ਪੁਲਿਸ ਵਿਭਾਗ ਵਲੋਂ ਸਖ਼ਤੀ ਨਾਲ ਲਾਗੂ ਕਰਵਾਈ ਜਾਵੇਗੀ ਈ-ਸਿਗਰਟ ਅਤੇ ਹੁੱਕਾ ਬਾਰ ‘ਤੇ ਲਗਾਈ ਪਾਬੰਦੀ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਦੇ ਸਿਹਤ ਅਤੇ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਮਲ ਕਰਦਿਆਂ, ‘ਰਾਜ ਤੰਬਾਕੂ ਕੰਟਰੋਲ ਸੈੱਲ’ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਬਚਾਉਣ ਅਤੇ ਰੋਕ ਲਗਾਉਣ ਲਈ ਰਾਜ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ। ਰਾਜ ਤੰਬਾਕੂ ਕੰਟਰੋਲ ਸੈੱਲ ਨੇ ਡਾਇਰੈਕਟਰ ਸਿਹਤ ਸੇਵਾਵਾਂ ਦਫਤਰ, ਚੰਡੀਗੜ੍ਹ ਵਿਖੇ ਪੁਲਿਸ ਅਧਿਕਾਰੀਆਂ ਦੀ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਸਬੰਧੀ ਕਾਰਜ-ਕੁਸ਼ਲਤਾ ਵਧਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ। ਸੂਬੇ ਭਰ ਦੇ ਇੰਸਪੈਕਟਰਾਂ / ਸਬ ਇੰਸਪੈਕਟਰਾਂ ਦੇ ਰੈਂਕ ਦੇ 50 ਪੁਲਿਸ ਅਧਿਕਾਰੀ ਅੱਜ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਏ।

ਪੰਜਾਬ ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਸ੍ਰੀ ਪ੍ਰਬੋਧ ਕੁਮਾਰ ਨੇ ਕਿਹਾ ਕਿ ਪੁਲਿਸ ਅਧਿਕਾਰੀ ਤੰਬਾਕੂ ਵਿਰੋਧੀ ਕਾਨੂੰਨਾਂ ਨੂੰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਹੱਤਵਪੂਰਨ ਭਾਈਵਾਲ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਪੁਲਿਸ ਵਿਭਾਗ ਹੁਣ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦੇ ਕੇ ਰਾਜ ਵਿੱਚ ਈ-ਸਿਗਰੇਟ ਰੋਕੂ ਐਕਟ 2019 ਅਤੇ ਹੋਰ ਤੰਬਾਕੂ ਵਿਰੋਧੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕੰਮ ਕਰੇਗਾ।

ਪੰਜਾਬ ਦੇ ਸਿਹਤ ਸੇਵਾਵਾਂ, ਡਾਇਰੈਕਟਰ ਡਾ,ਅਵਨੀਤ ਕੌਰ ਨੇ ਦੱਸਿਆ ਕਿ ਸਾਲ 2018-19 ਦੌਰਾਨ ਸੂਬੇ ਵਿਚ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦਾਂ ਐਕਟ (ਕੋਟਪਾ)-2003 ਤਹਿਤ 23,886 ਚਲਾਨ ਕੱਟੇ ਗਏ ਅਤੇ ਅਪ੍ਰੈਲ – ਦਸੰਬਰ 2019 ਵਿਚ ਕੁਲ 16,016 ਚਲਾਨ ਕੱਟੇ ਗਏ। ਪੰਜਾਬ ਕੋਟਪਾ ਸੋਧ ਐਕਟ- 2018 ਪਾਸ ਕਰਨ ਤੋਂ ਬਾਅਦ ਹੁੱਕਾ ਬਾਰ ‘ਤੇ ਮੁਕੰਮਲ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਉਸਨੇ ਅੱਗੇ ਕਿਹਾ ਕਿ ਇਸ ਐਕਟ ਤਹਿਤ ਉਲੰਘਣਾ ਕਰਨ ਵਾਲਿਆਂ ਨੂੰ 3 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ।

ਡਾ ਰਾਕੇਸ਼ ਗੁਪਤਾ, ਡਾਇਰੈਕਟਰ, ਈਐਸਆਈ ਪੰਜਾਬ, ਨੇ ਈ-ਸਿਗਰੇਟ ਸਬੰਧੀ ਪੇਸ਼ਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੈ ਜਿਥੇ ਈ-ਸਿਗਰੇਟ ਨੂੰ 2013 ਤੋਂ ਬਾਅਦ ‘ਪਾਬੰਦੀ-ਸ਼ੁਦਾ ਡਰੱਗ ‘ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਸਰਕਾਰ ਨੇ ਹੁਣ ਪੂਰੇ ਦੇਸ਼ ਵਿਚ ਈ-ਸਿਗਰੇਟ ਵੇਚਣ ਤੇ ਪਾਬੰਦੀ ਲਗਾਈ ਹੈ। ਇਸ ਈ ਸਿਗਰਟ ਨਿਬੰਧਨ ਐਕਟ 2019 ਦੇ ਤਹਿਤ, ਸਬ ਇੰਸਪੈਕਟਰਾਂ ਜਾਂ ਇਸ ਤੋਂ ਵੱਧ ਦੇ ਰੈਂਕ ‘ਤੇ ਸਿਰਫ ਪੁਲਿਸ ਅਧਿਕਾਰੀ ਹੀ ਕਾਰਵਾਈ ਕਰਨ ਦੇ ਸਮਰੱਥ ਹਨ।

- Advertisement -

ਸਾਊਥ ਈਸਟ ਏਸ਼ੀਆ, ਯੂਨੀਅਨ ਦੇ ਡਿਪਟੀ ਖੇਤਰੀ ਡਾਇਰੈਕਟਰ ਡਾ ਰਾਣਾ ਜੇ ਸਿੰਘ ਨੇ ਤੰਬਾਕੂ ਦੇ ਮਾਰੂ ਪ੍ਰਭਾਵਾਂ ਸਬੰਧੀ ਇੱਕ ਪੇਸ਼ਕਾਰੀ ਵੀ ਦਿੱਤੀ । ਉਨ੍ਹਾਂ ਅੱਗੇ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਪੰਜਾਬ ਵਿਚ ਅਜੇ ਵੀ 27,00,000 ਲੋਕ ਤੰਬਾਕੂ ਦੀ ਵਰਤੋਂ ਕਰ ਰਹੇ ਹਨ ਕਿਉਂਕਿ ਇਹ ਉਤਪਾਦ ਪੂਰੇ ਰਾਜ ਵਿਚ ਆਸਾਨੀ ਨਾਲ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਕੈਂਸਰ, ਹਾਈਪਰਟੈਨਸ਼ਨ, ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਆਦਿ ਸਾਰੀਆਂ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਤੰਬਾਕੂ ਸਭ ਤੋਂ ਅਹਿਮ ਕਾਰਕ ਹੈ।

ਡਾ. ਨਿਰਲੇਪ ਕੌਰ, ਸਟੇਟ ਨੋਡਲ ਅਫ਼ਸਰ, ਤੰਬਾਕੂ ਕੰਟਰੋਲ, ਪੰਜਾਬ ਨੇ ਦੱਸਿਆ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਦੀ ਆਦਤ ਤੋਂ ਛੁਟਕਾਰਾ ਕਰਾਉਣ ਲਈ ਤੰਬਾਕੂ ਰੋਕੂ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 19 ਮਾਰਚ 2019 ਤੋਂ 19 ਦਸੰਬਰ, 2019 ਤੱਕ ਇਨ੍ਹਾਂ ਕੇਂਦਰਾਂ ਵਿੱਚ ਲਗਭਗ 8,000 ਤੰਬਾਕੂ ਪੀੜਤਾਂ ਦਾ ਇਲਾਜ ਕੀਤਾ ਗਿਆ ਹੈ।

Share this Article
Leave a comment