ਚੰਡੀਗੜ੍ਹ: ਕੋਰੋਨਾ ਨੂੰ ਲੈ ਕੇ ਝੂਠੀ ਖਬਰਾਂ ਫੈਲਾਉਣ ਵਾਲਿਆਂ ‘ਤੇ ਸ਼ਕੰਜਾ ਕਸਦੇ ਹੋਏ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਗਰਾਨੀ ਲਈ ਇੱਕ ਵਿਸ਼ੇਸ਼ ਟੀਮ ਦੇ ਗਠਨ ਦਾ ਐਲਾਨ ਕੀਤਾ। ਜੋਕਿ ਝੂਠੀ ਖ਼ਬਰਾਂ ਫੈਲਾਉਣ ਵਾਲੇ ਵਿਅਕਤੀਆਂ ਦੀ ਪਹਿਚਾਣ ਕਰ ਉਨ੍ਹਾਂ ‘ਤੇ ਕਾਰਵਾਈ ਕਰੇਗੀ।
ਡੀਜੀਪੀ ਨੇ ਖੁਲਾਸਾ ਕੀਤਾ ਕਿ ਟੀਮ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਕਰਨਗੇ ਜੋ ਪੁਲਿਸ ਹੈਡਕਵਾਟਰ ‘ਤੇ ਤਾਇਨਾਤ ਰਹਿਣਗੇ। ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਝੂਠੀ ਖਬਰਾਂ ਫੈਲਾਉਣ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ 2005 ਦੇ ਆਫ਼ਤ ਪ੍ਰਬੰਧਨ ਐਕਟ ਜਿਸਨੂੰ ਹੁਣ ਕੋਵਿਡ – 19 ਵਾਇਰਸ ਨਾਲ ਪੈਦਾ ਹੋਏ ਸੰਕਟ ਤੋਂ ਨਜਿੱਠਣ ਲਈ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ, ਸਬੰਧੀ ਖਬਰਾਂ ਫੈਲਾਉਣਾ ਇੱਕ ਜ਼ੁਰਮ ਹੈ। ਇਸ ਸੰਵੇਦਨਸ਼ੀਲ ਵਿਸ਼ੇ ‘ਤੇ ਝੂਠੀ ਖਬਰਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਪੰਜਾਬ ਪੁਲਿਸ ਕਾਰਵਾਈ ਕਰੇਗੀ।
ਗੁਪਤਾ ਨੇ ਵਟਸਐਪ ‘ਤੇ ਝੂਠੀ ਅਤੇ ਚਿੰਤਾਜਨਕ ਖਬਰਾਂ ਫੈਲਾਉਣ ਵਾਲੇ ਪਟਿਆਲੇ ਦੇ ਇੱਕ ਵਿਅਕਤੀ ਤੇ ਮਹਿਲਾ ਖਿਲਾਫ ਫੌਜਦਾਰੀ ਮਾਮਲਾ ਦਰਜ ਕਰਨ ਵਿੱਚ ਪਟਿਆਲਾ ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਾਬਾਸ਼ੀ ਦਿੱਤੀ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਏਜੰਡੇ ਨੂੰ ਅੱਗੇ ਵਧਾਉਣ ਲਈ ਮੌਜੂਦਾ ਸੰਕਟ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨ ਵਾਲੀਆਂ ਤੋਂ ਸੁਚੇਤ ਰਹੋ।