ਮਗਸੀਪਾ ਅਤੇ ਐੱਨਆਈਐੱਸਜੀ ਦਰਮਿਆਨ ਸਮਝੌਤੇ ‘ਤੇ ਹਸਤਾਖਰ

TeamGlobalPunjab
3 Min Read

ਚੰਡੀਗੜ੍ਹ : ਅੱਜ ਇੱਥੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਪੰਜਾਬ  ਅਤੇ ਨੈਸ਼ਨਲ ਇੰਸਟੀਚਿਊਟ ਆਫ ਸਮਾਰਟ ਗਵਰਨਮੈਂਟ (ਐੱਨਆਈਐੱਸਜੀ)  ਵਿਚਕਾਰ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਸਮਝੌਤੇ ਨਾਲ ਜਿੱਥੇ ਮਗਸੀਪਾ ਦੀ ਸਿਵਲ ਅਧਿਕਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨ ਦੀ ਸ਼ਕਤੀ ਵਧੇਗੀ, ਉੱਥੇ ਐੱਨਆਈਐੱਸਜੀ ਵਿੱਚ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਲਈ ਈ-ਗਵਰਨੈਂਸ ਸਮਾਧਾਨਾਂ ਦਾ ਲਾਭ ਉਠਾਇਆ ਜਾਵੇਗਾ।

ਇਸ ਸਮਝੌਤੇ ਨਾਲ ਕੰਪਿਊਟਰ ਅਤੇ ਇੰਟਰਨੈੱਟ ਆਧਾਰਿਤ ਤਕਨਾਲੋਜੀਆਂ ਦਾ ਉਪਯੋਗ ਕਰਦੇ ਹੋਏ ਸਿਵਲ ਅਧਿਕਾਰੀਆਂ ਅਤੇ ਹੋਰ ਸੰਸਥਾਵਾਂ ਦੇ ਸਿਵਲ ਕਾਰਜਕਾਰੀ ਅਧਿਕਾਰੀਆਂ ਦੀ ਸਿਖਲਾਈ ਵਿੱਚ ਬੁਨਿਆਦੀ ਢਾਂਚੇ, ਹਾਰਡਵੇਅਰ, ਵਿਸ਼ੇਸ਼ ਕਰਮਚਾਰੀਆਂ ਅਤੇ ਸੌਫਟਵੇਅਰ ਸਾਂਝੇ ਕਰਕੇ ਰਾਜ ਦੇ ਡਿਜੀਟਲਕਰਨ ਵਿੱਚ ਮਦਦ ਮਿਲੇਗੀ।

ਐੱਨਆਈਐੱਸਜੀ ਇੱਕ ਗੈਰ ਲਾਭਕਾਰੀ ਕੰਪਨੀ ਹੈ ਜੋ 2002 ਤੋਂ (ਕੰਪਨੀ ਐਕਟ ਦੀ ਧਾਰਾ 25 ਅਧੀਨ) ਸੂਚਨਾ ਤਕਨਾਲੋਜੀ ਵਿਭਾਗ, ਭਾਰਤ ਸਰਕਾਰ, ਪ੍ਰਬੰਧਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ (ਡੀਏਆਰਐਂਡਪੀਜੀ), ਭਾਰਤ ਸਰਕਾਰ, ਆਂਧਰਾ ਪ੍ਰਦੇਸ਼ ਸਰਕਾਰ ਨਾਲ ਜੁੜੀ ਹੋਈ ਹੈ। ਨੈਸਕਾਮ ਇਸਦੇ ਸ਼ੁਰੂਆਤੀ ਪ੍ਰਮੋਟਰ ਹਨ। ਜਦੋਂਕਿ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ, ਪੰਜਾਬ ਸਰਕਾਰ ਦਾ ਸਰਵਉੱਚ ਖੁਦਮੁਖਤਿਆਰ ਸੰਸਥਾਨ ਹੈ।

ਐੱਨਆਈਐੱਸਜੀ ਨੇ ਵੱਖ ਵੱਖ ਪ੍ਰਾਜੈਕਟ ਲਾਗੂ ਕੀਤੇ ਹਨ ਜਿਵੇਂ ਕਿ ਕੰਪਨੀ ਮਾਮਲਿਆਂ ਦੇ ਮੰਤਰਾਲੇ ਲਈ ਐੱਮਸੀਏ 21, ਵਿਦੇਸ਼ ਮੰਤਰਾਲੇ ਦੀ ਪਾਸਪੋਰਟ ਸੇਵਾ, ਨੈਸ਼ਨਲ ਈ-ਗਵਰਨੈਂਸ ਯੋਜਨਾ ਤਹਿਤ ਯੂਆਈਡੀ ਦੇ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਸਮੇਤ ਯੂਆਈਡੀ ਪ੍ਰਾਜੈਕਟ ਨੂੰ ਡਿਜ਼ਾਇਨ ਕੀਤਾ ਹੈ।

- Advertisement -

ਇਸ ਸਮਝੌਤੇ ‘ਤੇ ਹਸਤਾਖਰ ਕਰਨਾ ਮਗਸੀਪਾ ਅਤੇ ਐੱਨਆਈਐੱਸਜੀ ਦਰਮਿਆਨ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ। ਇਸ ਨਾਲ ਇਕੋ ਜਿਹੇ ਤਰੀਕੇ ਨਾਲ ਨਵੇਂ ਸਮਾਧਾਨ ਲੱਭਣ ਲਈ ਇਸ ਤਰ੍ਹਾਂ ਦੇ ਸੰਯੁਕਤ ਢਾਂਚੇ ਦੀ ਅਗਵਾਈ ਕਰਨੀ ਯਕੀਨੀ ਬਣਾਈ ਗਈ ਹੈ।

ਸਮਝੌਤੇ ‘ਤੇ ਹਸਤਾਖਰ ਕਰਨ ਦੌਰਾਨ ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ (ਮਾਲੀਆ) ਅਤੇ ਮਗਸੀਪਾ ਦੇ ਡਾਇਰੈਕਟਰ ਸ਼੍ਰੀ ਕੇਬੀਐੱਸ ਸਿੱਧੂ ਨੇ ਕਿਹਾ ਕਿ ਦੁਨੀਆ ਅੱਜ ਸੂਚਨਾ ਅਤੇ ਸੇਵਾਵਾਂ ਤੱਕ ਆਸਾਨ ਪਹੁੰਚ ਬਣਾਉਣ ਲਈ ਸੂਚਨਾ ਤਕਨਾਲੋਜੀਆਂ ‘ਤੇ ਨਿਰਭਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਆਈਟੀ ਉਦਯੋਗ ਨਾ ਸਿਰਫ਼ ਭਾਰਤ ਵਿੱਚ ਬਲਕਿ ਪੂਰੀ ਦੁਨੀਆ ਵਿੱਚ ਆਰਥਿਕ ਵਿਕਾਸ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਿਹਾ ਹੈ।

ਇਹ ਸਮਝੌਤਾ ਆਪਣੇ ਈ-ਗਵਰਨੈਂਯ ਥਿੰਕ ਟੈਂਕ ਰਾਹੀਂ ਪੰਜਾਬ ਰਾਜ ਦੇ ਨਾਲ ਨਾਲ ਹੋਰ ਰਾਜਾਂ ਵਿੱਚ ਈ-ਗਵਰਮੈਂਟ ਸੇਵਾਵਾਂ ਬਾਰੇ ਗਿਆਨ ਸਾਂਝਾ ਕਰਨ ਅਤੇ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਕਰੇਗਾ।
ਐੱਨਆਈਐੱਸਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਜੇਆਰਕੇ ਰਾਓ, ਆਈਏਐੱਸ (ਸੇਵਾਮੁਕਤ) ਨੇ ਕਿਹਾ ਕਿ ਐੱਨਆਈਐੱਸਜੀ ਇੱਕ ਮਗਸੀਪਾ ਵਰਗੀ ਸਨਮਾਨਤ ਸੰਸਥਾ ਨਾਲ ਭਾਈਵਾਲੀ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗਿਆਨ ਸਾਂਝਾ ਕਰਨ ਲਈ ਉਨ੍ਹਾਂ ਨੇ ਬਹੁਤ ਘੱਟ ਸਮੇਂ ਵਿੱਚ ਮਗਸੀਪਾ ਨਾਲ ਸਾਂਝ ਪਾਈ ਹੈ।

ਪੰਜਾਬ ਸਰਕਾਰ ਦੀ ਪ੍ਰਮੁੱਖ ਸਕੱਤਰ ਅਤੇ ਮਗਸੀਪਾ ਦੀ ਡਾਇਰੈਕਟਰ ਸ੍ਰੀਮਤੀ ਜਸਪ੍ਰੀਤ ਤਲਵਾਰ, ਆਈਏਐੱਸ ਨੇ ਸਮੁੱਚੇ ਢਾਂਚਾਗਤ ਵਿਕਾਸ, ਬਣਤਰ ਅਤੇ ਵਿਧੀ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਨਾਗਰਿਕ ਕੇਂਦਰਿਤ ਸਹਿਭਾਗੀ ਸ਼ਾਸਨ ਦੇਣ ਵਿੱਚ ਇਹ ਗੱਠਜੋੜ ਸਮਰੱਥ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਦੋਵੇਂ ਪੱਖਾਂ ਨੇ ਸ਼੍ਰੀ ਕੇਬੀਐੱਸ ਸਿੱਧੂ ਦੀ ਸੁਯੋਗ ਅਗਵਾਈ ਵਿੱਚ ਮਸਨੂਈ ਬੌਧਿਕਤਾ, ਮਸ਼ੀਨ ਲਰਨਿੰਗ, ਬਲੌਕ ਚੇਨ, ਸਾਈਬਰ ਸਕਿਊਰਿਟੀ ਅਤੇ ਸਾਈਬਰ ਅਪਰਾਧ ਆਦਿ ਵਰਗੇ ਉੱਭਰਦੇ ਖੇਤਰਾਂ ਵਿੱਚ ਗਹਿਰਾਈ ਤੱਕ ਜਾਣ ਲਈ ਮਜ਼ਬੂਤ ਕਾਰਜ ਸਬੰਧ ਵਿਕਸਤ ਕੀਤਾ ਹੈ।

- Advertisement -
Share this Article
Leave a comment