ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਨੂੰ ਰਾਸ਼ਟਰੀ ਪੱਧਰ ‘ਤੇ ਸਰਵੋਤਮ ਕੇਂਦਰ ਦਾ ਖਿਤਾਬ ਮਿਲਿਆ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਦੇ ਸਬਜ਼ੀ ਵਿਗਿਆਨ ਵਿਭਾਗ ਨੂੰ ਬੀਤੇ ਦਿਨੀਂ ਰਾਸ਼ਟਰੀ ਪੱਧਰ ਤੇ ਸਰਵੋਤਮ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦਾ ਖਿਤਾਬ ਮਿਲਿਆ ਹੈ। ਇਹ ਖਿਤਾਬ ਬੀਤੇ ਦਿਨੀਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੀ 39ਵੀਂ ਸਲਾਨਾ ਮੀਟਿੰਗ ਦੌਰਾਨ ਸਬਜ਼ੀਆਂ ਦੇ ਖੇਤਰ ਵਿੱਚ ਕੀਤੀ ਗਈ ਖੋਜ ਸਦਕਾ ਪੀ.ਏ.ਯੂ. ਨੂੰ ਮਿਲਿਆ।

ਸਬਜ਼ੀ ਵਿਗਿਆਨ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਪੀ.ਏ.ਯੂ. 63 ਕੇਂਦਰਾਂ ਵਿੱਚੋਂ ਇੱਕ ਹੈ ਜੋ 1971 ਤੋਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਨਾਲ ਜੁੜਿਆ ਹੈ। ਇਸ ਸੈਂਟਰ ਨੇ ਹੁਣ ਤੱਕ ਸਬਜ਼ੀਆਂ ਅਤੇ ਹਾਈਬਿ੍ਰਡ ਦੀਆਂ 201 ਕਿਸਮਾਂ ਪੈਦਾ ਕੀਤੀਆਂ ਹਨ। ਇਹਨਾਂ ਵਿੱਚੋਂ 37 ਕਿਸਮਾਂ ਨੂੰ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਤਹਿਤ ਮਾਣਤਾ ਮਿਲੀ ਹੈ। ਉਹਨਾਂ ਦੱਸਿਆ ਖਰਬੂਜ਼ੇ ਦੀ ਕਿਸਮ ਹਰਾ ਮਧੂ, ਮਿਰਚਾਂ ਦੀਆਂ ਕਿਸਮਾਂ ਸੀ ਐੱਚ-1 ਅਤੇ ਸੀ ਐੱਚ-27, ਟਮਾਟਰਾਂ ਦੀਆਂ ਕਿਸਮਾਂ ਪੰਜਾਬ ਛੁਹਾਰਾ ਅਤੇ ਪੰਜਾਬ ਰੱਤਾ, ਬੈਂਗਣਾਂ ਦੀਆਂ ਕਿਸਮਾਂ ਪੰਜਾਬ ਸਦਾਬਹਾਰ ਪੀ ਬੀ ਐੱਚ-3, ਪੀ ਬੀ ਐੱਚ-4 ਅਤੇ ਪੀ ਬੀ ਐੱਚ-5, ਮਟਰਾਂ ਦੀਆਂ ਕਿਸਮਾਂ ਪੰਜਾਬ ਅਗੇਤਾ ਅਤੇ ਪੰਜਾਬ-89, ਭਿੰਡੀ ਦੀ ਕਿਸਮ ਪੰਜਾਬ-7, ਪਿਆਜ਼ਾਂ ਦੀ ਕਿਸਮ ਪੰਜਾਬ ਨਰੋਆ ਪੂਰੇ ਦੇਸ਼ ਵਿੱਚ ਬਿਜਾਈ ਲਈ ਸਵੀਕਾਰੀਆਂ ਗਈਆਂ ਕਿਸਮਾਂ ਹਨ। ਉਹਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਜੈਵਿਕ ਦਬਾਵਾਂ ਨੂੰ ਸਹਿਣ ਕਰਨ ਦੀ ਸਮਰਥਾ ਵਾਲੀਆਂ ਕਿਸਮਾਂ ਵੀ ਕੇਂਦਰ ਨੇ ਪੈਦਾ ਕੀਤੀਆਂ ਹਨ।

ਇਸ ਤੋਂ ਇਲਾਵਾ ਬਹੁਤ ਸਾਰੀਆਂ ਉਤਪਾਦਨ ਤਕਨੀਕਾਂ ਦੀ ਸਿਫ਼ਾਰਸ਼ ਵੀ ਕੇਂਦਰ ਵੱਲੋਂ ਕੀਤੀ ਗਈ ਹੈ ਜਿਨਾਂ ਵਿੱਚ ਸੁਰੱਖਿਅਤ ਖੇਤੀ, ਮੌਸਮ ਅਨੁਸਾਰ ਕਾਸ਼ਤ, ਨਦੀਨਾਂ ਦੀ ਰੋਕਥਾਮ, ਪੋਸ਼ਣ ਦੀਆਂ ਜ਼ਰੂਰਤਾਂ ਅਨੁਸਾਰ ਸਿਫ਼ਾਰਸ਼ਾਂ ਅਤੇ ਵੱਖ-ਵੱਖ ਸਬਜ਼ੀਆਂ ਦੀਆਂ ਹੋਰ ਸਿਫ਼ਾਰਸ਼ਾਂ ਸ਼ਾਮਿਲ ਹਨ ਜੋ ਪੰਜਾਬ ਅਤੇ ਨੇੜਲੇ ਰਾਜਾਂ ਦੇ ਸਬਜ਼ੀ ਉਤਪਾਦਕਾਂ ਨੇ ਅਪਨਾਈਆਂ ਹਨ ।

ਪੀ.ਏ.ਯੂ. ਨੇ ਸ਼ਿਮਲਾ ਮਿਰਚ, ਟਮਾਟਰ ਅਤੇ ਬੈਂਗਣਾਂ ਦੀ ਨੈੱਟ ਹਾਊਸ ਕਾਸ਼ਤ ਸ਼ੁਰੂ ਕਰਨ ਵਿੱਚ ਦੇਸ਼ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਜਿਸ ਨਾਲ ਨਾ ਸਿਰਫ ਕੀਟਨਾਸ਼ਕਾਂ ਦੀ ਵਰਤੋਂ ਵਿੱਚ ਕਮੀ ਆਈ।

ਇਸ ਤੋਂ ਇਲਾਵਾ ਕੇਂਦਰ ਨੇ ਸਬਜ਼ੀ ਉਤਪਾਦਕਾਂ ਦੀ ਆਰਥਿਕਤਾ ਮਜ਼ਬੂਤ ਕਰਨ ਲਈ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਨਾਲ ਰਲ ਕੇ ਜ਼ਿਕਰਯੋਗ ਕੰਮ ਕੀਤਾ ਹੈ। ਇਹਨਾਂ ਕੋਸ਼ਿਸ਼ਾਂ ਸਦਕਾ ਹੀ ਪੰਜਾਬ ਵਿੱਚ ਪਿਛਲੇ 6 ਦਹਾਕਿਆਂ ਦੌਰਾਨ ਸਬਜ਼ੀਆਂ ਹੇਠ ਰਕਬਾ 80 ਪ੍ਰਤੀਸ਼ਤ ਤੱਕ ਵਧਿਆ ਹੈ ਜਦਕਿ ਉਤਪਾਦਨ ਵਿੱਚ 90 ਪ੍ਰਤੀਸ਼ਤ ਤੱਕ ਵਾਧਾ ਦੇਖਿਆ ਗਿਆ ਹੈ। ਇਹਨਾਂ ਤਕਨਾਲੋਜੀਆਂ ਨੂੰ ਵਿਆਪਕ ਤੌਰ ‘ਤੇ ਪਸਾਰਨ ਲਈ ਕੇਂਦਰ ਨੇ ਪਿਛਲੇ ਪੰਜ ਸਾਲਾਂ ਦੌਰਾਨ 275 ਪ੍ਰਕਾਸ਼ਨਾਵਾਂ ਸਾਹਮਣੇ ਲਿਆਂਦੀਆਂ ਜਿਨਾਂ ਵਿੱਚੋਂ 77 ਖੋਜ ਪੱਤਰ ਉੱਚ ਪੱਧਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਏ।

ਸਵਰਗਵਾਸੀ ਅਮਿਤ ਸਿੰਘ ਯਾਦਗਾਰੀ ਫਾਊਂਡੇਸ਼ਨ ਨੂੰ ਵੀ ਸਾਲ 2020 ਲਈ ਸਨਮਾਨ ਪੱਤਰ ਅਤੇ ਯਾਦ ਚਿੰਨ ਨਾਲ ਸਨਮਾਨਿਆ ਗਿਆ ਸੀ। ਪੀ.ਏ.ਯੂ. ਦੇ ਵਾਈਸ ਚਾਂਸਲਰ ਅਨਿਰੁਧ ਤਿਵਾੜੀ ਮੁੱਖ ਸਕੱਤਰ ਵਿਕਾਸ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਅਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵਿਭਾਗ ਦੇ ਮੁਖੀ ਡਾ. ਤਰਸੇਮ ਸਿੰਘ ਢਿੱਲੋਂ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।

Share This Article
Leave a Comment