Home / ਪੰਜਾਬ / ਬਾਗਬਾਨੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ‘ਚ ਅਹਿਮ ਰੋਲ ਅਦਾ ਕਰਦੇ ਹਨ ਪਸਾਰ ਮਾਹਿਰ : ਡਾ. ਜਸਕਰਨ ਸਿੰਘ ਮਾਹਲ

ਬਾਗਬਾਨੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ‘ਚ ਅਹਿਮ ਰੋਲ ਅਦਾ ਕਰਦੇ ਹਨ ਪਸਾਰ ਮਾਹਿਰ : ਡਾ. ਜਸਕਰਨ ਸਿੰਘ ਮਾਹਲ

ਲੁਧਿਆਣਾ: ਪੀ.ਏ.ਯੂ. ਵਿੱਚ ਸਰਦ ਰੁੱਤ ਦੀਆਂ ਬਾਗਬਾਨੀ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਦੋ ਰੋਜ਼ਾ ਵਰਕਸ਼ਾਪ ਬੀਤੇ ਕੱਲ੍ਹ ਸੰਪੰਨ ਹੋ ਗਈ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਪਸਾਰ ਮਾਹਿਰਾਂ ਨੂੰ ਨਵੀਆਂ ਬਾਗਬਾਨੀ ਤਕਨੀਕਾਂ ਕਿਸਾਨਾਂ ਤੱਕ ਪਸਾਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ, ਖੁੰਬਾਂ ਦੀ ਖੇਤੀ, ਭੋਜਨ ਪ੍ਰੋਸੈਸਿੰਗ, ਵਾਢੀ ਤੋਂ ਬਾਅਦ ਫ਼ਸਲਾਂ ਦੇ ਮੁੱਲ ਵਾਧੇ ਦੀਆਂ ਜੁਗਤਾਂ, ਬਾਗਬਾਨੀ ਲਈ ਖੇਤੀ ਮਸ਼ੀਨਰੀ ਅਤੇ ਮਿੱਟੀ ਰਹਿਤ ਪੌਸ਼ਟਿਕ ਸਬਜ਼ੀਆਂ ਦਾ ਛੱਤ ਮਾਡਲ ਕਿਸਾਨਾਂ ਤੱਕ ਪਹੁੰਚਾਉਣਾ ਅੱਜ ਦੇ ਸਮੇਂ ਦੀ ਲੋੜ ਹੈ। ਉਨ੍ਹਾਂ ਖੇਤੀ ਵਿਭਿੰਨਤਾ ਦੇ ਪੱਖ ਤੋਂ ਬਾਗਬਾਨੀ ਫ਼ਸਲਾਂ ਦੀ ਕਾਸ਼ਤ ਅਤੇ ਉਤਪਾਦਨ ਤਕਨੀਕਾਂ ਸੰਬੰਧੀ ਨਵੀਆਂ ਖੋਜਾਂ ਨੂੰ ਕਿਸਾਨੀ ਲਈ ਲਾਹੇਵੰਦ ਕਿਹਾ।

ਡਾ. ਮਾਹਲ ਨੇ ਖੋਜ ਅਤੇ ਪਸਾਰ ਮਾਹਿਰਾਂ ਨੂੰ ਕਿਸਾਨਾਂ ਦੀ ਰਾਏ ਜਾਨਣ ਲਈ ਤਤਪਰ ਰਹਿਣ ਦੀ ਅਪੀਲ ਕੀਤੀ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਦੀ ਮੰਗ ਅਨੁਸਾਰ ਖੇਤੀ ਖੋਜ ਦੀ ਦਿਸ਼ਾ ਨਿਰਧਾਰਿਤ ਕੀਤੀ ਜਾ ਸਕੇ। ਉਹਨਾਂ ਨੇ ਕਿਸਾਨਾਂ ਨੂੰ ਆਪਣੀ ਘਰੇਲੂ ਲੋੜ ਲਈ ਬਾਗਬਾਨੀ ਫ਼ਸਲਾਂ ਜ਼ਰੂਰ ਅਪਨਾਉਣ ਦੀ ਅਪੀਲ ਕੀਤੀ। ਇਸ ਦੋ ਰੋਜ਼ਾ ਵਰਕਸ਼ਾਪ ਵਿੱਚ ਪੰਜਾਬ ਨੇ ਬਾਗਬਾਨੀ ਵਿਭਾਗ ਤੋਂ ਉਪ-ਨਿਰਦੇਸ਼ਕ, ਸਹਾਇਕ ਨਿਰਦੇਸ਼ਕ, ਬਾਗਬਾਨੀ ਵਿਕਾਸ ਅਧਿਕਾਰੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਉਪ-ਨਿਰਦੇਸ਼ਕ, ਜ਼ਿਲ੍ਹਾ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਵਿਗਿਆਨੀਆਂ ਨੇ ਹਿੱਸਾ ਲਿਆ।

ਮਾਹਿਰਾਂ ਨੇ ਫ਼ਲਾਂ ਅਤੇ ਸਬਜ਼ੀਆਂ ਦੇ ਉਤਪਾਦਨ ਦੇ ਮੌਜੂਦਾ ਦ੍ਰਿਸ਼ ਬਾਰੇ ਵਿਸਥਾਰ ਵਿੱਚ ਦੋ ਦਿਨ ਤਕਨੀਕੀ ਸੈਸ਼ਨਾਂ ਦੌਰਾਨ ਚਰਚਾ ਕੀਤੀ। ਇਸ ਤੋਂ ਇਲਾਵਾ ਪਿਆਜ਼ ਦੀ ਨਵੀਂ ਕਿਸਮ ਪੀ ਓ ਐਚ 1, ਗਾਜਰ ਦੀ ਨਵੀਂ ਕਿਸਮ ਪੀ ਸੀ 161, ਬੈਂਗਣ ਦੀ ਨਵੀਂ ਕਿਸਮ ਪੰਜਾਬ ਭਰਪੂਰ ਅਤੇ ਕਾਲੀ ਤੋਰੀ ਦੀ ਨਵੀਂ ਕਿਸਮ ਪੰਜਾਬ ਨਿਖਾਰ ਦੀ ਸਿਫ਼ਾਰਸ਼ ਪੀ.ਏ.ਯੂ. ਵੱਲੋਂ ਕੀਤੀ ਗਈ। ਰਾਜ ਪੱਧਰੀ ਕਿਸਮ ਪ੍ਰਵਾਨਗੀ ਕਮੇਟੀ ਨੇ ਇਹਨਾਂ ਕਿਸਮਾਂ ਨੂੰ ਪ੍ਰਵਾਨ ਕੀਤਾ ਅਤੇ ਬਿਜਾਈ ਲਈ ਸਿਫ਼ਾਰਸ਼ ਵਿੱਚ ਸ਼ਾਮਿਲ ਕਰ ਲਿਆ। ਇਸ ਤੋਂ ਇਲਾਵਾ ਪੀ.ਏ.ਯੂ. ਵੱਲੋਂ ਪੰਜਾਬ ਦੇ ਦੱਖਣ-ਪੱਛਮ ਖੇਤਰ ਵਿੱਚ ਨਹਿਰੀ ਪਾਣੀ ਨਾਲ ਮਾੜੇ ਪਾਣੀਆਂ ਨੂੰ ਮਿਲਾ ਕੇ ਸਿੰਚਾਈ, ਕਿੰਨੂ ਦੇ ਬਾਗਾਂ ਵਿੱਚ ਖਾਦ ਸਿੰਚਾਈ, ਕਿੰਨੂ ਦੇ ਬਾਗਾਂ ਵਿੱਚ ਹੀ ਤੁਪਕਾ ਸਿੰਚਾਈ ਪ੍ਰਣਾਲੀ, ਅਮਰੂਦਾਂ ਦੇ ਬਾਗਾਂ ਵਿੱਚ ਪਾਣੀ ਦੀ ਬੱਚਤ ਸੰਬੰਧੀ ਨਵੀਂ ਵਿਧੀ ਅਤੇ ਬੇਰੀਆਂ ਦੇ ਬਾਗਾਂ ਵਿੱਚ ਮੂੰਗਫਲੀ ਦੀ ਅੰਤਰ ਫ਼ਸਲੀ ਕਾਸ਼ਤ, ਅਮਰੂਦਾਂ ਦੇ ਫ਼ਲਾਂ ਨੂੰ ਫ਼ਲ ਮੱਖੀ ਤੋਂ ਬਚਾਉਣ ਲਈ ਲਿਫ਼ਾਫ਼ੇ ਚੜਾਉਣ ਦੀ ਨਵੀਂ ਤਕਨੀਕ, ਨਾਸ਼ਪਾਤੀ ਦੇ ਬਾਗਾਂ ਵਿੱਚ ਖਾਦਾਂ ਸੰਬੰਧੀ ਨਵੀਂ ਸਿਫ਼ਾਰਸ਼ ਆਦਿ ਨਵੀਆਂ ਉਤਪਾਦਨ ਤਕਨੀਕਾਂ ਦੀ ਸਿਫ਼ਾਰਸ਼ ਵੀ ਕੀਤੀ ਗਈ।

ਇਸ ਤੋਂ ਇਲਾਵਾ ਨਵੀਆਂ ਪੌਦ ਸੁਰੱਖਿਆ ਤਕਨੀਕਾਂ ਜਿਨ੍ਹਾਂ ਵਿੱਚ ਆਲੂਆਂ ਵਿੱਚ ਖਰੀਂਢ ਰੋਗ ਦੀ ਰੋਕਥਾਮ, ਪਿਆਜ਼ ਦੇ ਜਾਮਣੀ ਧੱਬਿਆਂ ਦੀ ਰੋਕਥਾਮ, ਪੌਲੀਨੈਟ ਹਾਊਸ ਵਿੱਚ ਸ਼ਿਮਲਾ ਮਿਰਚ ਦੀ ਮਾਈਟ ਦੀ ਰੋਕਥਾਮ, ਭਿੰਡੀ ਵਿੱਚ ਮਾਈਟ ਦੀ ਰੋਕਥਾਮ ਅਤੇ ਬੈਂਗਣ ਦੀ ਚਿੱਟੀ ਮੱਖੀ ਦੀ ਰੋਕਥਾਮ ਸੰਬੰਧੀ ਸਿਫ਼ਾਰਸ਼ਾਂ ਵੀ ਜਾਰੀ ਕੀਤੀਆਂ ਗਈਆਂ। ਤੁੜਾਈ ਉਪਰੰਤ ਫੁੱਲਾਂ ਦੀ ਸੰਭਾਲ ਅਤੇ ਪਿਆਜ਼ ਨੂੰ ਪੁੰਗਰਣ ਤੋਂ ਰੋਕਣ ਸੰਬੰਧੀ ਸਿਫ਼ਾਰਸ਼ ਕੀਤੀ ਤਕਨੀਕ ਵੀ ਦਿਲਚਸਪੀ ਦਾ ਕੇਂਦਰ ਰਹੀ। ਇਸ ਦੇ ਨਾਲ ਹੀ ਸਬਜ਼ੀਆਂ ਦੀ ਨਰਸਰੀ ਨੂੰ ਲਗਾਉਣ ਵਾਲਾ ਦੋ ਕਤਾਰਾਂ ਵਾਲੇ ਸੈਮੀ ਆਟੋਮੈਟਿਕ ਕੱਪ ਟਾਈਪ ਟਰਾਂਸਪਲਾਂਟਰ ਦੀ ਨਵੀਂ ਫਾਰਮ ਮਸ਼ੀਨਰੀ ਤਕਨੀਕ ਵਜੋਂ ਸਿਫ਼ਾਰਸ਼ ਵੀ ਕੀਤੀ ਗਈ ਜਿਸ ਨੂੰ ਕਮੇਟੀ ਵੱਲੋਂ ਪੂਰਨ ਰੂਪ ਵਿੱਚ ਪ੍ਰਵਾਨ ਕਰ ਲਿਆ ਗਿਆ। ਇਸ ਵਰਕਸ਼ਾਪ ਦੌਰਾਨ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਅਮਰੂਦਾਂ ਦੇ ਗੁਣਾਂ ਬਾਰੇ ਤਿਆਰ ਕੀਤੇ ਪੋਸਟਰ ਰਿਲੀਜ਼ ਕੀਤੇ ਗਏ ਜਿਨ੍ਹਾਂ ਵਿੱਚ ਅਮਰੂਦ ਦੇ ਪੌਸ਼ਟਿਕ ਤੱਤਾਂ ਸੰਬੰਧੀ ਜਾਗਰੂਕਤਾ ਫੈਲਾਉਣ ਅਤੇ ਅਮਰੂਦ ਨੂੰ ਸਧਾਰਨ ਲੋਕਾਂ ਦੀ ਖੁਰਾਕ ਦਾ ਹਿੱਸਾ ਬਨਾਉਣ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਭਾਗ ਲੈਣ ਵਾਲੇ ਪਸਾਰ ਅਤੇ ਖੋਜ ਮਾਹਿਰਾਂ ਨੂੰ ਖੁੰਬਾਂ, ਸਬਜ਼ੀਆਂ, ਫਲਾਂ ਦੀ ਖੇਤੀ, ਲੈਂਡਸਕੇਪਿੰਗ, ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਦੀਆਂ ਪ੍ਰਦਰਸ਼ਨੀਆਂ ਲਈ ਖੇਤਾਂ ਦਾ ਦੌਰਾ ਕਰਵਾਇਆ ਗਿਆ । ਉਨ੍ਹਾਂ ਨੇ ਭੋਜਨ ਉਦਯੋਗ ਇੰਨਕੂਬੇਸ਼ਨ ਸੈਂਟਰ, ਪੰਜਾਬ ਬਾਗਬਾਨੀ ਪੋਸਟਹਾਰਵੈਸਟ ਤਕਨਾਲੋਜੀ ਸੈਂਟਰ ਅਤੇ ਨਵੇਂ ਬਾਗਾਂ ਦਾ ਦੌਰਾ ਵੀ ਕੀਤਾ ।

Check Also

ਚੰਡੀਗੜ੍ਹ ‘ਚ ਅੱਜ ਕੋਰੋਨਾ ਦੇ 4 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ, ਸੰਕਰਮਿਤ ਮਰੀਜ਼ਾਂ ਦਾ ਅੰਕੜਾ ਪੁੱਜਾ 293 ਤੱਕ

ਚੰਡੀਗੜ੍ਹ : ਕੇਂਦਰ ਸਾਸ਼ਿਤ ਪ੍ਰਦੇਸ਼ ਚੰਡੀਗੜ੍ਹ ‘ਚ ਕੋਰੋਨਾ ਮਹਾਮਾਰੀ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ …

Leave a Reply

Your email address will not be published. Required fields are marked *