ਭਾਈ ਮਨੀ ਸਿੰਘ ਦੀ ਸ਼ਹਾਦਤ – ਸਿੱਖ ਇਤਿਹਾਸ ਦਾ ਅਹਿਮ ਪੰਨਾ

TeamGlobalPunjab
18 Min Read

-ਡਾ. ਚਰਨਜੀਤ ਸਿੰਘ ਗੁਮਟਾਲਾ;

ਡਾ. ਰਤਨ ਸਿੰਘ ਜੱਗੀ ਆਪਣੀ ਪੁਸਤਕ ਭਾਈ ਮਨੀ ਜੀਵਨ ਅਤੇ ਰਚਨਾ ਪ੍ਰਕਾਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਭਾਈ ਮਨੀ ਸਿੰਘ ਦੇ ਜੀਵਨ ਬਾਰੇ ਝਾਤ ਪਾਉਂਦੇ ਹੋਏ ਲਿਖਦੇ ਹਨ ਕਿ ਭਾਈ ਮਨੀ ਸਿੰਘ ਦਾ ਜਨਮ 1701 ਬਿ. ਨੂੰ ਐਤਵਾਰ ਚੇਤਰ ਸੁਦੀ ਬਾਰਵੀਂ (10 ਮਾਰਚ 1644 ਈ.) ਨੂੰ ਮੁਲਤਾਨ ਦੇ ਨੇੜੇ ਪਿੰਡ ਅਲੀਪੁਰ ਵਿਖੇ ਹੋਇਆ। ਉਹ 13 ਵਰ੍ਹਿਆਂ ਦੀ ਉਮਰ ਵਿੱਚ ਆਪਣੇ ਪਿਤਾ ਭਾਈ ਮਤੀ ਦਾਸ ਦੇ ਨਾਲ 7ਵੇਂ ਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕਰਨ ਲਈ ਕੀਰਤਪੁਰ ਆਏ। ਉਨ੍ਹਾਂ ਦੇ ਸੁੰਦਰ  ਅਤੇ ਹੋਣਹਾਰੀ ਸਰੂਪ ਨੂੰ ਵੇਖਦੇ ਗੁਰੂ ਜੀ ਨੇ ਕਿਹਾ, “ਮਨੀਆ ਇਹ ਗਨੀਆ ਹੋਵੇਗਾ ਧੀਰ ਜਗ ਸਚੇ!” ਕੀਰਤਪੁਰ ਉਹ ਗੁਰੂ ਦਰਬਾਰ ਵਿੱਚ ਦੋ ਸਾਲ ਰਹੇ। ਇਸ ਦੌਰਾਨ ਉਹ ਲੰਗਰ ਦੇ ਬਰਤਨ ਮਾਂਜਣ ਦੀ ਸੇਵਾ ਨਿਭਾਉਂਦੇ ਸਨ ਅਤੇ ਬਾਣੀ ਦਾ ਪਾਠ ਕਰਦੇ ਰਹਿੰਦੇ ਸਨ।

ਪੰਦਰਾਂ ਵਰ੍ਹਿਆਂ ਦੇ ਹੋਣ ‘ਤੇ ਮਾਈ ਦਾਸ ਉਨ੍ਹਾਂ ਨੂੰ ਵਾਪਸ ਲੈਣ ਲਈ ਗੁਰੂ ਦਰਬਾਰ ਵਿੱਚ ਹਾਜਰ ਹੋਏ ਅਤੇ ਗੁਰੂ ਜੀ ਪਾਸੋਂ ਉਨ੍ਹਾਂ ਦਾ ਵਿਆਹ ਕਰਨ ਲਈ ਆਗਿਆ ਲੈ ਕੇ ਵਾਪਸ ਆਏ। ਹਾੜ ਦੀ ਪੂਰਨਮਾਸ਼ੀ ਨੂੰ ਭਾਈ ਸਾਹਿਬ ਦਾ ਵਿਆਹ ਦਾ ਦਿਨ ਪੱਕਾ ਹੋਇਆ। ਬਰਾਤ ਖੈਰਪੁਰ ਜੋ ਅਲੀਪੁਰ ਤਹਿਸੀਲ ਜ਼ਿਲ੍ਹਾ ਮੁਲਤਾਨ ਤੋਂ ਕੋਈ 75 ਮੀਲ ਦੀ ਦੂਰੀ ‘ਤੇ ਹੈ ਵਿਖੇ ਯਾਦਵ ਬੰਸ ਦੇ ਲਖੀ ਰਾਇ ਵਣਜਾਰਾ ਦੇ ਘਰ ਢੁਕੀ। ਭਾਈ ਸਾਹਿਬ ਦੀ ਪਤਨੀ ਦਾ ਨਾਂ ਸੀਤੋ ਸੀ ।

ਵਿਆਹ ਤੋਂ ਪਿੱਛੋਂ ਕੁਝ ਸਮਾਂ ਆਪਣੇ ਘਰ ਰਹੇ ਤੇ ਫਿਰ ਆਪਣੇ ਵੱਡੇ ਦੋ ਭਰਾਵਾਂ ਭਾਈ ਜੇਠਾ ਤੇ ਭਾਈ ਦਿਆਲਾ ਨਾਲ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਬਾਰ ਵਿੱਚ ਕੀਰਤਪੁਰ ਪਹੁੰਚੇ ਤੇ ਲੰਗਰ ਦੀ ਸੇਵਾ ਵਿੱਚ ਲੱਗ ਗਏ।

- Advertisement -

ਸ੍ਰੀ ਗੁਰੂ ਹਰਿ ਰਾਇ ਜੀ ਦੇ ਜੋਤੀ ਜੋਤ ਸਮਾਉਣ ‘ਤੇ ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਸੇਵਾ ਵਿੱਚ ਰਹੇ ਤੇ ਉਨ੍ਹਾਂ ਨਾਲ ਦਿੱਲੀ ਵੀ ਗਏ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਮਾਤਾ (ਸ੍ਰੀ ਗੁਰੂ ਹਰਿ ਰਾਇ ਜੀ ਦੀ ਸੁਪਤਨੀ-ਮਾਤਾ ਸੁਲਖਣੀ) ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨਾਂ ਲਈ ਬਕਾਲੇ ਆਏ। ਉਸ ਸਮੇਂ ਉਨ੍ਹਾਂ ਦੀ ਉਮਰ 20 ਸਾਲ ਦੀ ਸੀ। ਉਨ੍ਹਾਂ ਦੇ ਦੋਵੇਂ ਭਰਾ ਭਾਈ ਜੇਠਾ ਜੀ ਤੇ ਭਾਈ ਦਿਆਲਾ ਜੀ ਤਾਂ ਗੁਰੂ ਦਰਬਾਰ ਵਿੱਚ ਹੀ ਰਹੇ ਪਰ ਆਪ ਕੁਝ ਸਮਾਂ ਬਕਾਲੇ ਰਹਿ ਕੇ ਤੁਲਸੀ, ਸ੍ਰੀ ਚੰਦ, ਨਠੀਆ, ਚੰਦਨ, ਰਾਏ ਅਤੇ ਊਦਾ ਆਦਿਕ ਸਿੱਖਾਂ ਨਾਲ ਅਲੀਪੁਰ ਵਾਪਸ ਆ ਗਏ। ਕੁਝ ਸਮਾਂ ਉੱਥੇ ਰਹਿਣ ਪਿੱਛੋਂ ਭਾਈ ਪ੍ਰਵਾਰ ਸਮੇਤ 1729 ਬਿ. (ਸੰਨ 1672) ਦੇ ਚੇਤਰ ਮਹੀਨੇ ਆਨੰਦਪੁਰ ਪਹੁੰਚੇ ਅਤੇ ਨੌਵੇਂ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ।

ਆਨੰਦਪੁਰ ਵਿੱਚ ਨਿਵਾਸ : ਕਸ਼ਮੀਰ ਦੇ ਪੰਡਿਤਾਂ ਦੀ ਪੁਕਾਰ ਸੁਣ ਕੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਨੂੰ ਗਏ, ਉਦੋਂ ਭਾਈ ਦਿਆਲਾ, ਊਦਾ ਅਤੇ ਚਾਰ ਹੋਰ ਸਿੱਖ ਗੁਰੂ ਸਾਹਿਬ ਨਾਲ ਦਿੱਲੀ ਗਏ ਅਤੇ ਜੇਠਾ ਤੇ ਭਾਈ ਮਨੀ ਸਿੰਘ ਆਦਿ ਸਿੱਖ ਬਾਲਕ ਗੋਬਿੰਦ ਰਾਏ ਪਾਸ ਆਨੰਦਪੁਰ ਹੀ ਰਹੇ। ਉਸ ਸਮੇਂ ਭਾਈ ਮਨੀ ਸਿੰਘ ਦੀ ਉਮਰ 35 ਸਾਲ ਸੀ। ਉਹ ਬੜੇ ਹਠੀ, ਤਪੱਸਵੀ, ਪੋਥੀਆਂ ਦੇ ਲਿਖਾਰੀ ਯੁੱਧ ਵਿੱਚ ਤਾਕ ਅਤੇ ਸਿੱਖੀ ਸਿਦਕ ਵਿੱਚ ਯਕੀਨ ਰੱਖਣ ਵਾਲੇ ਸਨ।

ਪਾਉਂਟਾ ਸਾਹਿਬ ਨੂੰ ਜਾਣਾ :- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਚਲੇ ਗਏ ਤੇ ਭਾਈ ਮਨੀ ਸਿੰਘ ਉਨ੍ਹਾਂ ਨਾਲ ਰਹੇ ਅਤੇ ਮਾਤਾ ਪੰਜਾਬ ਕੌਰ ਵੱਲੋਂ ਬਾਬਾ ਰਾਮ ਰਾਇ ਜੀ ਦੀ ਮ੍ਰਿਤੂ ਦੀ ਚਿੱਠੀ ਆਉਣ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਦੇਹਰਾਦੂਨ ਵੀ ਗਏ। ਗੁਰੂ ਦਰਬਾਰ ਵਿੱਚ ਉਨ੍ਹਾਂ ਦੀ ਬੜੀ ਮਹੱਤਤਾ ਸੀ। ਉਨ੍ਹਾਂ ਨੂੰ ਬਾਵਨ ਕਵੀਆਂ ਵਿੱਚ ਵੀ ਗਿਣਿਆ ਜਾਂਦਾ ਸੀ।

ਬਾਬਾ ਰਾਮ ਰਾਇ ਦੀ ਪਹਿਲੀ ਬਰਸੀ (24 ਭਾਦਸੋਂ ਸੰਮਤ 1745 ਬਿ.) ਦੇ ਮੌਕੇ ‘ਤੇ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ 50 ਚੋਣਵੇਂ ਸਿੱਖਾਂ ਸਮੇਤ ਡੇਹਰਾਦੂਨ ਭੇਜਿਆ। ਉੱਥੇ ਮਾਤਾ ਪੰਜਾਬ ਕੌਰ ਦੇ ਗੁਰਬਖ਼ਸ਼ ਨਾਂ ਦੇ ਇੱਕ ਰਾਮ ਰਾਮ ਰਾਈਏ ਸਾਧੂ ਨੂੰ ਧਿਕਾਰਨ ‘ਤੇ, ਉਸ ਨੇ ਦਸ਼ਮੇਸ਼ ਗੁਰੂ ਦੀ ਨਿੰਦਿਆ ਕੀਤੀ। ਭਾਈ ਮਨੀ ਸਿੰਘ ਆਦਿ ਹੋਰ ਪੰਜਾਹ ਸਿੱਖਾਂ ਨੇ ਗੁਰੂ-ਅਪਮਾਨ ਦਾ ਬਦਲਾ ਖੰਭਾ ਖੜਕਾ ਕੇ ਲਿਆ ਅਤੇ ਪਾਉਂਟਾ ਸਾਹਿਬ ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਸਾਰਾ ਹਾਲ ਸੁਣਾਇਆ।

ਸ਼ਾਰਮੌਰ (ਸਿਰਮੌਰ) ਦੇ ਰਾਜੇ ਫਤਹ ਸ਼ਾਹ ਨੇ 1745 ਬਿ. (ਸੰਨ 1688) ਦੇ 18 ਅਸੂ ਨੂੰ ਗੁਰੂ ਜੀ ਉਪਰ ਧਾਵਾ ਕੀਤਾ ਤਾਂ ਗੁਰੂ ਜੀ ਦੇ ਜਿਨ੍ਹਾਂ ਨਾਮੀਂ ਸਿੱਖਾਂ ਨੇ ਇਸ ਭੰਗਾਲੀ ਦੇ ਯੁੱਧ ਵਿੱਚ ਹਿੱਸਾ ਲਿਆ, ਉਨ੍ਹਾਂ ਵਿੱਚ ਭਾਈ ਮਨੀ ਸਿੰਘ ਦਾ ਵਿਸ਼ੇਸ਼ ਉਲੇਖਯੋਗ ਹੈ।

- Advertisement -

ਫਿਰ ਆਨੰਦਪੁਰ ਵਿੱਚ : ਕਹਿਲੂਰ ਦੇ ਰਾਜੇ ਭੀਮ ਚੰਦ ਨੇ ਸੰਕਟ ਬਣਨ ‘ਤੇ ਗੁਰੂ ਜੀ ਦੀ ਸਹਾਇਤਾ ਲਈ ਪ੍ਰਾਥਨਾ ਕੀਤੀ। ਗੁਰੂ ਜੀ ਸਹਾਇਤਾ ਲਈ ਨਦੌਣ ਗਏ। ਸੰਮਤ 1747 (ਸੰਨ 1690) ਦੇ ਚੇਤਰ ਮਹੀਨੇ ਦੀ 22 ਨੂੰ ਹੋਏ ਨਦੌਣ ਦੇ ਯੁੱਧ ਵਿੱਚ ਭਾਈ ਮਨੀ ਸਿੰਘ ਵੀ ਹੋਰਨਾਂ ਸਿੰਘਾਂ ਸਮੇਤ ਸ਼ਾਮਲ ਹੋਏ। ਨਦੌਣ ਤੋਂ ਵਾਪਸ ਆਉਣ ‘ਤੇ ਭਾਈ ਮਨੀ ਸਿੰਘ ਦੇ ਸਿੱਖੀ ਸਿਦਕ ਤੋਂ ਪ੍ਰਸੰਨ ਹੋ ਗੁਰੂ ਜੀ ਨੇ ਸੰਮਤ 1748 (1691 ਈ.) ਨੂੰ ਵਿਸਾਖੀ ਵਾਲੇ ਦਿਨ ਉਨ੍ਹਾਂ ਨੂੰ ਗੁਰੂ ਦਰਬਾਰ ਦੀ ਦੀਵਾਨਗੀ ਦੀ ਪਦਵੀ ਬਖਸ਼ੀ।

1756 ਬਿ. (1699 ਈ. ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਭਾਈ ਮਨੀ ਸਿੰਘ ਨੇ ਵੀ ਅੰਮ੍ਰਿਤਪਾਨ ਕੀਤਾ। ਉਸ ਸਮੇਂ ਉਨ੍ਹਾਂ ਦੇ ਭਰਾਵਾਂ ਅਤੇ ਪੰਜ ਪੁੱਤਰਾਂ ਬਚਿਤ੍ਰ ਸਿੰਘ, ਉਦੇ ਸਿੰਘ, ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ ਨੇ ਅੰਮ੍ਰਿਤ ਛਕਿਆ ਤੇ ਉਹ ਭਾਈ ਮਨੀ ਰਾਮ ਤੋਂ ਭਾਈ ਮਨੀ ਸਿੰਘ ਬਣ ਗਏ।

ਸੰਮਤ 1752 ਬਿ. (1695 ਈ.) ਵਿੱਚ ਹੁਸੈਨ ਖ਼ਾਨ ਨਾਲ ਹੋਏ ਗੁਰੂ ਜੀ ਨੇ ਯੁੱਧ ਵਿੱਚ ਵੀ ਭਾਈ ਮਨੀ ਸਿੰਘ ਸ਼ਾਮਲ ਹੋਏ। ਇਸ ਤਰ੍ਹਾਂ ਲਗਭਗ ਉਹ ਸਾਰੇ ਯੁੱਧਾਂ ਵਿੱਚ ਸ਼ਾਮਲ ਹੋਏ ਤੇ ਆਪਣੇ ਜੌਹਰ ਵਿਖਾਏ। ਇਸ ਤਰ੍ਹਾਂ ਉਨ੍ਹਾਂ ਦਾ ਸਾਰੇ ਸਿੱਖਾਂ ਸਮੇਤ ਅਤੇ ਗੁਰੂ ਦਰਬਾਰ ਵਿੱਚ ਵਿਸ਼ੇਸ਼ ਆਦਰ ਸਤਿਕਾਰ ਹੋਣ ਲੱਗਾ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਵਿੱਚ ਵਿਸ਼ੇਸ਼ ਰੁਚੀ ਰੱਖਦੇ ਸਨ। ਇਸ ਤਰ੍ਹਾਂ ਉਹ ਆਪਣੇ ਯੁੱਗ ਦੇ ਸਰਵ ਪ੍ਰਮੁਖ ਕਥਾ ਵਾਚਕ ਸਿੱਧ ਹੁੰਦੇ ਹਨ।

ਅੰਮ੍ਰਿਤਸਰ ਵਿੱਚ ਗ੍ਰੰਥੀ ਬਣ ਕੇ ਜਾਣਾ : ਸੋਢੀ ਹਰਿ ਜੀ ਦੀ ਮ੍ਰਿਤੂ 20 ਵਿਸਾਖ 1753 ਬਿ. (1696 ਈ.) ਵਿੱਚ ਹੋਈ ਸੀ। ਇਸ ਪਿੱਛੋਂ ਸੋਢੀਆਂ ਵਿੱਚ ਆਪਸ ਵਿੱਚ ਵਿੱਥਾਂ ਪੈ ਗਈਆਂ ਸਨ। ਉਨ੍ਹਾਂ ਦੀ ਸੰਗਤ ਤਿੰਨ ਪੁੱਤਰਾਂ ਹਰਿ ਗੋਪਾਲ, ਕਵਲ ਨੈਨ ਅਤੇ ਨਿਰੰਜਨ ਰਾਇ ਵਿੱਚ ਵੰਡੀ ਗਈ ਤੇ ਇਹ ਤਿੰਨੇ ਭਰਾ ਅੰਮ੍ਰਿਤਸਰ ਦਾ ਨਿਵਾਸ ਛੱਡ ਕੇ ਘਰਾਂਚੋ, ਢਿਲਵਾਂ ਅਤੇ ਗੁਰੂ ਕੇ ਕੋਠੇ ਨਾਂ ਦੇ ਮਾਲਵੇ ਦੇ ਇਲਾਕੇ ਵਿੱਚ ਜਾ ਵੱਸੇ, ਇਸ ਦੇ ਸਿੱਟੇ ਵਜੋਂ ਰਾਮਦਾਸਪੁਰ (ਅੰਮ੍ਰਿਤਸਰ) ਦੀ ਸੰਗਤ ਨੇ ਆਨੰਦਪੁਰ ਸਾਹਿਬ ਜਾ ਕੇ ਗੁਰੂ ਜੀ ਨੂੰ ਅਕਾਲ ਬੂੰਗੇ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਕਰਨ ਲਈ ਸੇਵਾਦਾਰ ਭੇਜਣ ਦੀ ਬੇਨਤੀ ਕੀਤੀ। 1755 ਬਿ. ਨੂੰ ਵਿਸਾਖੀ ਦੀ ਜੁੜੀ ਸੰਗਤ ਵੇਲੇ ਗੁਰੂ ਜੀ ਨੇ ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਦੀ ਸੇਵਾ ਦਾ ਆਦੇਸ਼ ਦਿੱਤਾ। ਭਾਈ ਸਾਹਿਬ ਪੰਜ ਸਿੰਘਾਂ ਭੂਪਤਿ ਸਿੰਘ, ਗੁਲਜ਼ਾਰ ਸਿੰਘ, ਕੋਇਰ ਸਿੰਘ, ਦਾਨ ਸਿੰਘ ਅਤੇ ਕੀਰਤ ਸਿੰਘ ਸੰਗਤ ਨਾਲ ਅੰਮ੍ਰਿਤਸਰ ਲਈ ਰਵਾਨਾ ਹੋਏ। ਅੰਮ੍ਰਿਤਸਰ ਪਹੁੰਚ ਕੇ ਉਨ੍ਹਾਂ ਮੀਣਿਆਂ ਵੱਲੋਂ ਪਾਈਆਂ ਕੁਪ੍ਰਥਾਵਾਂ ਨੂੰ ਦੂਰ ਕੀਤਾ ਤੇ ਸਿੱਖੀ ਦੀ ਮਰਿਆਦਾ ਨੂੰ ਮੁੜ ਬਹਾਲ ਕੀਤਾ। ਸੰਗਤਾਂ ਦੂਰੋਂ ਦੂਰੋਂ ਆਉਣ ਲੱਗੀਆਂ ਤੇ ਰੌਣਕ ਵੱਧਣ ਲੱਗੀ।

ਹੁਕਮਨਾਮਾ ਪ੍ਰਾਪਤ ਕਰਨਾ : ਭਾਈ ਮਨੀ ਸਿੰਘ ਅੰਮ੍ਰਿਤਸਰ ਕਈ ਸਾਲ ਰਹੇ ਤੇ ਕਈ ਵੇਰ ਆਨੰਦਪੁਰ ਸਾਹਿਬ ਵੀ ਗਏ। ਉਨ੍ਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਨ੍ਹਾਂ ਨੂੰ ਹੁਕਮਨਾਮਾ ਵੀ ਦਿੱਤਾ। ਹੁਕਮਨਾਮਾ ਪ੍ਰਾਪਤ ਕਰਕੇ ਭਾਈ ਮਨੀ ਸਿੰਘ ਗੁਰੂ ਜੀ ਦੀ ਆਗਿਆ ਲੈ ਕੇ ਅੰਮ੍ਰਿਤਸਰ ਆ ਗਏ। ਇੱਧਰ ਆਨੰਦਪੁਰ ਵਿੱਚ ਯੁੱਧ ਕਰਨ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਦੇਸ਼ ਵੱਲ ਨਿਕਲ ਗਏ। ਭਾਈ ਮਨੀ ਸਿੰਘ ਨੂੰ ਅੰਮ੍ਰਿਤਸਰ ਵਿੱਚ ਸੂਚਨਾ ਮਿਲੀ ਕਿ ਵੈਰੀਆਂ ਨਾਲ ਹੋਏ ਯੁੱਧਾਂ ਵਿੱਚ ਗੁਰੂ ਜੀ ਦੇ ਮਾਤਾ ਜੀ, ਚਾਰ ਸਾਹਿਬਜਾਦੇ ਅਤੇ ਹੋਰ ਅਨੇਕ ਸਿੰਘ ਸ਼ਹੀਦ ਹੋ ਗਏ ਸਨ ਤੇ ਭਾਈ ਮਨੀ ਸਿੰਘ ਦੇ ਪੰਜ ਪੁੱਤਰ ਵੀ ਇਨ੍ਹਾਂ ਸ਼ਹੀਦਾਂ ਵਿਚ ਸ਼ਾਮਲ ਸਨ।

ਜਦੋਂ ਗੁਰੂ ਜੀ ਮਾਲਵੇ ਖੇਤਰ ਵਿੱਚ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਭਾਈ ਮਨੀ ਸਿੰਘ ਵੀ ਸੰਗਤ ਨਾਲ ਗੁਰੂ ਜੀ ਦੇ ਦਰਸ਼ਨਾਂ ਨੂੰ ਪਹੁੰਚੇ। ਉੱਥੋਂ ਗੁਰੂ ਜੀ ਨਾਲ ਦੱਖਣ ਵੱਲ ਗਏ। ਬਘੌਰ ਰਾਜਸਥਾਨ ਨਾਂ ਦੇ ਕਸਬੇ ਤੋਂ ਭਾਈ ਮਨੀ ਸਿੰਘ ਰਾਮ ਕੌਰ, ਭਾਈ ਗੁਰਬਖਸ਼ ਸਿੰਘ ਆਦਿ ਨੂੰ ਗੁਰੂ ਜੀ ਨੇ ਧੀਰਜ ਦੇ ਕੇ ਵਾਪਸ ਭੇਜ ਦਿੱਤਾ। ਅੰਮ੍ਰਿਤਸਰ ਵਾਪਸ ਆ ਕੇ ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਵਿਸ਼ੇਸ਼ ਸਾਖੀਆਂ ਰਚ ਕੇ ਧੀਰਜ ਦੇਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤਸਰ ਵਿੱਚ ਭੇੜ :- ਇਸ ਤਰ੍ਹਾਂ ਗੁਰ ਉਪਦੇਸ਼ ਕਰਦਿਆਂ ਅਤੇ ਜਸ ਗਾਂਦਿਆਂ ਨੂੰ ਢਾਈ ਸਾਲ ਬੀਤ ਗਏ।ਇਸ ਉਪਰੰਤ ਸੰਮਤ 1766 (1709 ਈ.) ਦੀ ਵਿਸਾਖੀ ਵਾਲੇ ਦਿਨ ਸੰਗਤਾਂ ਦੂਰੋ ਦੂਰੋ ਆਈਆਂ ਤੇ ਦੀਵਾਨ ਸਜਿਆ। ਇਸ ਸਮੇਂ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਮੀਣਿਆਂ ਨੇ ਭਾਈ ਮਨੀ ਸਿੰਘ ਵਿਰੁੱਧ ਲਾਹੌਰ ਦੇ ਨਾਜ਼ਮ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਭਾਈ ਮਨੀ ਸਿੰਘ ਨੂੰ ਪੱਟੀ ਤੋਂ ਸੂਚਨਾ ਮਿਲੀ ਕਿ ਉੱਥੋਂ ਦਾ ਅਮੀਰ ਹਰਸਾ (ਹਰਿ ਸਹਾਇ) ਚੂਹੜ ਮੱਲ ਦੀ ਸਹਾਇਤਾ ਲਈ ਅੰਮ੍ਰਿਤਸਰ ਉੱਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਈ ਮਨੀ ਸਿੰਘ ਨੇ ਸਿੱਖਾਂ ਨੂੰ ਚੂਹੜ ਮਲ ਨੂੰ ਢੰਡ ਦੇਣ ਲਈ ਪ੍ਰੇਰਿਤ ਕੀਤਾ। ਸਿੱਖਾਂ ਤੋਂ ਮਾਰ ਖਾ ਕੇ ਤੇ ਘਰ ਲੁਟਵਾ ਕੇ ਉਹ ਹਰਿ ਸਹਾਇ ਪਾਸ ਪੱਟੀ ਗਿਆ ਤੇ ਇਧਰੋਂ ਭਾਈ ਮਨੀ ਸਿੰਘ ਨੇ ਚਿੱਠੀਆਂ ਲਿਖ ਕੇ ਸਿੱਖਾਂ ਨੂੰ ਧਰਮ ਯੁੱਧ ਲਈ ਅੰਮ੍ਰਿਤਸਰ ਬੁਲਾਇਆ। ਚੂਹੜ ਮਲ ਦੀ ਪੁਕਾਰ ਸੁਣ ਕੇ ਹਰਿ ਸਹਾਇ ਨੇ ਅੰਮ੍ਰਿਤਸਰ ‘ਤੇ ਚੜਾਈ ਕਰ ਦਿੱਤੀ। ਲੜਾਈ ਵਿੱਚ ਹਰਿ ਸਹਾਇ ਮਾਰਿਆ ਗਿਆ।

ਇਸ ਲੜਾਈ ਤੋਂ ਬਾਅਦ ਚੂਹੜ ਮਲ ਲਾਹੌਰ ਦੇ ਨਾਜ਼ਮ ਅਸਲਮ ਖਾਂ ਪਾਸ ਜਾ ਕੇ ਰੋਇਆ। ਉਸ ਨੇ ਸਲਾਹ ਕਰਕੇ ਦੇਵਾ ਨਾਂ ਦੇ ਇੱਕ ਜੱਟ ਨੂੰ ਫੌਜ ਅਤੇ ਮੁਲਖਈਏ ਸਮੇਤ ਲਾਹੌਰੋਂ ਅੰਮ੍ਰਿਤਸਰ ਉੱਤੇ ਹਮਲਾ ਕਰਨ ਲਈ ਭੇਜਿਆ। ਇੱਧਰੋਂ ਭਾਈ ਮਨੀ ਸਿੰਘ ਨੇ ਵੀ ਯੁੱਧ ਲਈ ਸਿੰਘਾਂ ਨੂੰ ਉਤਸ਼ਾਹਿਤ ਕੀਤਾ। ਇਹ ਯੁੱਧ 1766 ਬਿ. (1709 ਈ.) ਵਿੱਚ ਗੁਰੂ ਕੇ ਚੱਕ ਤੋਂ ਤਿੰਨ ਕੁ ਕੋਹਾਂ ਦੀ ਵਿੱਥ ‘ਤੇ ਢਾਈ ਪਹਿਰਾਂ (ਜਾਮਾਂ) ਤੱਕ ਹੁੰਦਾ ਰਿਹਾ। ਵੈਰੀ ਹਾਰ ਕੇ ਭੱਜ ਗਏ ਅਤੇ ਚੂਹੜ ਮਲ ਅਤੇ ਦੇਵਾ ਜੱਟ ਵੀ ਬਚ ਕੇ ਖਿਸਕ ਗਏ। 1768 ਬਿ. (1711 ਈ.) ਨੂੰ ਅੰਮ੍ਰਿਤਸਰ ਹੱਲੋ ਮਹੱਲੇ ਦੇ ਪੁਰਬ ਉੱਤੇ ਦਸਮ ਗੁਰੂ ਜੀ ਦੇ ਮਾਮਾ ਕ੍ਰਿਪਾਲ ਸਣੇ ਬਾਬਾ ਅਜੀਤ ਸਿੰਘ (ਮਾਤਾ ਜੀ ਦੇ ਪਾਲਿਤ ਪੁੱਤਰ) ਸਣੇ ਦਿੱਲੀ ਤੋਂ ਆਏ ਅਤੇ ਵਰਤਮਾਨ ਸਥਿਤੀ ਤੋਂ ਸਿੰਘਾਂ ਨੂੰ ਜਾਣੂ ਕਰਵਾ ਕੇ ਅੱਗੋਂ ਲਈ ਸੁਚੇਤ ਕੀਤਾ ਅਤੇ ਆਪ ਦਿੱਲੀ ਵਾਪਿਸ ਚਲੇ ਗਏ। ਪੰਥ ਵਿੱਚ ਏਕਤਾ ਕਰਾਉਣਾ :- ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਛੇ ਸਾਲ ਪਿੱਛੋਂ ਸਿੱਖਾਂ ਦੇ ਦੋ ਧੜੇ ਬਣ ਗਏ। ਇੱਕ ਧੜਾ ਅਕਾਲ ਪੁਰਖੀਆਂ (ਤੱਤ ਖਾਲਸਾ-ਨਿਹੰਗ ਸਿੰਘਾਂ) ਦਾ ਸੀ ਜੋ ਦਸਮ ਪਾਤਸ਼ਾਹ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਸੀ। ਦੂਜਾ ਧੜਾ ਬੰਦਈ ਖਾਲਸਾ ਸੀ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਗਿਆਰਵਾਂ ਗੁਰੂ ਮੰਨਦਾ ਸੀ ਤੇ ਉਸ ਸਮੇਂ ਇਸ ਧੜੇ ਦਾ ਨੇਤਾ ਮਹੰਤ ਅਮਰ ਸਿੰਘ ਖੇਮਕਰਨੀਆਂ ਸੀ। ਮਾਤਾ ਸੁੰਦਰੀ ਜੀ ਨੇ ਇਸ ਦਾ ਨਿਬੇੜਾ ਕਰਨ ਲਈ ਦਿੱਲੀ ਤੋਂ ਭਾਈ ਮਨੀ ਸਿੰਘ ਨੂੰ ਚਿੱਠੀ ਲਿਖੀ। ਆਪ ਨੇ ਇਸ ਦਾ ਨਿਪਟਾਰਾ ਸਰੋਵਰ ਵਿੱਚ ਪਰਚੀਆਂ ਪਾ ਕੇ ਕੀਤਾ। ਬੰਦਈਆ ਦੀ ਪਰਚੀ ਡੁੱਬ ਗਈ ਤੇ ਅਕਾਲ ਪੁਰਖੀਆ (ਨਿਹੰਗਾਂ) ਦੀ ਤਰ ਗਈ।

ਦੀਵਾਲੀ ਦਾ ਪੁਰਬ :- ਉਪਰੋਕਤ ਏਕਤਾ ਦੇ ਤਿੰਨ ਕੁ ਮਹੀਨੇ ਪਿੱਛੋਂ ਮਾਘ ਸੁਦੀ ਚੌਥ ਸੰਮਤ 1780 ਬਿ. (1723 ਈ.) ਨੂੰ ਅਚਾਨਕ ਦਿੱਲੀ ਵਿੱਚ ਇੱਕ ਘਟਨਾ ਵਾਪਰੀ ਜਿਸ ਵਿੱਚ ਬਾਬਾ ਅਜੀਤ ਸਿੰਘ ਨੂੰ ਹੋਰ ਸੱਠ ਜੁਝਾਰੂ ਸਿੰਘ ਸਮੇਤ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਮਾਤਾ ਸੁੰਦਰੀ ਜੀ ਬਾਬਾ ਅਜੀਤ ਸਿੰਘ ਦੇ ਪੁੱਤਰ ਹਠੀ ਸਿੰਘ ਨੂੰ ਲੈ ਕੇ ਦਿੱਲੀਓਂ ਭਰਤ ਗੜ੍ਹ ਦੇ ਰਸਤੇ ਮਥਰਾ ਨੂੰ ਨਿਕਲ ਗਏ। ਸਿੱਖਾਂ ਉਪਰ ਹਰ ਪਾਸਿਓਂ ਮੁਸੀਬਤ ਦੇ ਪਹਾੜ ਟੁੱਟ ਪਏ। ਸਿੰਘ ਇੱਧਰ ਉਧਰ ਪਹਾੜਾਂ ਵੱਲ ਨੂੰ ਚਲੇ ਗਏ। ਭਾਈ ਮਨੀ ਸਿੰਘ ਦੀ ਉਮਰ ਉਸ ਸਮੇਂ 90 ਸਾਲ ਸੀ। ਉਹ ਅੰਮ੍ਰਿਤਸਰ ਹੀ ਰਹੇ। ਉਸ ਸਮੇਂ ਅੰਮ੍ਰਿਤਸਰ ਵਿੱਚ ਦੀਵਾਲੀ ਦਾ ਪੁਰਬ ਮਨਾਉਣ ‘ਤੇ ਮੁਗਲਾਂ ਨੇ ਕੁਝ ਸਾਲਾਂ ਤੋਂ ਰੋਕ ਲਾਈ ਹੋਈ ਸੀ। ਸੰਮਤ 1790 ਬਿ. (1733 ਈ.) ਦੀ ਦੀਵਾਲੀ ਦਾ ਪੁਰਬ ਨੇੜੇ ਆ ਚੁੱਕਾ ਸੀ। ਇਸ ਨੂੰ ਮਨਾਉਣ ਲਈ ਭਾਈ ਸਾਹਿਬ ਲਾਹੌਰ ਗਏ। ਉਨ੍ਹਾਂ ਸ. ਸੁਬੇਗ ਸਿੰਘ, ਸ. ਸੂਰਤ ਸਿੰਘ ਆਦਿ ਲਾਹੌਰ ਦੇ ਨਿਵਾਸੀ ਨਾਮੀਂ ਸਿੰਘਾਂ ਰਾਹੀਂ ਦੀਵਾਲੀ ਦਾ ਮੇਲਾ ਮਨਾਉਣ ਲਈ ਸੂਬੇਦਾਰ ਜ਼ਕਰੀਆ ਖ਼ਾਨ ਨਾਲ ਗੱਲ ਤੋਰੀ।ਸੂਬੇ ਨੇ ਮੇਲੇ ਦੀ ਇਜਾਜ਼ਤ ਦੇਣ ਲਈ ਜ਼ਜ਼ੀਆ (ਕਰ) ਮੰਗਿਆ। ਭਾਈ ਸਾਹਿਬ ਮੇਲੇ ਦੇ ਬਾਅਦ ਇਹ ਕਰ ਦੇਣਾ ਮੰਨ ਗਏ। ਇਧਰ ਮੀਣਿਆਂ ਨੇ ਸਿੱਖਾਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀਆਂ ਗੋਦਾਂ ਗੁੰਦੀਆਂ ਤੇ ਸੂਬੇ ਨੂੰ ਉਕਸਾਇਆ।

ਸਾਜਿਸ਼ ਦਾ ਪਤਾ ਲੱਗਣ ‘ਤੇ ਲਾਹੌਰ ਨਿਵਾਸੀਆਂ ਨੇ ਭਾਈ ਮਨੀ ਸਿੰਘ ਨੂੰ ਸੂਚਿਤ ਕੀਤਾ। ਮੁਸਲਮਾਨ ਅਧਿਕਾਰੀਆਂ ਦੀ ਮਾੜੀ ਨੀਅਤ ਵੇਖ ਕੇ ਭਾਈ ਮਨੀ ਸਿੰਘ ਨੇ ਤੁਰੰਤ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਵਰਜ ਦਿੱਤਾ। ਸੰਗਤ ਨਾ ਆਈ ਤੇ ਫੌਜਦਾਰ ਲਖਪਤ ਰਾਇ ਝਖ ਮਾਰ ਕੇ ਵਾਪਸ ਪਰਤ ਗਿਆ। ਦਰਬਾਰ ਸਾਹਿਬ ਚੜ੍ਹਤ ਬਹੁਤ ਘਟ ਚੜ੍ਹੀ, ਜਿਸ ਕਰਕੇ ਕਰ ਦੀ ਰਕਮ ਅਦਾ ਨਾ ਕੀਤੀ ਜਾ ਸਕੀ।

ਸੂਬੇ ਨੇ ਕਰ ਨਾ ਮਿਲਣ ‘ਤੇ ਭਾਈ ਮਨੀ ਸਿੰਘ ਦੀ ਜਵਾਬ ਤਲਬੀ ਕੀਤੀ। ਭਾਈ ਸਾਹਿਬ ਨੇ ਭਾਈ ਭੂਪਤਿ ਸਿੰਘ ਅਤੇ ਭਾਈ ਗੁਲਜਾਰ ਸਿੰਘ ਰਾਹੀਂ ਲਾਹੌਰ ਦੇ ਸੂਬੇਦਾਰ ਨੂੰ ਸੂਚਿਤ ਕੀਤਾ ਕਿ ਚੜ੍ਹਤ ਘਟ ਚੜ੍ਹੀ ਹੈ, ਇਸ ਲਈ ਰਕਮ ਅਦਾ ਕਰਨੀ ਸੰਭਵ ਨਹੀਂ।ਹਾਂ, ਵਿਸਾਖੀ ਪੁਰਬ ਤੋਂ ਬਾਅਦ ਇਹ ਰਕਮ ਭੇਜੀ ਜਾ ਸਕੇਗੀ। ਸਿੰਘਾਂ ਨੇ ਦਸ ਦਿਨਾਂ ਲਈ ਵਿਸਾਖੀ ਦਾ ਪੁਰਬ ਮਨਾਉਣ ਲਈ ਦਸ ਹਜ਼ਾਰ ਰੁਪਏ ਦੇਣ ਕਰਕੇ ਪ੍ਰਵਾਨਗੀ ਲਿਖਤੀ ਰੂਪ ਵਿੱਚ ਪ੍ਰਾਪਤ ਕਰ ਲਈ। ਵਿਸਾਖੀ ਦਾ ਪੁਰਬ :- ਪੰਜ ਮਹੀਨਿਆਂ ਦਾ ਸਮਾਂ ਬੀਤਣ ਉਪਰੰਤ ਵਿਸਾਖੀ ਦਾ ਪੁਰਬ ਆ ਗਿਆ। ਭਾਈ ਮਨੀ ਸਿੰਘ ਨੂੰ ਸਾਜਿਸ਼ ਦਾ ਪਤਾ ਲੱਗ ਗਿਆ ਸੀ ਕਿ ਸਿੱਖਾਂ ਨੂੰ ਖ਼ਤਮ ਕਰਨ ਲਈ ਲਖਪਤ ਰਾਇ ਨਾਂ ਦੇ ਵਜ਼ੀਰ ਨੂੰ ਲਾਹੌਰ ਦੇ ਸੂਬੇਦਾਰ ਨੇ ਫੌਜ ਸਮੇਤ ਰਾਮ ਤੀਰਥ ਠਹਿਰਾ ਰੱਖਿਆ ਸੀ। ਸਿੱਟੇ ਵਜੋਂ ਲਾਹੌਰ ਦੀ ਫੌਜ ਨੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਅਤੇ ਭਾਈ ਮਨੀ ਸਿੰਘ ਆਦਿ ਨਾਮੀ ਸਿੱਖਾਂ ਨੂੰ ਲਾਹੌਰ ਫੜ੍ਹ ਕੇ ਲਾਹੌਰ ਲੈ ਗਏ। ਇਸ ਤੋਂ ਇਲਾਵਾ ਹੋਰ ਨੇੜੇ ਤੇੜੇ ਦੇ ਸਿੱਖ ਵੀ ਫੜ੍ਹ ਲਏ ਗਏ ਅਤੇ ਸਭ ਸਿੱਖਾਂ ਦੇ ਘਰ ਬਾਰ ਲੁਟ ਲਏ ਗਏ। ਸਭ ਪਾਸੇ ਹਾਹਾਕਾਰ ਮੱਚ ਗਈ। ਮਾੜੇ ਹਾਲਾਤਾਂ ਨੂੰ ਵੇਖਦੇ ਹੋਏ ਭਾਈ ਸੁਖਾ ਸਿੰਘ ਵਰਗੇ ਜੁਝਾਰੂ ਸਿੰਘ ਜੈਪੁਰ ਵੱਲ ਚਲੇ ਗਏ। ਲਾਹੌਰ ਦੇ ਸੂਬੇ ਨੇ ਅੰਮ੍ਰਿਤਸਰ ਸਰੋਵਰ ਮਿੱਟੀ ਤੇ ਹੱਡੀਆਂ ਆਦਿ ਨਾਲ ਪੂਰ ਦਿੱਤਾ।

ਸ਼ਹਾਦਤ :- ਲਾਹੌਰ ਦੇ ਦੇ ਜੇਲ ਖਾਨੇ ਵਿੱਚ ਭਾਈ ਮਨੀ ਨੂੰ ਨਿਤਪ੍ਰਤਿ ਕਥਾ ਸੁਣਾਉਂਦੇ। ਸੂਬੇ ਨੇ ਭਾਈ ਗੁਲਜ਼ਾਰ ਸਿੰਘ, ਭਾਈ ਭੂਪਤਿ ਸਿੰਘ, ਭਾਈ ਮੁਹਕਮ ਸਿੰਘ, ਭਾਈ ਚੈਨ ਸਿੰਘ, ਭਾਈ ਕੀਰਤ ਸਿੰਘ, ਭਾਈ ਆਲਮ ਸਿੰਘ, ਭਾਈ ਅਉਲੀਆ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਨ੍ਹ ਸਿੰਘ ਆਦਿ ਮੁੱਖੀ ਸਿੰਘਾਂ ਨੂੰ ਭਾਈ ਮਨੀ ਸਿੰਘ ਨਾਲ ਬਹੁਤ ਕਸ਼ਟ ਅਤੇ ਦੁੱਖ ਦਿੱਤਾ ਅਤੇ ਅੰਤ ਸੰਮਤ 1791 (1734 ਈ.) ਹਾੜ ਸੁਦੀ ਪੰਚਵੀਂ ਨੂੰ ਭਾਈ ਮਨੀ ਸਿੰਘ ਨੂੰ ਹੋਰ ਸਿੰਘਾਂ ਸਮੇਤ ਨਿਖਾਸ ਚੌਂਕ ਜਿੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਹੈ ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ।

ਭਾਈ ਸਾਹਿਬ ਦੇ ਨਾਂ ‘ਤੇ ਪ੍ਰਚਲਿਤ ਸਾਹਿਤ-ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :- (1) ਗਿਆਨ ਰਤਨਾਵਲੀ (ਜਨਮ ਸਾਖੀ) (2) ਭਗਤ ਰਤਨਾਵਲੀ (ਸਿੱਖਾਂ ਦੀ ਭਗਤ-ਮਾਲਾ) (3) ਗੁਰਬਿਲਾਸ ਪਾਤਸ਼ਾਹੀ 6 (4) ਉਥਨਿਕਾਵਾਂ (5) ਬੀੜਾਂ (6) ਇੱਕ ਚਿੱਠੀ ਪਰਿਵਾਰ :- ਭੱਟ-ਵਹੀਆਂ ਅਨੁਸਾਰ ਭਾਈ ਮਨੀ ਸਿੰਘ ਨੇ ਦੋ ਵਿਆਹ ਕੀਤੇ ਸਨ। ਪਹਿਲੀ ਪਤਨੀ ਸੀਤੋ ਬਾਈ ਤੋਂ ਉਨ੍ਹਾਂ ਦੇ ਘਰ ਸੱਤ ਪੁੱਤਰ ਪੈਦਾ ਹੋਏ-ਚਿਤ੍ਰ ਸਿੰਘ, ਬਚਿਤ੍ਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ ਅਤੇ ਗੁਰਬਖਸ਼ ਸਿੰਘ। ਦੂਜੀ ਪਤਨੀ ਖੇਮੀਂ ਤੋਂ ਤਿੰਨ ਪੁੱਤਰ ਪੈਦਾ ਹੋਏ-ਭਗਵਾਨ ਸਿੰਘ, ਬਲਰਾਮ ਸਿੰਘ ਅਤੇ ਦੇਸਾ ਸਿੰਘ। ਇਨ੍ਹਾਂ ਵਿੱਚੋਂ ਸੀਤੋ ਬਾਈ ਦੀ ਕੁਖੋਂ ਪੈਦਾ ਹੋਏ ਪੰਜ ਪੁੱਤਰਾਂ-ਬਚਿਤ੍ਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ ਅਤੇ ਅਜਾਇਬ ਸਿੰਘ ਦੀ ਸ਼ਹੀਦੀ 1705 ਈ. ਵਿੱਚ ਭਾਈ ਸਾਹਿਬ ਦੇ ਜੀਉਂਦੇ ਜੀ ਹੋ ਗਈ ਸੀ ਅਤੇ ਚਿਤ੍ਰ ਸਿੰਘ ਅਤੇ ਗੁਰਬਖਸ਼ ਦੀ ਸ਼ਹੀਦੀ ਭਾਈ ਸਾਹਿਬ ਦੇ ਨਾਲ 1734 ਈ. ਵਿੱਚ ਲਾਹੌਰ ਵਿੱਚ ਹੋਈ ਸੀ। ਭਾਈ ਮਨੀ ਸਿੰਘ ਦੀ ਸੰਤਾਨ ਵੱਲੋਂ ਸਮੇਂ ਸਮੇਂ ਬਲੀਦਾਨਾਂ ਦੀ ਇਸ ਲੜੀ ਵਿੱਚ ਆਪਣੇ ਸਿਰ ਪਰ੍ਹੋ ਕੇ ਇਸ ਲੜੀ ਦੀ ਲੰਬਾਈ ਵਧਾਈ ਜਾਂਦੀ ਰਹੀ ਹੈ। ਇਸ ਤਰ੍ਹਾਂ ਭਾਈ ਮਨੀ ਸਿੰਘ ਦਾ ਸਾਰਾ ਪਰਿਵਾਰ ਦ੍ਰਿੜ੍ਹਤਾ ਨਾਲ ਆਪਣਾ ਧਾਰਮਿਕ ਕਰਤੱਵ ਨਿਭਾਂਦਾ ਰਿਹਾ ਹੈ ਅਤੇ ਸ਼ਹੀਦੀਆਂ ਦੇ ਕੇ ਆਪਣਾ ਗੌਰਵ ਵਧਾਉਂਦਾ ਰਿਹਾ ਹੈ।

ਸੰਪਰਕ: 9417533060

Share this Article
Leave a comment