ਰਾਹੁਲ ਗਾਂਧੀ ਦਾ ਵੱਡਾ ਦਾਅ, ਦੇਸ਼ ਦੇ 25 ਕਰੋੜ ਲੋਕਾਂ ਨੂੰ ਹਰ ਸਾਲ ਦੇਣਗੇ 72 ਹਜ਼ਾਰ ਰੁਪਏ

Prabhjot Kaur
2 Min Read

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਤੋਂ ਠੀਕ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੱਡਾ ਚੋਣ ਵਾਅਦਾ ਕੀਤਾ ਹੈ। ਚੋਣ ਜੰਗ ‘ਚ ਬਾਜ਼ੀ ਆਪਣੇ ਨਾਂ ਕਰਨ ਲਈ ਰਾਹੁਲ ਗਾਂਧੀ ਨੇ ਘੱਟੋ-ਘੱਟ ਆਮਦਨ ਗਾਰੰਟੀ ਯੋਜਨਾ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਜੇ ਉਨ੍ਹਾਂ ਦੀ ਸਰਕਾਰ ਸੱਤਾ ‘ਚ ਆਉਂਦੀ ਹੈ ਤਾਂ ਗਰੀਬ ਪਰਿਵਾਰਾਂ ਨੂੰ ਸਾਲਾਨਾ 72 ਹਜ਼ਾਰ ਰੁਪਏ ਮਿਲਣਗੇ। ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਘੱਟੋ-ਘੱਟ ਆਮਦਨ ਗਰੰਟੀ ਯੋਜਨਾ ਦਾ ਵਾਅਦਾ ਕੀਤਾ, ਜਿਸ ਤਹਿਤ ਕਾਂਗਰਸ ਸਰਕਾਰ ਦੇਵੇਗੀ। ਉਨ੍ਹਾਂ ਕਿਹਾ ਕਿ 5 ਸਾਲ ਤਕ ਮੋਦੀ ਸਰਕਾਰ ‘ਚ ਗਰੀਬ ਦੁਖੀ ਰਹੇ, ਹੁਣ ਅਸੀ ਉਨ੍ਹਾਂ ਨੂੰ ਨਿਆਂ ਦੇਵਾਂਗੇ।

ਰਾਹੁਲ ਗਾਂਧੀ ਨੇ ਕਿਹਾ, “ਅਸੀ ਮਨਰੇਗਾ ਦਾ ਵਾਅਦਾ ਪੂਰਾ ਕੀਤਾ ਸੀ ਅਤੇ ਹੁਣ ਆਮਦਨ ਗਾਰੰਟੀ ਦੇ ਕੇ ਵਿਖਾਵਾਂਗੇ। ਅਸੀ ਗਰੀਬੀ ਮਿਟਾ ਦਿਆਂਗੇ। ਸਾਡਾ ਕਹਿਣਾ ਹੈ ਕਿ ਤੁਸੀ ਖ਼ੁਦ ਕੰਮ ਕਰ ਰਹੇ ਹੋ ਤਾਂ ਹਰ ਮਹੀਨੇ ਘੱਟੋ-ਘੱਟ 12 ਹਜ਼ਾਰ ਰੁਪਏ ਤੁਹਾਡੀ ਆਮਦਨ ਹੋਣੀ ਚਾਹੀਦੀ ਹੈ। ਭਾਰਤ ‘ਚ ਜਿਹੜੇ ਪਰਿਵਾਰ ਦੀ ਆਮਦਨ 12 ਹਜ਼ਾਰ ਰੁਪਏ ਤੋਂ ਘੱਟ ਹੈ, ਉਸ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਦੇਸ਼ ਦੇ 5 ਕਰੋੜ ਪਰਿਵਾਰਾਂ ਮਤਲਬ 25 ਕਰੋੜ ਲੋਕਾਂ ਨੂੰ ਸਿੱਧਾ ਇਸ ਦਾ ਫ਼ਾਇਦਾ ਮਿਲੇਗਾ। ਇਹ ਰਕਮ ਬੈਂਕ ਖਾਤਿਆਂ ‘ਚ ਟਰਾਂਸਫ਼ਰ ਕੀਤੀ ਜਾਵੇਗੀ।”

ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ‘ਚ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ 10 ਦਿਨ ‘ਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਿਆਂਗੇ, ਜੋ ਅਸੀ ਕਰ ਕੇ ਵਿਖਾਇਆ।

ਰਾਹੁਲ ਗਾਂਧੀ ਨੇ ਕਿਹਾ ਕਿ ਰੋਜ਼ਾਨਾ ਗ਼ਰੀਬਾਂ ਦੇ ਪੈਸੇ ਚੋਰੀ ਹੋ ਰਹੇ ਹਨ। ਨਰਿੰਦਰ ਮੋਦੀ ਨੇ ਦੋ ਭਾਰਤ ਬਣਾ ਦਿੱਤੇ ਹਨ – ਇਕ ਅਨਿਲ ਅੰਬਾਨੀ ਜਿਹੇ ਅਮੀਰਾਂ ਦਾ ਅਤੇ ਇਕ ਗਰੀਬਾਂ ਤੇ ਕਿਸਾਨਾਂ ਦਾ। ਮੋਦੀ ਨੇ ਕਿਸਾਨਾਂ ਨੂੰ 3.5 ਰੁਪਏ ਦਿੱਤੇ ਪਰ ਨਿੱਜੀ ਹਵਾਈ ਜਹਾਜ਼ ਵਾਲਿਆਂ ਨੂੰ ਲੱਖਾਂ-ਕਰੋੜਾਂ ਰੁਪਏ ਦਿੱਤੇ ਜਾਂਦੇ ਹਨ।

- Advertisement -

Share this Article
Leave a comment