ਪੰਜਾਬੀ ਦੇ ਗਲਪਕਾਰ ਦਰਸ਼ਨ ਧੀਰ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਇੰਗਲੈਂਡ ਦੇ ਵੁੱਲਵਰਹੈਂਪਟਨ ਸ਼ਹਿਰ ਵਿਚ ਪੰਜ ਦਹਾਕਿਆਂ ਤੋਂ ਵਸਦੇ ਪੰਜਾਬੀ ਦੇ ਪ੍ਰਸਿਧ ਗਲਪਕਾਰ ਦਰਸ਼ਨ ਧੀਰ ਅਚਾਨਕ ਵਿਛੋੜਾ ਦੇ ਗਏ। ਉਹ ਇੰਗਲੈਂਡ ਵਿਚ ਪੰਜਾਬੀ ਸਾਹਿਤ ਅਤੇ ਸਭਿਆਚਾਰ ਦਾ ਝੰਡਾ ਬੁਲੰਦ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਇਕ ਸਨ। ਉਹ ਬਰਤਾਨੀਆ ਦੀ ਪ੍ਰਗਤੀਸ਼ੀਲ ਸਾਹਿਤਕ ਲਹਿਰ ਦੇ ਹਰਾਵਲ ਦਸਤੇ ਵਿਚੋਂ ਸਨ। ਉਹ ਬਰਤਾਨੀਆਂ ਦੇ ਪੰਜਾਬੀ ਅਤੇ ਪ੍ਰਗਤੀਸ਼ੀਲ ਲੇਖਕਾਂ ਦੀ ਉਸ ਪੀੜੀ ਵਿਚੋਂ ਸਨ ਜਿਨ੍ਹਾਂ ਨੇ ਪੂਰੀ ਪ੍ਰਤੀਬਧਤਾ ਨਾਲ ਆਪਣੇ ਆਪ ਨੂੰ ਰਚਨਾਤਮਕ ਲੇਖਣ ਅਤੇ ਸਮਾਜਿਕ ਕੰਮਾਂ ਲਈ ਸਮਰਪਿਤ ਕੀਤਾ। ਭਾਵੇਂ ਪਿਛਲੇ ਇਕ ਸਾਲ ਤੋਂ ਉਨ੍ਹਾਂ ਦੀ ਸਿਹਤ ਨਾਸਾਜ਼ ਸੀ ਪਰ ਉਹ ਰਚਨਾਤਮਕ ਕਾਰਜਾਂ ਵਿਚ ਪੂਰੀ ਤਰਾਂ ਸਰਗਰਮ ਰਹੇ। ਉਨ੍ਹਾਂ ਦਾ ਆਖਰੀ ਨਾਵਲ ‘ਛੋਟੇ ਲੋਕ’ ਅਜੇ ਕੁਝ ਦਿਨ ਪਹਿਲਾਂ ਹੀ ਪ੍ਰਕਾਸ਼ਿਤ ਹੋਇਆ ਹੈ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ 8 ਕਹਾਣੀ ਸੰਗ੍ਰਹਿ ‘ਲੂਣੀ ਮਹਿਕ’, ‘ਮਰਦਾ ਸੱਚ’, ‘ਦਿਸਹੱਦੇ ਤੋਂ ਪਾਰ’, ‘ਡਰਿਆ ਮਨੁੱਖ’, ‘ਸ਼ੀਸ਼ੇ ਦੇ ਟੁਕੜੇ’, ‘ਰਿਸ਼ਤੋਂ ਕੇ ਰੰਗ’, ‘ਦੌੜ’ ਅਤੇ ‘ਕੁਰਸੀ ਜਾਂ..’, 15 ਨਾਵਲ ‘ਆਪਣੇ ਆਪਣੇ ਰਾਹ’, ‘ਸੰਘਰਸ’, ‘ਧੰੁਦਲਾ ਸੂਰਜ’, ‘ਲਕੀਰਾਂ ਤੇ ਮਨੁੱਖ’, ‘ਇਹ ਲੋਕ’, ‘ਘਰ ਤੇ ਕਮਰੇ’, ‘ਪੈੜਾਂ ਦੇ ਆਰ ਪਾਰ’, ‘ਅਜਨਬੀ ਚਿਹਰੇ’, ‘ਰਣਭੂਮੀ’, ‘ਹਾਸ਼ੀਏ’, ‘ਸਲਤਨਤ’, ‘ਵਹਿਣ’, ‘ਜੜ੍ਹ’, ‘ਅਜ਼ਮਾਇਸ਼’ ਅਤੇ ‘ਛੋਟੇ ਲੋਕ’ ਅਤੇ ਸਵੈ-ਜੀਵਨੀ ‘ਪੂਰਬ ਪੱਛਮ ਦੀ ਕਮਾਈ’ ਦੀ ਰਚਨਾ ਕਰਕੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਇਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਉਨ੍ਹਾਂ ਦੇ ਦਾਮਾਦ ਅਤੇ ਪੰਜਾਬੀ ਦੇ ਪ੍ਰਸਿਧ ਕਵੀ ਡਾ. ਮਹਿੰਦਰ ਸਿੰਘ ਦੇ ਨਾਂ ਆਪਣੇ ਸੋਗ ਸੁਨੇਹੇ ਵਿਚ ਕਿਹਾ ਕਿ ਦਰਸ਼ਨ ਧੀਰ ਦਾ ਜਾਣਾ ਮੇਰੇ ਲਈ ਨਿੱਜੀ ਘਾਟਾ ਅਤੇ ਭਾਵਨਾਤਮਕ ਸਦਮਾ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਦੁੱਖ ਸਾਂਝਾ ਕਰਦੇ ਕਿਹਾ ਕਿ ਅਸੀਂ ਇਕ ਨਿੱਘੇ ਮਿੱਤਰ ਅਤੇ ਸੁਹਿਰਦ ਲੇਖਕ ਦੀ ਅਗਵਾਈ ਤੋਂ ਵਾਂਝੇ ਹੋ ਗਏ ਹਾਂ। ਉਨ੍ਹਾਂ ਕਿਹਾ ਕਿ ਅਸੀਂ ਮਸ਼ਹੂਰ ਗਲਪਕਾਰ ਦਰਸ਼ਨ ਧੀਰ ਜੀ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕਰਦੇ ਹਾਂ।

Share this Article
Leave a comment