ਪੀ.ਏ.ਯੂ. ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਲਈ ਵਿਸ਼ੇਸ਼ ਵਫ਼ਦ ਨਾਲ ਹੋਈ ਮੀਟਿੰਗ

TeamGlobalPunjab
2 Min Read

ਲੁਧਿਆਣਾ: ਪੀ.ਏ.ਯੂ. ਵਿੱਚ ਅੱਜ ਪ੍ਰਮੋਸ਼ਨ ਆਫ਼ ਸਾਇੰਸ ਐਂਡ ਤਕਨਾਲੋਜੀ (ਪੀ ਐਸ ਟੀ) ਫਾਊਂਡੇਸ਼ਨ ਦੇ ਵਿਸ਼ੇਸ਼ ਵਫ਼ਦ ਨਾਲ ਇੱਕ ਮੀਟਿੰਗ ਹੋਈ। ਇਸ ਮੀਟਿੰਗ ਦਾ ਉਦੇਸ਼ ਜ਼ਮੀਨੀ ਪੱਧਰ ਤੋਂ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ ਲਈ ਵਿਚਾਰ-ਵਟਾਂਦਰਾ ਕਰਨਾ ਸੀ।
ਵਿਦੇਸ਼ੀ ਵਫ਼ਦ ਵਿੱਚ ਪੀ ਐਸ ਟੀ ਫਾਊਂਡੇਸ਼ਨ ਦੇ ਸਹਾਇਕ ਖੋਜੀ ਅਤੇ ਬਰਤਾਨੀਆਂ ਦੀ ਯੂਨੀਵਰਸਿਟੀ ਆਫ਼ ਸਰੀ ਦੇ ਵਾਤਾਵਰਨ ਅਤੇ ਸਿਹਤ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਦਵਿੰਦਰ ਸਰੋਜ ਨੇ ਇਸ ਮੀਟਿੰਗ ਲਈ ਪੀ.ਏ.ਯੂ. ਦਾ ਦੌਰਾ ਕੀਤਾ । ਵਿਸ਼ੇਸ਼ ਗੱਲ ਇਹ ਹੈ ਕਿ ਪੀ ਐਸ ਟੀ ਫਾਊਂਡੇਸ਼ਨ ਅਕਾਦਮਿਕ ਸੰਸਥਾਵਾਂ ਉਦਯੋਗ ਅਤੇ ਸਰਕਾਰਾਂ ਵਿਚਕਾਰ ਸਾਂਝੇ ਸਹਿਯੋਗ ਲਈ ਇੱਕ ਗਠਜੋੜ ਬਣਾ ਕੇ ਵਾਤਾਵਰਨ ਦੀ ਸੰਭਾਲ ਲਈ ਮਾਹੌਲ ਸਿਰਜ ਰਹੀ ਹੈ।
ਪੀ.ਏ.ਯੂ. ਵਿੱਚ ਇਸ ਮੀਟਿੰਗ ਦੌਰਾਨ ਹੋਏ ਵਿਚਾਰ-ਵਟਾਂਦਰੇ ਦੇ ਸੈਸ਼ਨ ਵਿੱਚ ਪੀ.ਏ.ਯੂ. ਵੱਲੋਂ ਭੂਮੀ ਵਿਗਿਆਨ, ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ, ਮਾਈਕ੍ਰੋਬਾਇਆਲੋਜੀ, ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮਾਹਿਰਾਂ ਨੇ ਹਿੱਸਾ ਲਿਆ। ਇਸ ਸੈਸ਼ਨ ਦਾ ਸੰਚਾਲਨ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ਡਾ. ਪੀ ਪੀ ਐਸ ਪੰਨੂ ਨੇ ਕੀਤਾ।
ਇਸ ਸੈਸ਼ਨ ਦੌਰਾਨ ਜੈਵਿਕ ਰਹਿੰਦ-ਖੂੰਹਦ ਅਤੇ ਸੀਵਰੇਜ ਤੋਂ ਫਾਸਫੋਰਸ ਦੇ ਨਿਕਾਸ, ਪੇਂਡੂ ਛੱਪੜਾਂ ਦੀ ਪੁਨਰ-ਸੁਰਜੀਤੀ, ਬਾਇਓਮਾਸ ਅਤੇ ਜੈਵਿਕ ਊਰਜਾ, ਪਸ਼ੂਆਂ ਵਿੱਚ ਸੂਖਮ ਜੀਵੀ ਬਿਮਾਰੀਆਂ ਦੀ ਰੋਕਥਾਮ ਆਦਿ ਵਿਸ਼ਿਆਂ ਉਪਰ ਵਿਚਾਰ-ਵਟਾਂਦਰਾ ਕੀਤਾ ਗਿਆ।
ਵਿਚਾਰ-ਵਟਾਂਦਰੇ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਦੁਵੱਲੀ ਜਾਣਕਾਰੀ ਅਤੇ ਸਾਂਝੀਆਂ ਕੋਸ਼ਿਸ਼ਾਂ ਰਾਹੀਂ ਹੋਰ ਉਤਪਾਦ ਅਤੇ ਲਾਹੇਵੰਦ ਸੇਵਾਵਾਂ ਕਿਸਾਨਾਂ ਤੇ ਸਮਾਜ ਨੂੰ ਵੱਡੀ ਪੱਧਰ ਤੇ ਦੇਣ ਵਿੱਚ ਪੀ.ਏ.ਯੂ. ਸਫਲ ਰਹੇਗੀ।

Share this Article
Leave a comment