ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਦਾ ਹੋਵੇ ਮੁਫ਼ਤ ਇਲਾਜ : ਸੁਖਬੀਰ ਬਾਦਲ

TeamGlobalPunjab
2 Min Read

ਐਸ ਜੀ ਪੀ ਸੀ ਵੱਲੋਂ ਛੇਵੇਂ ਕੋਰੋਨਾ ਕੇਅਰ ਸੈਂਟਰ ਦੀ ਸ਼ੁਰੂਆਤ

ਮਾਨਸਾ/ਬੁਢਲਾਡਾ : ‘ਕੋਰੋਨਾ ਸੰਕਟ ਨੂੰ ਵੇਖਦਿਆਂ ਸਰਕਾਰ ਸਾਰੇ ਕੋਰੋਨਾ ਮਰੀਜ਼ਾਂ ਲਈ ਪ੍ਰਾਈਵੇਟ ਹਸਪਤਾਲਾਂ ਵਿਚ ਮੁਫ਼ਤ ਇਲਾਜ ਦਾ ਐਲਾਨ ਕਰੇ’ – ਕੈਪਟਨ ਸਰਕਾਰ ਤੋਂ ਇਹ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ । ਸੁਖਬੀਰ ਬਾਦਲ ਗੁਰੂ ਨਾਨਕ ਕਾਲਜ, ਬੁਢਲਾਡਾ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹੇ ਗਏ 25 ਬੈੱਡਾਂ ਦੇ ਕੋਰੋਨਾ ਕੇਅਰ ਸੈਂਟਰ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਵਾਰ-ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਰੀਜ਼ਾਂ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਤੇ ਲੈਬਾਂ ਵਿਚ ਟੈਸਟਾਂ ਲਈ ਖਰਚ ਦੀ ਹੱਦ ਤੈਅ ਨਹੀਂ ਕੀਤੀ।

 

- Advertisement -

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਕੰਮਕਾਜ ਨੁੰ ਨਿਯਮਿਤ ਕਰਨ ਲਈ ਮੁੱਖ ਮੰਤਰੀ ਨੂੰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਇਹਨਾ ਸੰਸਥਾਵਾਂ ਵੱਲੋਂ ਮਰੀਜ਼ਾਂ ਦੀ ਲੁੱਟ ਰੋਕਣ ਲਈ ਕੁਝ ਵੀ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕੋਰੋਨਾ ਮਰੀਜ਼ ਇਸ ਕਰ ਕੇ ਆਪਣੇ ਘਰਾਂ ਵਿਚੋਂ ਨਹੀਂ ਨਿਕਲ ਰਹੇ ਕਿਉਂਕਿ ਸਰਕਾਰੀ ਹਸਪਤਾਲਾਂ ਵਿਚ ਸਹੀ ਇਲਾਜ ਸਹੂਲਤਾਂ ਨਹੀਂ ਹਨ ਅਤੇ ਪ੍ਰਾਈਵੇਟ ਸੰਸਥਾਵਾਂ ਇੰਨਾ ਮਹਿੰਗਾ ਇਲਾਜ ਕਰਦੀਆਂ ਹਨ ਕਿ ਮਰੀਜ਼ ਇੰਨਾ ਖਰਚ ਨਹੀਂ ਚੁੱਕ ਸਕਦੇ।

 

 ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ, ‘ਇਹ ਛੇਵਾਂ ਕੋਰੋਨਾ ਸੈਂਟਰ ਹੈ ਜੋ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤਾ ਗਿਆ ਹੈ ਤੇ ਇਸ ਵਿਚ ਸੂਬੇ ਦੇ ਲੋਕਾਂ ਨੂੰ ਲੈਵਲ 1 ਅਤੇ ਲੈਵਲ 2 ਇਲਾਜ ਸਹੂਲਤਾਂ ਮਿਲਣਗੀਆਂ।’

ਉਹਨਾਂ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਕੋਰੋਨਾ ਵੈਕਸੀਨ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਪਹੁੰਚ ਗਈ ਹੈ ਅਤੇ ਜਲਦੀ ਹੀ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ।

- Advertisement -

Share this Article
Leave a comment