ਪੀ ਏ ਯੂ ਵਿਚ ਜਪੁ ਜੀ ਸਾਹਿਬ ਦੇ ਅਨੁਵਾਦ ਬਾਰੇ ਕਿਤਾਬ ਰਿਲੀਜ਼ ਹੋਈ

TeamGlobalPunjab
2 Min Read

ਲੁਧਿਆਣਾ : ਪੀ ਏ ਯੂ ਵਿਚ ਅੱਜ ਇਕ ਪ੍ਰਭਾਵਸ਼ਾਲੀ ਇਕੱਠ ਵਿਚ ਗੁਰੂ ਨਾਨਕ ਰਚਿਤ ਬਾਣੀ ਜਪੁ ਜੀ ਬਾਰੇ ਅਨੁਵਾਦਿਤ ਕਿਤਾਬ ਰਿਲੀਜ਼ ਕੀਤੀ ਗਈ। ਇਹ ਅਨੁਵਾਦ ਯੂਬਾ ਸਿਟੀ ਵਿਚ ਦਿਲ ਦੇ ਰੋਗਾਂ ਦੇ ਪ੍ਰਸਿੱਧ ਡਾਕਟਰ ਰੁਪਿੰਦਰ ਸਿੰਘ ਬਰਾੜ ਵਲੋਂ ਕੀਤਾ ਗਿਆ ਹੈ।

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਮਾਗਮ ਵਿਚ ਪੀ ਏ ਯੂ ਦੇ ਰਜਿਸਟਰਾਰ ਡਾ ਰਾਜਿੰਦਰ ਸਿੰਘ ਸਿੱਧੂ ਨੇ ਸਵਾਗਤੀ ਸ਼ਬਦ ਕਹੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਖੇਤੀ ਖੇਤਰ ਦੇ ਨਾਲ ਹੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਦੀਆਂ ਸਰਗਰਮੀਆਂ ਲਈ ਵੀ ਲਗਾਤਾਰ ਗਤੀਸ਼ੀਲ ਰਹਿੰਦੀ ਹੈ। ਅਜੋਕੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਸਾਰਥਕਤਾ ਬਾਰੇ ਗੱਲ ਕਰਦਿਆਂ ਡਾ ਸਿੱਧੂ ਨੇ ਅਨੁਵਾਦ ਕਰਤਾ ਨੂੰ ਇਸ ਸੰਦੇਸ਼ ਨੂੰ ਦੂਜੀਆਂ ਭਾਸ਼ਾਵਾਂ ਜਾਣਦੇ ਲੋਕਾਂ ਤਕ ਫੈਲਾਉਣ ਲਈ ਵਧਾਈ ਦਿੱਤੀ।

ਕਿਤਾਬ ਬਾਰੇ ਬੋਲਦਿਆਂ ਡਾ ਰੁਪਿੰਦਰ ਸਿੰਘ ਬਰਾੜ ਨੇ ਕਿਤਾਬ ਦੇ ਹੋਂਦ ਵਿਚ ਆਉਣ ਦੇ ਪ੍ਰਸੰਗ ਉਜਾਗਰ ਕੀਤੇ। ਉਨ੍ਹਾਂ ਸੰਸਾਰ ਦੇ ਦਰਸ਼ਨ ਦੇ ਇਤਿਹਾਸ ਵਿਚ ਗੁਰੂ ਨਾਨਕ ਸਾਹਿਬ ਦੇ ਮਹੱਤਵ ਦੀ ਪਛਾਣ ਲਈ ਪੰਜਾਬ ਦੇ ਚਿੰਤਕਾਂ ਨੂੰ ਹੋਰ ਯਤਨ ਕਰਨ ਲਈ ਕਿਹਾ। ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਗੁਰਮਤਿ ਦੇ ਖੇਤਰ ਵਿਚ ਗੈਰ-ਅਕਾਦਮਿਕ ਲੋਕਾਂ ਵਲੋਂ ਕੀਤੇ ਕਾਰਜ ਦੀ ਸ਼ਲਾਘਾ ਕੀਤੀ ਤੇ ਇਸ ਕਿਤਾਬ ਨੂੰ ਗੁਰਮਤਿ ਦੇ ਪਸਾਰ ਦਾ ਅਹਿਮ ਦਸਤਾਵੇਜ਼ ਕਿਹਾ।

ਪੀ ਏ ਯੂ ਵਲੋਂ ਪ੍ਰਕਾਸ਼ਿਤ ਕਿਤਾਬਾਂ ਦਾ ਇਕ ਸੈੱਟ ਡਾ ਰੁਪਿੰਦਰ ਸਿੰਘ ਬਰਾੜ ਨੂੰ ਭੇਂਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਰਾਜ ਸਿੰਘ ਉਮਰਾਨੰਗਲ, ਪ੍ਰੋ ਅਨੁਰਾਗ ਸਿੰਘ, ਤੇਜ ਪ੍ਰਤਾਪ ਸਿੰਘ ਸੰਧੂ,ਪਿਆਰਾ ਸਿੰਘ ਚਹਿਲ, ਡਾ ਸਰਬਜੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਸਮਾਗਮ ਦਾ ਸੰਚਾਲਨ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਕੀਤਾ।

- Advertisement -

Share this Article
Leave a comment