ਬਰਨਾਲਾ : ਭਾਈ ਰਣਜੀਤ ਸਿੰਘ ਢੱਡਰੀਆਂਵਾਲਿਆਂ ਦੇ ਵਿਰੋਧ ਦਾ ਸਿਲਸਿਲਾ ਲਗਾਤਾਰ ਵਧਦਾ ਹੀ ਜਾ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜਿੱਥੇ ਬੀਤੇ ਦਿਨੀਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਮਿਰਚਾਂ ਵਾਲੀ ਬੋਰੀ ‘ਚ ਪਾ ਕੇ ਸੋਧਾ ਲਾਉਣ ਦੀ ਧਮਕੀ ਦਿੱਤੀ ਗਈ ਸੀ ਉੱਥੇ ਹੀ ਹੁਣ ਉਨ੍ਹਾਂ ਦੇ ਧਾਰਮਿਕ ਦੀਵਾਨਾਂ ਨੂੰ ਰੋਕਣ ਲਈ ਵੀ ਸਿੱਖ ਜਥੇਬੰਦੀਆਂ ਯਤਨ ਕਰ ਰਹੀਆਂ ਹਨ। ਅੱਜ ਇੱਕ ਵਾਰ ਫਿਰ ਮਾਨਸਾ ਜਿਲ੍ਹੇ ਦੇ ਪਿੰਡ ਜੋਗਾ ‘ਚ ਹੋ ਰਹੇ ਉਨ੍ਹਾਂ ਦੇ ਦੀਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।
ਰਿਪੋਰਟਾਂ ਮੁਤਾਬਿਕ ਬਰਨਾਲਾ ਅਤੇ ਧਨੌਲਾ ਪੁਲਿਸ ਵੱਲੋਂ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਦੀਵਾਨਾਂ ਨੂੰ ਰੋਕਣ ਜਾ ਰਹੇ ਅਮਰੀਕ ਸਿੰਘ ਅਜਨਾਲਾ ਦੇ 100 ਸਾਥੀਆਂ ਨੂੰ ਰੋਕ ਲਿਆ ਗਿਆ ਹੈ। ਇਸ ਦੌਰਾਨ ਕਈ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਵੀ ਗੱਲ ਸਾਹਮਣੇ ਆਈ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਲੌਗੋਂਵਾਲ ਦੇ ਇਕ ਪਿੰਡ ਵਿੱਚ ਹੋ ਰਹੇ ਦੀਵਾਨਾਂ ਵਿੱਚ ਵੀ ਢੱਡਰੀਆਂਵਾਲੇ ਦਾ ਭਾਰੀ ਵਿਰੋਧ ਹੋਈ ਸੀ। ਇਸ ਦੌਰਾਨ ਵੀ ਵੱਡੀ ਗਿਣਤੀ ਵਿੱਚ ਉੱਥੇ ਪੁਲਿਸ ਫੋਰਸ ਤੈਨਾਤ ਸੀ।