ਭਾਜਪਾ ਨਾਲ ਗੱਠਜੋੜ ਦੇਸ਼, ਸੂਬੇ ਦੇ ਹਿੱਤ ‘ਚ: ਕੈਪਟਨ ਅਮਰਿੰਦਰ 

TeamGlobalPunjab
5 Min Read

ਬਠਿੰਡਾ: ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ- ਸੰਯੁਕਤ ਦੇ ਨਾਲ ਗੱਠਜੋੜ ਦੇਸ਼ ਅਤੇ ਸੂਬੇ ਦੇ ਹਿੱਤ ਵਿੱਚ ਹੈ।

ਇੱਥੇ ਸੀਨੀਅਰ ਕਾਂਗਰਸੀ ਆਗੂ ਰਾਜ ਨੰਬਰਦਾਰ ਨੂੰ ਪਾਰਟੀ ਚ ਸ਼ਾਮਲ ਕਰਨ ਤੋਂ ਬਾਅਦ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਕਈ ਚੁਣੌਤੀਆਂ, ਖਾਸ ਤੌਰ ਤੇ ਸੁਰੱਖਿਆ ਅਤੇ ਆਰਥਿਕ ਫਰੰਟ ਤੇ, ਦਾ ਸਾਹਮਣਾ ਕਰ ਰਿਹਾ ਹੈ। ਅਜਿਹੇ ਵਿੱਚ ਭਾਜਪਾ ਹੀ ਇਕੋਮਾਤਰ ਪਾਰਟੀ ਹੈ, ਜਿਹੜੀ ਇਨ੍ਹਾਂ ਮੁੱਦਿਆਂ ਤੇ ਧਿਆਨ ਰੱਖ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕੱਲ੍ਹ ਫਿਰੋਜ਼ਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਕੇ ਖੁਸ਼ੀ ਮਹਿਸੂਸ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਹ ਲੰਬੇ ਵਕਤ ਤੋਂ ਜਾਣਦੇ ਹਨ, ਜਿਹੜੇ ਪੰਜਾਬ ਅਤੇ ਪੰਜਾਬੀਆਂ ਬਾਰੇ ਚਿੰਤਤ ਹਨ ਤੇ ਪੰਜਾਬ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਆਉਂਦੀਆਂ ਚੋਣਾਂ ਦੌਰਾਨ ਗੱਠਜੋੜ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਵੋਟ ਕਰਨ ਵੇਲੇ ਉਹ ਸੂਬੇ, ਦੇਸ਼ ਅਤੇ ਆਪਣੇ ਇਲਾਕੇ ਦੇ ਹਿੱਤਾਂ ਨੂੰ ਧਿਆਨ ਚ ਰੱਖਣ।
ਬਾਅਦ ਵਿਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਪਰ ਜੰਮ ਕੇ ਵਰ੍ਹੇ, ਜਿਹੜੇ ਪੰਜਾਬ ਦੇ ਲੋਕਾਂ ਨੂੰ ਉਹ ਵਾਅਦੇ ਕਰ ਰਹੇ ਹਨ, ਜਿਨ੍ਹਾਂ ਨੂੰ ਉਹ ਵੀ ਜਾਣਦੇ ਹਨ ਕਿ ਪੂਰੇ ਨਹੀਂ ਹੋ ਸਕਦੇ। ਸਿੱਧੂ ਵਲੋਂ ਮਹਿਲਾਵਾਂ ਅਤੇ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਹੈਰਾਨੀ ਪ੍ਰਗਟਾਈ ਕਿ ਕੀ ਉਹ (ਸਿੱਧੂ) ਉਨ੍ਹਾਂ ਦੀਆਂ ਆਰਥਿਕ ਮਜਬੂਰੀਆਂ ਬਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕਰਜ਼ਾ ਪਹਿਲਾਂ ਹੀ ਕਰੀਬ 5  ਲੱਖ ਕਰੋੜ ਰੁਪਏ ਨੂੰ ਪਹੁੰਚ ਚੁੱਕਾ ਹੈ ਅਤੇ ਉਹ ਨਹੀਂ ਜਾਣਦੇ ਕਿ ਸਿੱਧੂ ਤੇ ਕੇਜਰੀਵਾਲ ਕਿਵੇਂ ਇਨ੍ਹਾਂ ਸਕੀਮਾਂ ਨੂੰ ਲਾਗੂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਉਹੀ ਸਿੱਧੂ ਹਨ, ਜਿਹੜੇ ਇਕ ਮਹੀਨੇ ਪਹਿਲਾਂ ਆਪਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰਿਆਇਤਾਂ ਅਤੇ ਵਾਅਦਿਆਂ ਲਈ ਵਿਰੋਧ ਕਰ ਰਹੇ ਸਨ ਤੇ ਹੁਣ ਖੁਦ ਹੀ ਉਹੀ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦਾ ਕਿਸੇ ਵੀ ਵਿਸ਼ੇ ਤੇ ਕੋਈ ਪੱਕਾ ਸਟੈਂਡ ਨਹੀਂ ਹੈ।

ਟਿਕਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਉਨ੍ਹਾਂ ਦੇ ਜਿੱਤਣ ਦੀ ਕਾਬਲੀਅਤ ਹੀ ਇਕੋਮਾਤਰ ਆਧਾਰ ਹੋਵੇਗੀ ਅਤੇ ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਤਿੰਨਾਂ ਪਾਰਟੀਆਂ ਨੇ ਆਪਸ ਚ ਵਿਚਾਰ ਸ਼ੁਰੂ ਕਰ ਦਿੱਤਾ ਹੈ।
ਮੁੱਖ ਮੰਤਰੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਤੇ ਵੀ ਗੱਠਜੋੜ ਦੀਆਂ ਪਾਰਟੀਆਂ ਮਿਲ ਕੇ ਫ਼ੈਸਲਾ ਕਰਨਗੀਆਂ।ਪੰਜਾਬ ਲਈ ਕਿਸੇ ਵਿਸ਼ੇਸ਼ ਪੈਕੇਜ ਲੈ ਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕੁਝ ਹਫਤੇ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਸੂਬੇ ਲਈ ਖੇਤੀ ਵਿਭਿੰਨਤਾ ਵਾਸਤੇ ਇਕ ਲੱਖ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਮੰਗਿਆ ਸੀ, ਜਿਸਨੂੰ 20 ਹਜ਼ਾਰ ਰੁਪਏ ਕਰੋੜ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਪੰਜ ਸਾਲਾਂ ਦੇ ਅੰਤਰਾਲ ਚ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੈਕੇਜ ਨੂੰ ਵਿਸ਼ੇਸ਼ ਤੌਰ ਤੇ ਭਾਰਤ ਅੰਦਰ ਦਾਲਾਂ ਦੀ ਉਪਜ ਵਧਾਉਣ ਅਤੇ ਉਸਨੂੰ ਪ੍ਰਮੋਟ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਕਿਉਂਕਿ ਭਾਰਤ ਹਰ ਸਾਲ 1.5 ਲੱਖ ਕਰੋਡ਼ ਰੁਪਏ ਦੀਆਂ ਦਾਲਾਂ ਇੰਪੋਰਟ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇੱਥੇ ਦਾਲਾਂ ਦਾ ਉਤਪਾਦਨ ਕਰਾਂਗੇ, ਤਾਂ ਅਸੀਂ ਵੱਡੀ ਮਾਤਰਾ ਚ ਵਿਦੇਸ਼ੀ ਮੁਦਰਾ ਨੂੰ ਬਚਾਉਣ ਸਣੇ ਵੱਡੇ ਪੱਧਰ ਤੇ ਝੋਨੇ ਦੀ ਖੇਤੀ ਨਾਲ ਡਿੱਗ ਰਹੇ ਜ਼ਮੀਨ ਹੇਠਾਂ ਪਾਣੀ ਦੇ ਪੱਧਰ ਨੂੰ ਵੀ ਬਚਾ ਸਕਦੇ ਹਾਂ।

- Advertisement -

ਚੰਨੀ ਵੱਲੋਂ ਉਨ੍ਹਾਂ ਤੇ ਪ੍ਰਦਰਸ਼ਨ ਨਾ ਕਰਨ ਸਬੰਧੀ ਲਗਾਏ ਜਾ ਰਹੇ ਦੋਸ਼ ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਚੰਨੀ ਸਣੇ ਹੋਰ ਕਾਂਗਰਸੀ ਆਗੂ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਵੋਟ ਮੰਗ ਰਹੇ ਹਨ, ਜਿਸ ਵਿਚੋਂ ਸਾਢੇ ਚਾਰ ਸਾਲ ਉਨ੍ਹਾਂ (ਕੈਪਟਨ ਅਮਰਿੰਦਰ) ਨੇ ਅਗਵਾਈ ਕੀਤੀ। ਤੁਸੀਂ ਉਨ੍ਹਾਂ ਤੋਂ ਪੁੱਛੋ ਕਿ ਜੇਕਰ ਮੈਂ ਪ੍ਰਦਰਸ਼ਨ ਨਹੀਂ ਕੀਤਾ, ਤਾਂ ਕਿਉਂ ਉਹ ਬੀਤੇ ਪੰਜ ਸਾਲਾਂ ਲਈ ਵੋਟ ਮੰਗ ਰਹੇ ਹਨ, ਆਪਣੇ ਤਿੰਨ ਮਹੀਨਿਆਂ ਲਈ ਕਿਉਂ ਨਹੀਂ? ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਹੜਾ ਪ੍ਰਾਜੈਕਟ 90 ਦਿਨਾਂ ਚ ਪੂਰਾ ਹੁੰਦਾ ਹੈ। ਆਮ ਤੌਰ ਤੇ ਕੋਈ ਵੀ ਪ੍ਰੋਜੈਕਟ ਪੂਰਾ ਹੋਣ ਚ 6 ਤੋਂ 18 ਮਹੀਨੇ ਦਾ ਵਕਤ ਲਗਦਾ ਹੈ। ਸਿਰਫ਼ ਐਲਾਨ ਕਰਨ ਨਾਲ ਉਪਲੱਬਧੀਆਂ ਨਹੀਂ ਹੋ ਜਾਂਦੀਆਂ।

Share this Article
Leave a comment