ਰੈਸਟੋਰੈਂਟ ਮਾਲਕ ਖ਼ਿਲਾਫ਼ ਕਾਰਵਾਈ ਕਰਨ ਪੁੱਜੀ ਪੁਲਿਸ, ਹੱਸਦੇ ਹੋਈ ਮੁੜੀ ਵਾਪਸ !

TeamGlobalPunjab
3 Min Read

ਹੈਲੀਫੈਕਸ : ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੇ ਹੈਲੀਫੈਕਸ ਵਿਖੇ ਇੱਕ ਰੈਸਟੋਰੈਂਟ ਮਾਲਕ ਨਾਲ ਜੱਗੋਂ ਤੇਰ੍ਹਵੀਂ ਵਾਪਰ ਗਈ। ਪੁਲਿਸ ਉਸ ਖਿਲਾਫ ਕਾਰਵਾਈ ਕਰਨ ਪਹੁੰਚੀ ਸੀ ਪਰ ਉੱਥੇ ਤਾਂ ਮਾਮਲਾ ਕੁੱਝ ਹੋਰ ਹੀ ਨਿਕਲਿਆ। ਦਰਅਸਲ ਕੋਰੋਨਾ ਮਹਾਂਮਾਰੀ ਦੇ ਜ਼ੋਰ ਦੇ ਚਲਦਿਆਂ ਹੈਲੀਫੈਕਸ ਵਿਖੇ ਪਾਬੰਦੀਆਂ ਲਾਗੂ ਹਨ । ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਕੁਇਨਪੂਲ ਸੜਕ ਸਥਿਤ ਇੱਕ ਰੈਸਟੋਰੈਂਟ ਵਿੱਚ ਸਿਹਤ ਵਿਭਾਗ ਵੱਲੋਂ ਜਾਰੀ ਪਾਬੰਦੀਆਂ ਦੀ ਉਲੰਘਣਾ ਕੀਤੀ ਜਾ ਰਹੀ ਹੈ । ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ । ਜਦੋਂ ਪੁਲਿਸ ਨੇ ਰੈਸਟੋਰੈਂਟ ਦੇ ਅੰਦਰ ਦਾ ਨਜ਼ਾਰਾ ਵੇਖਿਆ ਤਾਂ ਇੱਕ ਵਾਰ ਤਾਂ ਉਨ੍ਹਾਂ ਦੇ ਵੀ ਹੋਸ਼ ਉੱਡ ਗਏ , ਪਰ ਬਾਅਦ ਵਿੱਚ ਉਹ ਆਪਣੇ ਹਾਸੇ ਨੂੰ ਵੀ ਨਾ ਰੋਕ ਸਕੇ।

ਅਸਲ ਵਿੱਚ ਹੈਲੀਫੈਕਸ ਦੇ ਇੱਕ ਰੈਸਟੋਰੈਂਟ ‘ਆਰਡਮੋਰ ਟੀ ਰੂਮ’ ਵਲੋਂ ਪਾਬੰਦੀਆਂ ਦੇ ਚਲਦਿਆਂ ਸਿਰਫ਼ ‘ਟੇਕ ਅਵੇ’ ਅਤੇ ‘ਹੋਮ ਡਿਲੀਵਰੀ’ ਸਰਵਿਸ ਨੂੰ ਜਾਰੀ ਰੱਖਿਆ ਹੋਇਆ ਹੈ, ਰੈਸਟੋਰੈਂਟ ‘ਚ ਬੈਠ ਕੇ ਖਾਣਾ ਖਾਣ ਦੀ ਵਿਵਸਥਾ ਹਦਾਇਤਾਂ ਅਨੁਸਾਰ ਬੰਦ ਹੈ। ਇਹ ਰੈਸਟੋਰੈਂਟ ਸੜਕ ਕਿਨਾਰੇ ਹੀ ਮੌਜੂਦ ਹੈ, ਇਸ ਬਾਰੇ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਇਹ ਗ੍ਰਾਹਕਾਂ ਨੂੰ ਅੰਦਰ ਬਿਠਾ ਕੇ ਖਾਣਾ ਖੁਆ ਰਹੇ ਹਨ, ਇਹ ਨਿਯਮਾਂ ਦੀ ਉਲੰਘਣਾ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਪੁੱਜੀ ਤਾਂ ਉਹਨਾਂ ਨੇ ਰੈਸਟੋਰੈਂਟ ਦੀ ਮੁੱਖ ਐਂਟਰੀ ਨੂੰ ਬੰਦ ਪਾਇਆ । ਸ਼ਿਕਾਇਤ ਦੀ ਪੁਸ਼ਟੀ ਕਰਨ ਲਈ ਪੁਲਿਸ ਮੁਲਾਜ਼ਮ ਨੇ ਰੈਸਟੋਰੈਂਟ ਦੇ ਬਾਹਰੋਂ ਪਾਰਦਰਸ਼ੀ ਕਾਲੇ ਸ਼ੀਸ਼ੇ ਵਿੱਚੋਂ ਅੰਦਰ ਵੇਖਿਆ, ਤਾਂ ਅੰਦਰ ਅਸਲ ਵਿੱਚ ਕੋਈ ਬੈਠਾ ਹੋਇਆ ਨਜ਼ਰ ਆਇਆ । ਇਸ ਤੋਂ ਬਾਅਦ ਪੁਲਿਸ ਨੇ ਦੂਜੇ ਪਾਸਿਉਂ ਅੰਦਰ ਝਾਤੀ ਮਾਰੀ ਤਾਂ ਪੂਰੀ ਕਹਾਣੀ ਉਨ੍ਹਾਂ ਦੇ ਸਮਝ ਆ ਗਈ ਅਤੇ ਉਹ ਵੀ ਆਪਣਾ ਹਾਸਾ ਨਹੀਂ ਰੋਕ ਸਕੇ । ਦਰਅਸਲ ਰੈਸਟੋਰੈਂਟ ਦੇ ਅੰਦਰ ਇੱਕ ਪੁਤਲਾ ਪਿਆ ਸੀ, ਉਹ ਇਸ ਤਰ੍ਹਾਂ ਨਾਲ ਰੱਖਿਆ ਹੋਇਆ ਸੀ ਕਿ ਪਹਿਲੀ ਨਜ਼ਰੇ ਇੰਜ ਲਗਦਾ ਸੀ ਕਿ ਕੋਈ ਇਨਸਾਨ ਟੇਬਲ ਤੇ‌ ਬੈਠਾ ਖਾਣਾ ਖਾ ਰਿਹਾ ਹੈ। ਰੈਸਟੋਰੈਂਟ ਵਾਲਿਆਂ ਨੇ ਇਸ ਦੇ ਮਾਸਕ ਲਗਾ ਰੱਖਿਆ ਸੀ ਤਾਂ ਜੋ ਲੋਕਾਂ ਨੂੰ ਮਾਸਕ ਪਹਿਨਣ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ, ਪਰ ਇਹੀ ਕਿਸੇ ਰਾਹਗੀਰ ਲਈ ਸ਼ਿਕਾਇਤ ਕਰਨ ਦਾ ਕਾਰਨ ਬਣ ਗਿਆ।

 

https://www.instagram.com/p/COQFd7knWJq/?igshid=uq90vh5nbt8

- Advertisement -

 

ਉਧਰ ਰੈਸਟੋਰੈਂਟ ਦੇ ਬਾਹਰ ਪੁਲਿਸ ਨੂੰ ਵੇਖ ਕੇ ਮਾਲਕ ਦੇ ਵੀ ਹੋਸ਼ ਉੱਡ ਗਏ। ਉਸਨੇ ਆਪਣੇ ਪੁੱਤਰ ਨੂੰ ਪੁਲਿਸ ਮੁਲਾਜ਼ਮਾਂ ਕੋਲ ਭੇਜਿਆ ਤਾਂ ਜੋ ਉਨ੍ਹਾਂ ਦੇ ਆਉਣ ਦਾ ਕਾਰਨ ਪਤਾ ਚਲੇ । ਜਦੋਂ ਪੁਲਿਸ ਨੇ ਮਿਲੀ ਸ਼ਿਕਾਇਤ ਬਾਰੇ ਦੱਸਿਆ ਤਾਂ ਜਾ ਕੇ ਤਸਵੀਰ ਸਾਫ਼ ਹੋਈ। ਇਸ ਘਟਨਾ ਤੋਂ ਬਾਅਦ ‘ਆਰਡਮੋਰ ਟੀ ਰੂਮ’ ਦੇ ਮਾਲਕ ਨੇ ਮਜਾਕਿਆ ਲਹਿਜੇ ਵਿੱਚ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ। ਪੁਤਲੇ (Mannequin) ਦੀ ਤਸਵੀਰ ਸਾਂਝੀ ਕਰਦਿਆਂ ਰੈਸਟੋਰੈਂਟ ਦੇ ਮਾਲਕ ਨੇ ਲਿਖਿਆ, “ਕ੍ਰਿਪਾ ਕਰ ਕੇ ਪੁਲਿਸ ਕੋਲ ਸਾਡੀ ਸ਼ਿਕਾਇਤ ਨਾ ਕਰੋ, ਅਸੀਂ ਸਿਰਫ ਟੇਕ ਅਵੇ ਅਤੇ ਹੋਮ ਡਿਲੀਵਰੀ ਸਰਵਿਸ ਹੀ ਦੇ ਰਹੇ ਹਾਂ। ਰੈਸਟੋਰੈਂਟ ਦੇ ਅੰਦਰ ਖਾਣਾ ਸਰਵ ਨਹੀਂ ਕੀਤਾ ਜਾ ਰਿਹਾ। ਅੰਦਰ ਇੱਕ ਪੁਤਲਾ ਹੈ, ਜਿਹੜਾ ਸਮਾਜਿਕ ਦੂਰੀ ਬਣਾਈ ਰੱਖਣ ਦਾ ਸੁਨੇਹਾ ਦੇਣ ਲਈ ਰੱਖਿਆ ਗਿਆ ਹੈ।”

Share this Article
Leave a comment