿਵ ਦੱਸਿਆ ਗਿਆ ਫਿਰ ਉਹਨਾਂ ਨੇ ਇਸੇ ਨਰਸ ਦਾ ਸੈਂਪਲ ਕਲਪਨਾ ਚਾਵਲਾ ਮੈਡੀਕਲ ਕਾਲਜ ਕਰਨਾਲ ਅਤੇ ਭਗਤ ਫੂਲ ਸਿੰਘ ਮੈਡੀਕਲ ਕਾਲਜ ਖਾਨਪੁਰ ਭੇਜਿਆ ਤਾਂ ਉਥੇ ਦੀ ਰਿਪੋਰਟ ਨੈਗਟਿਵ ਆਈ। ਇਸਤੋਂ ਬਾਅਦ ਅੰਬਾਲਾ ਦੇ ਸ਼ਹਿਜਾਦਪੁਰ ਪਿੰਡ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਤਾਂ ਉਹ ਵੀ ਪਾਜ਼ਿਟਿਵ ਦੱਸੀ ਗਈ। ਪਰ ਦੂਸਰੀ ਲੈਬ ਵਿਚ ਜਦੋਂ ਜਾਂਚ ਕਰਵਾਈ ਗਈ ਤਾਂ ਉਥੇ ਵੀ ਇਹ ਸੈਂਪਲ ਨੈਗਟਿਵ ਨਿਕਲੇ। ਰਿਪੋਰਟ ਸਹੀ ਨਾ ਆਉਣ ਤੇ ਐਸਆਰਐਲ ਲੈਬ ਤੇ ਫਿਲਹਾਲ ਬੈਨ ਲਗਾ ਦਿਤਾ ਗਿਆ ਹੈ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਨੂੰ ਇਸ ਲੈਬ ਦੀ ਜਾਂਚ ਕਰਵਾਉਣ ਅਤੇ ਰਿਪੋਰਟ ਜਲਦੀ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ।