Home / ਪੰਜਾਬ / ਪੰਜਾਬ ਨੇ ਸਹਿਕਾਰੀ ਮਿੱਲਾਂ ਦੀ ਖੰਡ ਹਿਮਾਚਲ ਸਰਕਾਰ ਨੂੰ ਸਪਲਾਈ ਕਰਨ ਦੀ ਕੀਤੀ ਪੇਸ਼ਕਸ਼

ਪੰਜਾਬ ਨੇ ਸਹਿਕਾਰੀ ਮਿੱਲਾਂ ਦੀ ਖੰਡ ਹਿਮਾਚਲ ਸਰਕਾਰ ਨੂੰ ਸਪਲਾਈ ਕਰਨ ਦੀ ਕੀਤੀ ਪੇਸ਼ਕਸ਼

ਚੰਡੀਗੜ੍ਹ : ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਦੀ ਵਿਕਰੀ ਦਾ ਦਾਇਰਾ ਵਧਾਉਂਦਿਆ ਪੰਜਾਬ ਸਰਕਾਰ ਨੇ ਆਪਣੀਆਂ ਸਹਿਕਾਰੀ ਖੰਡ ਮਿੱਲਾਂ ਦੀ ਖੰਡ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ।

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ ਸਥਿਤ ਹਿਮਾਚਲ ਭਵਨ ਵਿਖੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਮੁਲਾਕਾਤ ਕਰਦਿਆਂ ਉਕਤ ਪੇਸ਼ਕਸ਼ ਕਰਦਿਆਂ ਕਿਹਾ ਕਿ ਪੰਜਾਬ ਗੁਆਂਢੀ ਸੂਬਾ ਹੋਣ ਕਰਕੇ ਇਥੋੰ ਦੀਆਂ ਸਹਿਕਾਰੀ ਖੰਡ ਮਿੱਲਾਂ ਤੋਂ ਹਿਮਾਚਲ ਪ੍ਰਦੇਸ਼ ਨੂੰ ਖੰਡ ਦੀ ਸਪਲਾਈ ਉਤੇ ਟਰਾਂਸਪੋਰਟ ਦਾ ਬਹੁਤ ਘੱਟ ਖ਼ਰਚਾ ਆਵੇਗਾ।

ਪੰਜਾਬ ਦੀ ਇਸ ਪੇਸ਼ਕਸ਼ ਉਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਮੌਕੇ ਉਤੇ ਮੌਜੂਦ ਆਪਣੀ ਸਰਕਾਰ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਨੂੰ ਇਸ ਤਜਵੀਜ਼ ਉਤੇ ਕੰਮ ਕਰਨ ਨੂੰ ਕਿਹਾ। ਉਨ੍ਹਾਂ ਨਾਲ ਹੀ ਪੰਜਾਬ ਦੇ ਸਹਿਕਾਰਤਾ ਮੰਤਰੀ ਨੂੰ ਸ਼ੂਗਰਫੈਡ ਵੱਲੋਂ ਵਿਸਥਾਰਤ ਤਜਵੀਜ਼ ਪੇਸ਼ ਕਰਨ ਲਈ ਕਿਹਾ ਜਿਸ ਵਿੱਚ ਕੀਮਤਾਂ ਆਦਿ ਸਭ ਲਿਖੀਆਂ ਜਾਣ।ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਪੇਸ਼ਕਸ਼ ਮਿਲਣ ਤੋਂ ਬਾਅਦ ਹਰ ਪਹਿਲੂ ਉਤੇ ਵਿਚਾਰ ਕਰ ਕੇ ਪੰਜਾਬ ਦੀ ਪੇਸ਼ਕਸ਼ ਉਤੇ ਸਕਰਾਤਮਕ ਫੈਸਲਾ ਲਿਆ ਜਾਵੇ।

ਰੰਧਾਵਾ ਨੇ ਕਿਹਾ ਕਿ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਸਾਲਾਨਾ 20 ਲੱਖ ਕੁਇੰਟਲ ਖੰਡ ਦੇ ਕਰੀਬ ਉਤਪਾਦਨ ਕਰਦੀਆਂ ਹਨ ਅਤੇ ਖੰਡ ਦੀ ਗੁਣਵੱਤਾ ਵੀ ਉੱਤਮ ਹੈ।ਉਨ੍ਹਾਂ ਕਿਹਾ ਕਿ ਪੰਜਾਬ ਹਿਮਾਚਲ ਪ੍ਰਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਜ਼ਰੀਏ ਵੰਡੀ ਜਾਣ ਵਾਲੀ ਖੰਡ ਦੀ ਮੰਗ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਗੁਣਵੱਤਾ ਵਿੱਚ ਵੀ ਪੰਜਾਬ ਦੀ ਖੰਡ ਉੱਤਮ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਈ ਖੰਡ ਮਿੱਲਾਂ ਜਿਵੇਂ ਕਿ ਗੁਰਦਾਸਪੁਰ, ਨਵਾਂਸ਼ਹਿਰ, ਮੋਰਿੰਡਾ ਆਦਿ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨੇੜਲੇ ਇਲਾਕਿਆਂ ਵਿੱਚ ਸਥਿਤ ਹੈ। ਉਂਝ ਵੀ ਹਿਮਾਚਲ ਲਈ ਖੰਡ ਦੀ ਸਪਲਾਈ ਲਈ ਪੰਜਾਬ ਸਭ ਤੋਂ ਨੇੜਲਾ ਸੂਬਾ ਹੈ ਜਿਸ ਕਰਕੇ ਗੁਆਂਢੀ ਸੂਬੇ ਨੂੰ ਖੰਡ ਦੀ ਢੋਆ-ਢੁਆਈ ਵਿੱਚ ਕਾਫ਼ੀ ਸੌਖਾ ਹੋਵੇਗਾ।

ਰੰਧਾਵਾ ਨੇ ਇਹ ਵੀ ਦੱਸਿਆ ਕਿ ਸ਼ੂਗਰਫੈਡ ਵੱਲੋਂ ਇਕ ਕਿਲੋ ਤੇ ਪੰਜ ਕਿਲੋ ਦੇ ਪੈਕ ਵਿੱਚ ਖੰਡ ਅਤੇ ਇਕ ਕਿਲੋ ਦੇ ਪੈਕ ਵਿੱਚ ਫ਼ਤਿਹ ਬਰੈਂਡ ਦੇ ਗੁੜ ਤੇ ਸ਼ੱਕਰ ਦੀ ਹਿਮਾਚਲ ਪ੍ਰਦੇਸ਼ ਨੂੰ ਸਪਲਾਈ ਕਰਨ ਉਤੇ ਵਿਚਾਰ ਕੀਤਾ ਜਾਵੇਗਾ।ਸ. ਰੰਧਾਵਾ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਸਹਿਕਾਰੀ ਖੰਡ ਮਿੱਲਾਂ ਵੱਲੋਂ ਤਿਆਰ ਕੀਤਾ ਗੁੜ, ਖੰਡ ਸਮੇਤ ਮਾਰਕਫੈਡ ਦੇ ਮਿਲਕਫੈਡ ਦੇ ਉਤਪਾਦਾਂ ਦੇ ਸੈਂਪਲ ਵੀ ਭੇਂਟ ਕੀਤੇ।

ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀ ਵੱਲੋਂ ਪੰਜਾਬ ਦੇ ਦੂਜੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਵਿੱਚ ਵੀ ਦਿਲਚਸਪੀ ਦਿਖਾਈ ਜਿਨ੍ਹਾਂ ਵਿੱਚ ਮਾਰਕਫੈਡ ਦੇ ਸਰੋਂ ਦੇ ਤੇਲ, ਖਾਣ ਵਾਲੇ ਤੇਲ, ਕੈਟਲਫੀਡ, ਮਿਲਕਫੈਡ ਦੇ ਉਤਪਾਦ ਵੀ ਸ਼ਾਮਲ ਹਨ। ਇਸ ਸੰਬੰਧੀ ਵੀ ਉਨ੍ਹਾਂ ਪੰਜਾਬ ਤੋਂ ਵਿਸਥਾਰਤ ਤਜਵੀਜ਼ ਮੰਗੀ।

ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਕੱਤਰ ਅਮਿਤਾਭ ਅਵਸਥੀ, ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਬਲਦੇਵ ਸਿੰਘ ਤੋਮਰ, ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਸ਼ੂਗਰਫੈਡ ਦੇ ਐਮ.ਡੀ.  ਪੁਨੀਤ ਗੋਇਲ ਤੇ ਡਿਪਟੀ ਚੀਫ ਇੰਜਨੀਅਰ ਕੰਵਲਜੀਤ ਸਿੰਘ ਵੀ ਹਾਜ਼ਰ ਸਨ।

Check Also

ਕੋਰੋਨਾ ਦੀਆਂ ਜਾਅਲੀ ਰਿਪੋਰਟਾਂ ਦੇਣ ਵਾਲੀ ਤੁਲੀ ਲੈਬ ਤੇ ਈਐਮਸੀ ਹਸਪਤਾਲ ਦਾ ਕਾਂਗਰਸੀਆਂ ਦੀ ਸ਼ਹਿ ‘ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਰ ਰਿਹਾ ਹੈ ਬਚਾਅ: ਮਜੀਠੀਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅੰਮ੍ਰਿਤਸਰ ਆਧਾਰਿਤ ਤੁਲੀ ਲੈਬਾਰਟਰੀ ਤੇ ਈ ਐਮ …

Leave a Reply

Your email address will not be published. Required fields are marked *