ਪੀ.ਏ.ਯੂ. ਵਿੱਚ ਆਉਂਦੇ ਵਰ੍ਹੇ ਦੌਰਾਨ ਸਿਖਲਾਈ ਯੋਜਨਾਵਾਂ ਲਈ ਹੋਵੇਗੀ ਰਾਜ ਪੱਧਰੀ ਮੀਟਿੰਗ

TeamGlobalPunjab
3 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ 2020-21 ਦੌਰਾਨ ਸਿਖਲਾਈ ਪ੍ਰੋਗਰਾਮਾਂ ਦੀ ਯੋਜਨਾਬੰਦੀ ਲਈ ਰਾਜ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ। ਇਸ ਮੀਟਿੰਗ ਵਿੱਚ ਪੀ.ਏ.ਯੂ. ਦੇ 18 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਨਾਲ-ਨਾਲ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਪੀ.ਏ.ਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰ ਅਤੇ ਪਸਾਰ ਅਧਿਕਾਰੀ ਸ਼ਾਮਿਲ ਹੋਏ।

ਵਰਕਸ਼ਾਪ ਦਾ ਉਦਘਾਟਨ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ । ਉਹਨਾਂ ਇਸ ਵਰਕਸ਼ਾਪ ਲਈ ਇਕੱਤਰ ਹੋਏ ਨੁਮਾਇੰਦਿਆਂ ਨੂੰ ਕਿਹਾ ਕਿ ਅਜੋਕੀ ਖੇਤੀ ਦੀਆਂ ਲੋੜਾਂ ਦੇ ਅਨੁਸਾਰ ਹੀ ਸਿਖਲਾਈ ਪ੍ਰੋਗਰਾਮਾਂ ਦੀ ਯੋਜਨਾਬੰਦੀ ਕਰਨੀ ਚਾਹੀਦੀ ਹੈ । ਡਾ. ਬੁੱਟਰ ਨੇ ਫ਼ਸਲੀ ਵਿਭਿੰਨਤਾ ਅਤੇ ਸਹਿਯੋਗੀ ਧੰਦਿਆਂ ਦੇ ਨਾਲ-ਨਾਲ ਘਰੇਲੂ ਜ਼ਰੂਰਤਾਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮਾਂ ਨੂੰ ਯੋਜਨਾਬੰਦੀ ਵਿੱਚ ਸ਼ਾਮਿਲ ਕਰਨ ਦੀ ਹਮਾਇਤ ਕੀਤੀ । ਨਾਲ ਹੀ ਉਹਨਾਂ ਨੇ ਵਾਤਾਵਰਨ ਪੱਖੀ ਖੇਤੀ ਦੀ ਉਸਾਰੀ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਸਿਖਲਾਈ ਪ੍ਰੋਗਰਾਮਾਂ ਵਿੱਚ ਸ਼ਾਮਿਲ ਕਰਨ ਲਈ ਹਾਜ਼ਰ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ ।

ਇਸ ਮੌਕੇ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਪਠਾਨਕੋਟ, ਹੁਸ਼ਿਆਰਪੁਰ, ਰੋਪੜ, ਲੁਧਿਆਣਾ, ਜਲੰਧਰ, ਐਸ ਬੀ ਐਸ ਨਗਰ, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ, ਬਠਿੰਡਾ, ਮੁਕਤਸਾਰ, ਮੋਗਾ, ਫਿਰੋਜ਼ਪੁਰ ਅਤੇ ਫਰੀਦਕੋਟ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਆਪਣੇ-ਆਪਣੇ ਸਲਾਨਾ ਸਿਖਲਾਈ ਪ੍ਰੋਗਰਾਮਾਂ ਦੀ ਯੋਜਨਾ ਸੰਬੰਧੀ ਇੱਕ ਖਾਕਾ ਪੇਸ਼ ਕੀਤਾ ਗਿਆ । ਇਸ ਦੇ ਨਾਲ ਹੀ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਪੇਸ਼ ਕੀਤੀ ਯੋਜਨਾਬੰਦੀ ਬਾਰੇ ਨਿੱਠ ਕੇ ਵਿਚਾਰ ਹੋਈ ਅਤੇ ਕੁਝ ਸੁਝਾਵਾਂ ਨੂੰ ਇਹਨਾਂ ਸਿਖਲਾਈ ਪ੍ਰੋਗਰਾਮਾਂ ਦੀ ਵਿਉਂਤ ਲਈ ਸ਼ਾਮਿਲ ਕੀਤਾ ਗਿਆ ।

ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਅਗਾਮੀ ਸਾਲ ਦੌਰਾਨ ਲਾਏ ਜਾਣ ਵਾਲੇ ਸਿਖਲਾਈ ਪ੍ਰੋਗਰਾਮਾਂ ਦੀ ਵਿਉਂਤਬੰਦੀ ਸੰਬੰਧੀ ਇੱਕ ਵਿਸਤ੍ਰਿਤ ਰਿਪੋਰਟ ਕੇਂਦਰ ਦੇ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਪੇਸ਼ ਕੀਤੀ । ਡਾ. ਰਿਆੜ ਨੇ ਦੱਸਿਆ ਕਿ ਪੀ.ਏ.ਯੂ. ਨੇ 9 ਵੱਖ-ਵੱਖ ਕਿਸਾਨ ਐਸੋਸੀਏਸ਼ਨਾਂ ਦਾ ਗਠਨ ਕਰਕੇ ਪੂਰੇ ਸੂਬੇ ਦੇ ਕਿਸਾਨਾਂ ਤੱਕ ਨਵੀਂ ਖੇਤੀ ਦੀ ਸਿਖਲਾਈ ਦਾ ਢਾਂਚਾ ਪ੍ਰਸਾਰਿਤ ਕੀਤਾ ਹੈ । ਇਹਨਾਂ ਐਸੋਸੀਏਸ਼ਨਾਂ ਦੀ ਮਾਸਿਕ ਮੀਟਿੰਗ ਹੁੰਦੀ ਹੈ । ਇਸ ਤੋਂ ਬਿਨਾਂ ਪੰਜਾਬ ਦੇ ਹੀ ਨਹੀਂ ਆਸ ਪਾਸ ਦੇ ਸੂਬਿਆਂ ਦੇ ਕਿਸਾਨਾਂ ਨੂੰ ਵੀ ਵਿਗਿਆਨਕ ਖੇਤੀ ਦੇ ਗੁਰ ਸਿਖਾਉਣ ਲਈ ਗਾਹੇ-ਬਗਾਹੇ ਸਿਖਲਾਈ ਕੋਰਸ ਲਾਏ ਜਾਂਦੇ ਹਨ । ਇਸ ਤੋਂ ਇਲਾਵਾ ਪਿੰਡਾਂ ਦੇ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਨਾਲ ਜੋੜਨ ਲਈ ਸਿਖਲਾਈ ਦੇਣਾ ਕੇਂਦਰ ਦਾ ਮੁੱਖ ਉਦੇਸ਼ ਹੈ । ਪੇਂਡੂ ਸੁਆਣੀਆਂ ਨੂੰ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਸਹਿਯੋਗੀ ਕਿੱਤਿਆਂ ਦੀ ਸਿਖਲਾਈ ਨਾਲ ਲੈਸ ਕਰਕੇ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਦੀ ਕਿਸਾਨੀ ਨੂੰ ਅਗਾਂਹਵਧੂ ਦਿਸ਼ਾ ਵਿੱਚ ਲਿਜਾਣ ਲਈ ਤਤਪਰ ਹੈ ।

- Advertisement -

ਇਸ ਤੋਂ ਬਿਨਾਂ ਭੋਜਨ ਵਿਗਿਆਨ ਅਤੇ ਤਕਨਾਲੋਜੀ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਅਤੇ ਨਵਿਆਉਣ ਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਆਪਣੇ-ਆਪਣੇ ਖੇਤਰਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ ਵੀ ਆਉਂਦੇ ਸਾਲ ਲਈ ਯੋਜਨਾਬੰਦੀ ਦੀ ਰਿਪੋਰਟ ਪੇਸ਼ ਕੀਤੀ । ਅੰਤ ਵਿੱਚ ਸਭ ਦਾ ਧੰਨਵਾਦ ਵਧੀਕ ਨਿਰਦੇਸ਼ਕ ਸਿੱਖਿਆ ਡਾ. ਦੀਦਾਰ ਸਿੰਘ ਭੱਟੀ ਨੇ ਕੀਤਾ ।

Share this Article
Leave a comment