Home / ਪੰਜਾਬ / ਡਿਪਟੀ ਕਮਿਸ਼ਨਰ ਵੱਲੋਂ ਪੀ ਐਚ ਸੀ ਸੁੱਜੋਂ ਵਿਖੇ ਸਮੀਖਿਆ ਮੀਟਿੰਗ, ਸੀਲ ਕੀਤੇ 15 ਪਿੰਡਾਂ ਦੇ ਲੋਕਾਂ ਨਾਲ ਰਾਬਤੇ ਲਈ 48 ਏਐਨਐਮਜ਼ ਤਾਇਨਾਤ

ਡਿਪਟੀ ਕਮਿਸ਼ਨਰ ਵੱਲੋਂ ਪੀ ਐਚ ਸੀ ਸੁੱਜੋਂ ਵਿਖੇ ਸਮੀਖਿਆ ਮੀਟਿੰਗ, ਸੀਲ ਕੀਤੇ 15 ਪਿੰਡਾਂ ਦੇ ਲੋਕਾਂ ਨਾਲ ਰਾਬਤੇ ਲਈ 48 ਏਐਨਐਮਜ਼ ਤਾਇਨਾਤ

ਨਵਾਂਸ਼ਹਿਰ : ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਪ੍ਰਾਇਮਰੀ ਹੈਲਥ ਸੈਂਟਰ ਸੁੱਜੋਂ ਵਿਖੇ ਬੰਗਾ ਅਤੇ ਨਵਾਂਸ਼ਹਿਰ ਸਬ ਡਵੀਜ਼ਨਾਂ ਦੇ ਕੋਰੋਨਾ ਵਾਇਰਸ ਕਾਰਨ ਸੀਲ ਕੀਤੇ ਗਏ 15 ਪਿੰਡਾਂ ਦੇ ਲੋਕਾਂ ਦੀਆਂ ਸਿਹਤ ਸੇਵਾਵਾਂ ਦੇ ਮੁਲਾਂਕਣ ਲਈ ਐਸ ਡੀ ਐਮ ਬੰਗਾ ਗੌਤਮ ਜੈਨ, ਸਿਵਲ ਸਰਜਨ ਡਾ. ਰਜਿੰਦਰ ਭਾਟੀਆ, ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਤੇ ਐਸ ਐਮ ਓ ਡਾ. ਰੂਬੀ ਤੇ ਰੈਪਿਡ ਰਿਸਪਾਂਸ ਟੀਮਾਂ ਦੇ ਮੁਖੀ ਡਾਕਟਰਾਂ ਨਾਲ ਮੀਟਿੰਗ ਕੀਤੀ ਗਈ।

ਸ੍ਰੀ ਬਬਲਾਨੀ ਨੇ ਦੱਸਿਆ ਕਿ ਇਨ੍ਹਾਂ 15 ਪਿੰਡਾਂ ਦੇ ਲੋਕਾਂ ਦੀ ਸਿਹਤ ਦਾ ਪਤਾ ਲਾਉਣ ਲਈ ਸਿਹਤ ਵਿਭਾਗ ਵੱਲੋਂ 48 ਏ ਐਨ ਐਮਜ਼ ਨੂੰ ਰੋਜ਼ਾਨਾ ਲੋਕਾਂ ਨਾਲ ਪਿੰਡਾਂ ’ਚ ਜਾ ਕੇ ਰਾਬਤਾ ਕਰਨ ਦੀ ਹਦਾਇਤ ਕੀਤੀ ਗਈ ਹੈ। ਇਨ੍ਹਾਂ ਏ ਐਨ ਐਮਜ਼ ਦੀ ਮੱਦਦ ਲਈ 6 ਰੈਪਿਡ ਰਿਸਪਾਂਸ ਟੀਮਾਂ ਦੇ ਡਾਕਟਰ ਹਰ ਵਕਤ ਤਿਆਰ ਬਰ ਤਿਆਰ ਰਹਿਣਗੇ ਅਤੇ ਕਿਸੇ ਵੀ ਹੰਗਾਮੀ ਹਾਲਤ ’ਚ ਤੁਰੰਤ ਮੌਕੇ ’ਤੇ ਪਹੁੰਚ ਕੇ ਮਰੀਜ਼ ਦਾ ਨਿਰੀਖਣ ਕਰਨ ਬਾਅਦ, ਉਸ ਨੂੰ ਅੱਗੇ ਰੈਫ਼ਰ ਕਰਨ ਬਾਰੇ ਫ਼ੈਸਲਾ ਲੈਣਗੇ। ਉਨ੍ਹਾਂ ਦੱਸਿਆ ਕਿ ਸੁੱਜੋਂ ਵਿਖੇ ਸਥਿਤ ਪੀ ਐਚ ਸੀ ਦਾ ਸਟਾਫ਼ ਸ਼ਾਮ ਤੱਕ ਸੇਵਾਵਾਂ ਦੇਵੇਗਾ ਜਦਕਿ ਪਠਲਾਵਾ ਅਤੇ ਮਹਿਲ ਗਹਿਲਾਂ ਵਿਖੇ ਇੱਕ-ਇੱਕ 24× 7 ਸਿਹਤ ਕੇਂਦਰ ਆਰਜ਼ੀ ਤੌਰ ’ਤੇ ਕਾਇਮ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਸਿਹਤ ਕੇਂਦਰਾਂ ਕੋਲ ਮੌਜੂਦਾ ਐਂਬੂਲੈਂਸ ਤੇ ਗੱਡੀ ਦੀ ਕਿਸੇ ਵੀ ਹੰਗਾਮੀ ਹਾਲਤ ’ਚ ਵਰਤੋਂ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸੁੱਜੋਂ, ਪਠਲਾਵਾ ਤੇ ਮਹਿਲ ਗਹਿਲਾਂ ਤੋਂ ਇਲਾਵਾ ਬਾਕੀ ਬਚਦੇ ਪਿੰਡਾਂ ’ਚ ਫ਼ਾਰਮਾਸਿਸਟ/ਸਟਾਫ਼ ਨਰਸ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਲੋਕਾਂ ਦੀ ਸਿਹਤ ਜਾਂਚ ਅਤੇ ਲੋੜੀਂਦੀ ਦਵਾਈ ਮੁਹੱਈਆ ਕਰਵਾਉਣ ਲਈ ਤਾਇਨਾਤ ਰਹਿਣਗੇ।

ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ 15 ਪਿੰਡਾਂ ’ਚ ਲਾਈਆਂ ਗਈਆਂ 48 ਏ ਐਨ ਐਮਜ਼ ਦੀ ਇੱਕੋ-ਇੱਕ ਡਿਊਟੀ ਰੋਜ਼ਾਨਾ ਹਰੇਕ ਘਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੀ ਖੈਰ-ਸੁੱਖ ਪੁੱਛਣਾ ਤੇ ਜਾਂਚ ਕਰਨਾ ਹੋਵੇਗਾ ਤਾਂ ਜੋ ਕਿਸੇ ਵਿਅਕਤੀ ’ਚ ਕੋਵਿਡ-19 ਦੇ ਲੱਛਣ ਉਭਰਣ ’ਤੇ ਤੁਰੰਤ ਉਸ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਨੇ ਇਨ੍ਹਾਂ ਏ ਐਨ ਐਮਜ਼ ਨੂੰ ਆਪੋ-ਆਪਣੀ ਆਰ ਆਰ ਟੀ ਟੀਮ ਨਾਲ ਸੰਪਰਕ ’ਚ ਰਹਿਣ ਅਤੇ ਮਰੀਜ਼ਾਂ ਦੀ ਸਥਿਤੀ ਦੀ ਜਾਣਕਾਰੀ ਦਿੰਦੇ ਰਹਿਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਨੇ ਐਸ ਐਮ ਓ ਸੁੱਜੋਂ ਅਤੇ ਐਸ ਐਮ ਓ ਮੁਜੱਫ਼ਰਪੁਰ ਨੂੰ ਆਪੋ ਆਪਣੇ ਹੈਲਥ ਬਲਾਕਾਂ ਨਾਲ ਸਬੰਧਤ ਇਨ੍ਹਾਂ 15 ਪਿੰਡਾਂ ਦੇ ਲੋਕਾਂ ਦੀ ਸਿਹਤ ’ਤੇ ਆਪਣੇ ਸਟਾਫ਼ ਰਾਹੀਂ ਰੋਜ਼ਾਨਾ ਨਜ਼ਰ ਰੱਖਣੀ ਯਕੀਨੀ ਬਣਾਉਣ ਲਈ ਆਖਿਆ। ਡਿਪਟੀ ਕਮਿਸ਼ਨਰ ਨੇ ਇਸ ਦੇ ਨਾਲ ਹੀ ਇਨ੍ਹਾਂ ਟੀਮਾਂ ਨੂੰ ਹਦਾਇਤ ਕੀਤੀ ਕਿ ਜਿਹੜੇ ਵਿਦੇਸ਼ ਤੋਂ ਆਏ ਵਿਅਕਤੀ ਆਪਣੇ ਘਰਾਂ ’ਚ ਬੈਠੇ ਹਨ ਪਰ ਨਾ ਤਾਂ ਜ਼ਿਲ੍ਹਾ ਕੰਟਰੋਲ ਰੂਮ ’ਤੇ ਫ਼ੋਨ ਕਰ ਰਹੇ ਨੇ ਤੇ ਨਾ ਹੀ ਸਾਡੀ ਐਨ ਆਰ ਆਈ ਸੂਚੀ ’ਚ ਹਨ, ਉਨ੍ਹਾਂ ਨੂੰ ਵੀ ਵਿਸ਼ੇਸ਼ ਤੌਰ ’ਤੇ ਲੱਭਿਆ ਜਾਵੇ।

Check Also

31 ਮਈ ਤੱਕ ਕਣਕ ਦੀ ਖਰੀਦ ਰਹੇਗੀ ਜਾਰੀ : ਭਾਰਤ ਭੂਸ਼ਣ ਆਸ਼ੂ

ਚੰਡੀਗੜ੍ਹ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਅੱਜ …

Leave a Reply

Your email address will not be published. Required fields are marked *