ਮੋਗਾ : ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਹੈ ਕਿ, “ਨਾਨੀ ਖਸਮ ਕਰੇ ਤੇ ਦੋਹਤਾ ਚੱਟੀ ਭਰੇ” ਇੰਝ ਜਾਪਦਾ ਹੈ ਜਿਵੇਂ ਇਹ ਕਹਾਵਤ ਇੱਥੋਂ ਦੇ ਪਿੰਡ ਧੱਲੇਕੇ ਦੀ ਉਸ ਮਹਿਲਾ ਕਾਂਗਰਸ ਜਿਲ੍ਹਾ ਪ੍ਰਧਾਨ ਵੀਰਪਾਲ ਕੌਰ ‘ਤੇ ਫਿੱਟ ਬੈਠਦੀ ਹੈ ਜਿਸ ਦੇ ਪਤੀ ‘ਤੇ ਗਰੀਬਾਂ ਤੋਂ ਗੁੰਡਾਗਰਦੀ ਨਾਲ ਜ਼ਬਰਨ ਪੈਸੇ ਵਸੂਲਣ ਦੇ ਦੋਸ਼ ਲੱਗਣ ਤੋਂ ਬਾਅਦ ਜਦੋਂ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਤਾਂ ਉਸ ਨੇ ਗੋਲੀ ਚਲਾ ਦਿੱਤੀ। ਇਹ ਗੱਲ ਜਦੋਂ ਪੰਜਾਬ ਕਾਂਗਰਸ ਦੀ ਮਹਿਲਾ ਪ੍ਰਧਾਨ ਮਮਤਾ ਦੱਤਾ ਕੋਲ ਪੁੱਜੀ ਤਾਂ ਉਨ੍ਹਾਂ ਨੇ ਵੀਰਪਾਲ ਕੌਰ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ ਵੀਰਪਾਲ ਦੇ ਪਤੀ ਠਾਣਾ ਸਿੰਘ ਜੌਹਲ ਖਿਲਾਫ ਪੁਲਿਸ ਨੇ ਇਰਾਦਾ ਕਤਲ ਦੀ ਧਾਰਾ 307, ਬਲੈਕਮੇਲਿੰਗ ਦੀ ਧਾਰਾ 384 ਅਤੇ ਜ਼ਬਰਦਸਤੀ ਕਰਕੇ ਖੋਹ ਕਰਨ ਦੀ ਧਾਰਾ 379 ਬੀ ਤੋਂ ਇਲਾਵਾ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਧਾਰਾ 506 ਤਹਿਤ ਪਰਚਾ ਵੀ ਦਰਜ ਕਰ ਲਿਆ ਹੈ।
ਇਸ ਗੱਲ ਦੀ ਪੁਸ਼ਟੀ ਕਰਦਿਆਂ ਜਿਲ੍ਹਾ ਮਹਿਲਾ ਕਾਂਗਰਸ ਸਕੱਤਰ ਕਮਲਜੀਤ ਕੌਰ ਨੇ ਦੱਸਿਆ ਕਿ ਠਾਣਾ ਸਿੰਘ ਜੌਹਲ ਗਰੀਬਾਂ ਤੋਂ ਪਰਚੀਆਂ ਕੱਟ ਕੇ ਪੈਸੇ ਵਸੂਲਣ ਦੀ ਕਾਰਵਾਈ ਨਿੱਜੀ ਤੌਰ ‘ਤੇ ਕਰਦਾ ਸੀ ਜਿਸ ਗੱਲ ਦੀ ਮਨਜ਼ੂਰੀ ਕਿਸੇ ਪਿੰਡ ਵਾਲੇ ਨੇ ਨਹੀਂ ਦਿੱਤੀ ਸੀ। ਉਨ੍ਹਾਂ ਕਿਹਾ ਕਿ ਜਿਹੜਾ ਵੀ ਗੁਨਾਹ ਠਾਣਾ ਸਿੰਘ ਜੌਹਲ ਨੇ ਕੀਤਾ ਹੈ ਉਸ ਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਕਨੂੰਨ ਆਪਣਾ ਕੰਮ ਕਰੇਗਾ। ਕਮਲਜੀਤ ਕੌਰ ਮੁਤਾਬਕ ਠਾਣਾ ਸਿੰਘ ਜੌਹਲ ਵੱਲੋਂ ਪਰਚੀਆਂ ਕੱਟਣ ਦੇ ਮਾਮਲੇ ਤੋਂ ਪਹਿਲਾਂ ਸਥਾਨਕ ਵਿਧਾਇਕ ਨੂੰ ਵੀ ਜਾਣੂ ਕਰਵਾਇਆ ਗਿਆ ਸੀ ਤੇ ਉਸ ਸਮੇਂ ਜਦੋਂ ਵਿਧਾਇਕ ਨੇ ਜਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਧੱਲੇਕੇ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਸ ਵੇਲੇ ਵੀਰਪਾਲ ਕੌਰ ਨੇ ਇਹ ਕਿਹਾ ਦਿੱਤਾ ਸੀ ਕਿ ਠਾਣਾ ਸਿੰਘ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ ਤੇ ਇਸ ਦੀ ਦਵਾਈ ਚੱਲਦੀ ਹੈ।
ਦੱਸ ਦਈਏ ਕਿ ਠਾਣਾ ਸਿੰਘ ਜੌਹਲ ‘ਤੇ ਪਿੰਡ ਧੱਲੇਕੇ ਵਾਸੀ ਪੰਚਾਇਤ ਮੈਂਬਰ ਸੁਰੈਣ ਸਿੰਘ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਠਾਣਾ ਸਿੰਘ ਜੌਹਲ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸੀ, ਪਰ ਉਸ ਨੇ ਆਪਣੇ ਕੋਲ ਫੜੀ ਗੰਡਾਸੀ ਨਾਲ ਧਰਤੀ ‘ਤੇ ਲਕੀਰ ਖਿੱਚਦਿਆਂ ਧਮਕੀ ਦਿੱਤੀ ਸੀ ਕਿ ਜਿਹੜਾ ਵੀ ਇਸ ਤੋਂ ਅੱਗੇ ਆਇਆ ਉਸ ਨੂੰ ਉਹ (ਜੌਹਲ) ਠੋਕ ਦੇਵੇਗਾ। ਸੁਰੈਣ ਸਿੰਘ ਅਨੁਸਾਰ ਇਸ ਤੋਂ ਬਾਅਦ ਪਿੰਡ ਦਾ ਸਰਪੰਚ ਉਸ ਨੂੰ ਸਮਝਾਉਣ ਲਈ ਅੱਗੇ ਵਧਿਆ ਤਾਂ ਉਸ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਉਪਰੰਤ ਜੌਹਲ ਨੇ ਆਪਣੀ ਪਸਤੌਲ ਕੱਢ ਕੇ ਹਵਾਈ ਫਾਇਰ ਵੀ ਕੀਤੇ। ਸੁਰੈਣ ਸਿੰਘ ਅਨੁਸਾਰ ਇਸ ਤੋਂ ਬਾਅਦ ਕੁਝ ਲੋਕ ਤਾਂ ਉੱਥੋਂ ਭੱਜ ਗਏ ਪਰ ਕੁਝ ਇੰਨੇ ਗੁੱਸੇ ‘ਚ ਆ ਗਏ ਕਿ ਉਨ੍ਹਾਂ ਨੇ ਠਾਣਾ ਸਿੰਘ ਜੌਹਲ ਤੋਂ ਪਸਤੌਲ ਖੋਹ ਲਿਆ ਅਤੇ ਉਸ ਦਾ ਰੱਜ ਕੇ ਕੁਟਾਪਾ ਚਾੜ੍ਹ ਦਿੱਤਾ। ਇਸ ਤੋਂ ਇਲਾਵਾ ਪਿੰਡ ਵਿੱਚ ਰੇਹੜੀ ਲੈ ਕੇ ਆਏ ਮਨਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਠਾਣਾ ਸਿੰਘ ਜੌਹਲ ਨੇ ਉਸ ਦੀ ਪਰਚੀ ਕੱਟ ਕੇ ਉਸ ਤੋਂ ਜ਼ਬਰਦਸਤੀ 100 ਰੁਪਏ ਵਸੂਲੇ ਸਨ।
ਦੂਜੇ ਪਾਸੇ ਇਸ ਸਬੰਧੀ ਜਦੋਂ ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਦੇ ਪਤੀ ਠਾਣਾ ਸਿੰਘ ਜੌਹਲ ਨਾਲ ਗੱਲ ਬਾਤ ਕੀਤੀ ਗਈ ਸੀ ਤਾਂ ਉਸ ਦਾ ਕਹਿਣਾ ਸੀ ਕਿ ਪਿੰਡ ਵਿੱਚ ਗਲਤ ਕੰਮ ਰੋਕਣ ਲਈ ਉਸ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਕਾਰਨ ਪਿੰਡ ਵਾਲੇ ਉਸ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਚੋਰੀ ਹੋਈ ਸੀ ਜਿਸ ਕਾਰਨ ਉਸ (ਠਾਣਾ ਸਿੰਘ) ਨੇ ਰੂਪ ਸਿੰਘ ਨਾਮ ਦੇ ਇੱਕ ਬਾਬੇ ਵਿਰੁੱਧ ਪਰਚਾ ਦਰਜ ਕਰਵਾਇਆ ਸੀ ਜਿਸ ਕਾਰਨ ਪਿੰਡ ਵਾਲੇ ਉਸ ਦਾ ਵਿਰੋਧ ਕਰ ਰਹੇ ਸਨ। ਪਰਚੀ ਕੱਟਣ ਵਾਲੇ ਮਸਲੇ ‘ਤੇ ਉਨ੍ਹਾਂ ਕਿਹਾ ਸੀ ਕਿ ਉਹ ਉਨ੍ਹਾਂ ਰੇਹੜੀ ਵਾਲਿਆਂ ਦੀ ਪਰਚੀ ਕੱਟਦੇ ਹਨ ਜਿਹੜੇ ਲਾਊਡ ਸਪੀਕਰਾਂ ਦੀ ਵਰਤੋਂ ਕਰਦੇ ਹਨ ਪਰ ਉਹ ਉਨ੍ਹਾਂ ਦੀ ਵੀ 100 ਰੁਪਏ ਦੀ ਪਰਚੀ ਕੱਟ ਕੇ ਚੇਤਾਵਨੀ ਦੇ ਕੇ ਛੱਡ ਦਿੰਦੇ ਹਨ। ਉਨ੍ਹਾਂ ਕਿਹਾ 1100 ਰੁਪਏ ਦੀ ਪਰਚੀ ਕੱਟਣ ਵਾਲੇ ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਇਹ ਪੈਸੇ ਉਹ ਕਿਸੇ ਡੇਰੇ ਨੂੰ ਦਾਨ ਕਰਦਾ ਹੈ। ਗੋਲੀ ਚਲਾਉਣ ਬਾਰੇ ਠਾਣਾ ਸਿੰਘ ਨੇ ਦੱਸਿਆ ਕਿ ਉਸ ਨੇ ਗੋਲੀ ਉਸ ਸਮੇਂ ਚਲਾਈ ਜਦੋਂ ਪਿੰਡ ਵਾਲਿਆਂ ਨੇ ਉਸ ਨੂੰ ਢਾਹ ਲਿਆ ਅਤੇ ਉਸ ਦੀ ਪੱਗ ਦੀ ਬੇਅਦਬੀ ਕੀਤੀ, ਜਿਸ ਤੋਂ ਬਾਅਦ ਉਸ ਨੇ ਸਵੈ ਰੱਖਿਆ ਲਈ ਹਵਾਈ ਫਾਇਰ ਕੀਤੇ ਸਨ।