ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਟੱਕਰ ਦੇਣ ਲਈ ਕਾਇਮ ਕੀਤੀ ਗਈ ਪੰਥਕ ਅਕਾਲੀ ਲਹਿਰ ਵੱਲੋਂ ਪਿਛਲੇ ਦਿਨੀਂ ਵਿਸ਼ਾਲ ਕਾਨਫਰੰਸ ਕੀਤੀ ਗਈ। ਜਿਸ ‘ਚ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਮੁਖੀ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੇ ਧਾਰਮਿਕ ਅਦਾਰਿਆਂ ਨੂੰ ਬਾਦਲ ਪਰਿਵਾਰ ਤੋਂ ਮੁਕਤ ਕਰਵਾਉਣ ਲਈ ਸੰਘਰਸ਼ ਦਾ ਐਲਾਨ ਕੀਤਾ ਸੀ।
ਉਨ੍ਹਾਂ ਕਿਹਾ ਕਿ ਸੀ ਸ਼੍ਰੋਮਣੀ ਕਮੇਟੀ ਦੀ ਹੋ ਰਹੀ ਲੁੱਟ ਬੰਦ ਕਰਵਾਉਣ ਲਈ ਤੇ ਇਸ ਨੂੰ ਸਿਆਸੀ ਗਲਬੇ ‘ਚੋ ਬਾਹਰ ਕੱਢਣ ਲਈ ਜ਼ਰੂਰੀ ਹੈ ਕਿ ਪੂਰੀ ਦੁਨੀਆ ‘ਚ ਵਸਦੇ ਸਿੱਖ ਇਸ ਲਹਿਰ ਦਾ ਸਾਥ ਦੇਣ। ਜਿਸ ਦੇ ਚਲਦਿਆਂ ਦਰਜਨ ਤੋਂ ਵੱਧ ਆਸਟਰੇਲੀਆ ਦੇ ਗੁਰਦੁਆਰਿਆਂ ਨੇ ਉਨ੍ਹਾਂ ਨੂੰ ਸਮਰਥਨ ਦਿੱਤਾ ਹੈ। ਆਸਟਰੇਲੀਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੰਮ ’ਚ ਲੱਗੀ ਪੰਥਕ ਅਕਾਲੀ ਲਹਿਰ ਦੀ ਪਿੱਠ ਥਾਪੜਦਿਆਂ ਕਮੇਟੀ ਦੀਆਂ ਚੋਣਾਂ ਕਰਵਾਉਣ ’ਤੇ ਜ਼ੋਰ ਦਿੱਤਾ ਹੈ।
ਆਸਟਰੇਲੀਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏਐੱਸਜੀਪੀਸੀ) ਦੇ ਪ੍ਰਧਾਨ ਕੁਲਦੀਪ ਸਿੰਘ, ਜਨਰਲ ਸਕੱਤਰ ਗੁਰਵਿੰਦਰ ਸਿੰਘ, ਮੋਹਨ ਸਿੰਘ, ਹਰਦੀਪ ਸਿੰਘ, ਭੁਪਿੰਦਰ ਸਿੰਘ ਤੇ ਕਰਨੈਲ ਸਿੰਘ ਨੇ ਕਿਹਾ ਕਿ ਸਿੱਖ ਕੌਮ ਵਿਚ ਅਕਾਲ ਤਖ਼ਤ ਦਾ ਸਰਵਉੱਚ ਸਥਾਨ ਹੈ ਤੇ ਉਨ੍ਹਾਂ ਅਪੀਲ ਕੀਤੀ ਕਿ ਇਸ ਲੜਾਈ ਨੂੰ ਜਿੱਤਣ ਲਈ ਹੋਰ ਦੇਸ਼ਾਂ ਦੇ ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਮਤਭੇਤ ਖਤਮ ਕਰ ਕੇ ਇਕੱਠੇ ਹੋ ਕੇ ਚੋਣ ਲੜਨ।
ਦੱਸ ਦੇਈਏ ਪੰਥਕ ਅਕਾਲੀ ਲਹਿਰ ਨੇ ਕਾਨਫਰੰਸ ਦੌਰਾਨ ਸੰਗਤਾਂ ਤੋਂ ਹੱਥ ਖੜ੍ਹੇ ਕਰਵਾ ਕੇ ਮਤੇ ਪਾਸ ਕੀਤੇ ਸਨ ਜਿਨ੍ਹਾਂ ‘ਚ ਭਾਰਤ ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਸੀ ਕਿ ਪੰਜ ਸਾਲਾ ਦੀ ਮਿਆਦ ਪੂਰੀ ਕਰ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਾਊਸ ਨੂੰ ਭੰਗ ਕਰਕੇ ਤੁਰੰਤ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ। ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਾਂਗ ਹਰ ਪੰਜ ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ।