Home / ਓਪੀਨੀਅਨ / ਜਥੇਦਾਰ ਟੌਹੜਾ ਦੀ ਬਰਸੀ! ਮਿੱਟੀ ਨਾ ਫਰੋਲ ਜੋਗੀਆ-2

ਜਥੇਦਾਰ ਟੌਹੜਾ ਦੀ ਬਰਸੀ! ਮਿੱਟੀ ਨਾ ਫਰੋਲ ਜੋਗੀਆ-2

-ਜਗਤਾਰ ਸਿੰਘ ਸਿੱਧੂ

 

(ਲੜੀ ਜੋੜਨ ਲਈ ਪਹਿਲਾਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ)

Read also : ਜਥੇਦਾਰ ਟੌਹੜਾ ਦੀ ਬਰਸੀ! ਮਿੱਟੀ ਨਾ ਫਰੋਲ ਜੋਗੀਆ…  

ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਡੇ ਸਮਿਆਂ ਦੇ ਅਜਿਹੇ ਨੇਤਾ ਹੋਏ ਹਨ ਜਿਹੜੇ ਕਿ ਧਰਮ ਅਤੇ ਰਾਜਨੀਤੀ ਦਾ ਕਮਾਲ ਦਾ ਸੁਮੇਲ ਸਨ। ਉਨ੍ਹਾਂ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਹਾਕਿਆਂ ਤੱਕ ਇੱਕ ਨਿਵੇਕਲੀ ਪਹਿਚਾਣ ਵਜੋਂ ਜਾਣੀ ਜਾਂਦੀ ਰਹੀ। ਜਿੱਥੋਂ ਤੱਕ ਰਾਜਸੀ ਖੇਤਰ ਦਾ ਸੁਆਲ ਹੈ, ਦਹਾਕਿਆਂ ਤੱਕ ਅਕਾਲੀ ਦਲ ਦੀ ਕੋਰ ਕਮੇਟੀ ਦਾ ਹਰ ਛੋਟਾ ਜਾਂ ਵੱਡਾ ਫੈਸਲਾ ਲੈਣ ਵੇਲੇ ਜਥੇਦਾਰ ਟੌਹੜਾ ਦੀ ਮੋਹਰ ਲੱਗਣੀ ਲਾਜ਼ਮੀ ਸੀ। ਉਨ੍ਹਾਂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਜਥੇਦਾਰ ਟੌਹੜਾ ਦੀ ਉਡੀਕ ਵਿੱਚ ਕਈ ਵਾਰ ਘੰਟਿਆਂ ਤੱਕ ਕੋਰ ਕਮੇਟੀ ਦੀ ਮੀਟਿੰਗ ਦੇਰੀ ਨਾਲ ਸ਼ੁਰੂ ਹੁੰਦੀ ਸੀ। ਉਨ੍ਹਾਂ ਦੇ ਨਾ ਆਉਣ ਦੀ ਸੂਰਤ ਵਿੱਚ ਮੀਟਿੰਗਾਂ ਮੁਲਤਵੀ ਵੀ ਹੋ ਜਾਂਦੀਆਂ ਸਨ। ਇਹ ਉਹ ਸਮਾਂ ਸੀ ਜਦੋਂ ਅਕਾਲੀ ਦਲ ਦੀ ਕੋਰ ਕਮੇਟੀ ਬਹੁਤ ਸ਼ਕਤੀਸ਼ਾਲੀ ਸੀ ਅਤੇ ਉਨ੍ਹਾਂ ਸਮਿਆਂ ਵਿੱਚ ਪਹਿਲਾਂ ਹੀ ਲਏ ਫੈਸਲਿਆਂ ‘ਤੇ ਅਕਾਲੀ ਦਲ ਦੀ ਕੋਰ ਕਮੇਟੀ ਕੇਵਲ ਮੋਹਰ ਲਾਉਣ ਲਈ ਨਹੀਂ ਸੱਦੀ ਜਾਂਦੀ ਸੀ। ਇਹ ਉਹ ਸਮਾਂ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਿਆਨ ਦਿੰਦਾ ਸੀ ਤਾਂ ਦਿੱਲੀ ਦਾ ਤਖਤ ਕੰਬਦਾ ਸੀ। ਇਸੇ ਲਈ ਇਨ੍ਹਾਂ ਖੇਤਰਾਂ ਨਾਲ ਜੁੜੇ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਜਥੇਦਾਰ ਟੌਹੜਾ ਦੇ ਤੁਰ ਜਾਣ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਅੰਦਰ ਇੱਕ ਖਿਲਾਅ ਪੈਦਾ ਹੋ ਗਿਆ ਹੈ। ਅਜਿਹਾ ਨਹੀਂ ਹੈ ਕਿ ਜਥੇਦਾਰ ਟੌਹੜਾ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਦੇ ਸੰਕਟ ਨਹੀਂ ਆਏ ਸਨ। ਸਗੋਂ ਜਿਨ੍ਹੇ ਸੰਕਟ ਉਨ੍ਹਾਂ ਸਮਿਆਂ ਵਿੱਚ ਆਏ ਸਨ, ਉਸ ਤੋਂ ਬਾਅਦ ਤਾਂ ਉਸ ਤਰ੍ਹਾਂ ਦੇ ਸੰਕਟ ਹੀ ਨਹੀਂ ਆਏ। ਸੁਆਲ ਇਹ ਹੈ ਕਿ ਵੱਡੇ ਸੰਕਟਾਂ ਵਿੱਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੀ ਲੀਡਰਸ਼ਿਪ ਦਾ ਇੱਕ ਰੁਤਬਾ ਸੀ। ਹੁਣ ਸੰਕਟ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਦੀ ਲੀਡਰਸ਼ਿਪ ਦਾ ਆਪਣਾ ਵਜੂਦ ਹੀ ਸੰਕਟ ਵਿੱਚ ਹੈ। ਜਥੇਦਾਰ ਟੌਹੜਾ ਦੀ ਲੀਡਰਸ਼ਿਪ ਦੀ ਇੱਕ ਝਲਕ ਸ਼੍ਰੋਮਣੀ ਕਮੇਟੀ ਦੇ ਰੁਤਬੇ ਦੀ ਪਹਿਚਾਣ ‘ਤੇ ਪਹਿਰਾ ਦੇਣ ਲਈ ਕਾਫੀ ਹੈ। 1973 ਵਿੱਚ ਸੰਤ ਚੰਨਣ ਸਿੰਘ ਚੜਾਈ ਕਰ ਗਏ। ਉਸ ਵੇਲੇ ਜਥੇਦਾਰ ਟੌਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਨ ਤੇ ਸੰਤ ਚੰਨਣ ਸਿੰਘ ਪ੍ਰਧਾਨ ਸਨ। ਉਨ੍ਹਾਂ ਦੇ ਤੁਰ ਜਾਣ ਬਾਅਦ ਜਥੇਦਾਰ ਟੌਹੜਾ ਨੂੰ ਐਕਟਿੰਗ ਪ੍ਰਧਾਨ ਬਣਾਇਆ ਗਿਆ। 1974 ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੈਸਲਾ ਲੈ ਲਿਆ ਕਿ ਗੁਰਦੁਆਰਿਆਂ ਦੀ ਜ਼ਮੀਨ ‘ਤੇ ਸੀਲਿੰਗ ਲਾਗੂ ਹੋਵੇਗੀ ਅਤੇ ਸਿੱਖ ਜਥਾ ਪਾਕਿਸਤਾਨ ਨਹੀਂ ਜਾਏਗਾ। ਕੁਝ ਹੋਰ ਵੀ ਫੈਸਲੇ ਸਨ। ਜਥੇਦਾਰ ਟੌਹੜਾ ਨੇ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿੱਚ ਵਿਸ਼ਵ ਸਿੱਖ ਕਾਨਫਰੰਸ ਬੁਲਾ ਲਈ। ਉਸ ਕਾਨਫਰੰਸ ਵਿੱਚ ਜਥੇਦਾਰ ਟੌਹੜਾ ਨੇ ਐਲਾਨ ਕੀਤਾ ਕਿ ਜੇਕਰ ਪ੍ਰਧਾਨ ਮੰਤਰੀ ਨੇ ਫੈਸਲਾ ਵਾਪਸ ਨਾ ਲਿਆ ਤਾਂ ਉਹ “ਮੁਕਤੀ ਬਹਿਨੀ” ਬਣਾਕੇ ਲੜਾਈ ਲੜਨਗੇ। ਇਹ ਐਲਾਨ ਸ਼੍ਰੋਮਣੀ ਕਮੇਟੀ ਨੇ ਆਪਣੇ ਬਲਬੂਤੇ ਨਾਲ ਹੀ ਦਿੱਤਾ ਸੀ। 15 ਦਿਨ ਅੰਦਰ ਇੰਦਰਾ ਗਾਂਧੀ ਨੇ ਆਪਣਾ ਫੈਸਲਾ ਵਾਪਸ ਲੈ ਲਿਆ। ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜੇਕਰ ਉਸ ਵੇਲੇ ਜਥੇਦਾਰ ਟੌਹੜਾ ਕੇਂਦਰ ਵਿਰੁੱਧ ਲੜਾਈ ਦਾ ਐਲਾਨ ਨਾ ਕਰਦੇ ਤਾਂ ਗੁਰਦੁਆਰਾ ਸਾਹਿਬ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਸੀਲਿੰਗ ਦੀ ਮਾਰ ਹੇਠ ਆ ਜਾਣੀਆਂ ਸਨ।

               ਜਥੇਦਾਰ ਟੌਹੜਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਤ ਨਜ਼ਦੀਕੀ ਸਾਥੀ ਸਨ। ਉਨ੍ਹਾਂ ਦੇ ਇੱਕ ਨਜ਼ਦੀਕੀ ਸਾਥੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੌਲੀ ਦਾ ਕਹਿਣਾ ਹੈ ਕਿ ਜਥੇਦਾਰ ਟੌਹੜਾ ਚਾਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ ਪਰ ਅਕਾਲੀ ਦਲ ਦੀਆਂ ਰਾਜਸੀ ਮੁਹਿੰਮਾਂ ਵਿੱਚ ਉਹ ਸਦਾ ਮੋਹਰੀ ਰਹੇ। ਉਨ੍ਹਾਂ ਨੇ ਦੱਸਿਆ ਕਿ 1974 ਵਿੱਚ ਚੌਧਰੀ ਦੇਵੀ ਲਾਲ ਨੇ ਹਰਿਆਣਾ ਵਿੱਚ ਕਿਸਾਨ ਕਾਨਫਰੰਸ ਰੱਖੀ ਸੀ। ਉਸ ਵੇਲੇ ਦੇ ਮੁੱਖ ਮੰਤਰੀ ਚੌਧਰੀ ਬੰਸੀ ਲਾਲ ਨੇ ਕਾਨਫਰੰਸ ‘ਤੇ ਪਾਬੰਦੀ ਲਾ ਦਿੱਤੀ। ਜਥੇਦਾਰ ਮੋਹਨ ਸਿੰਘ ਤੁੜ ਅਕਾਲੀ ਦਲ ਦੇ ਪ੍ਰਧਾਨ ਸਨ। ਹਰਿਆਣਾ ਸਰਕਾਰ ਨੇ ਪਾਬੰਦੀ ਦਾ ਵਿਰੋਧ ਕਰ ਰਹੇ ਜਥੇਦਾਰ ਟੌਹੜਾ, ਜਥੇਦਾਰ ਪੰਜੌਲੀ ਅਤੇ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ। ਜਥੇਦਾਰ ਟੌਹੜਾ ਨੇ ਹਰਿਆਣਾ ਵਿੱਚ ਜਾ ਕੇ ਪੰਜਾਬੀਆਂ ਅਤੇ ਕਿਸਾਨਾਂ ਨੂੰ ਲਾਮਬੰਦ ਕੀਤਾ। ਆਖਿਰ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ।

               ਇਕ ਹੋਰ ਵੱਡੀ ਰਾਜਸੀ ਘਟਨਾ। ਇਹ ਘਟਨਾ ਵੀ ਪੰਥਕ ਹਲਕਿਆਂ ਵਿੱਚ ਬਹੁਤ ਘੱਟ ਚਰਚਾ ਵਿੱਚ ਆਈ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਕਤਲ ਬਾਅਦ ਅਕਾਲੀ ਦਲ ਦੀ ਸਰਕਾਰ ਨਾ ਬਣਦੀ  ਜੇਕਰ ਜਥੇਦਾਰ ਟੌਹੜਾ ਪਾਰਟੀ ਦੇ ਅੰਦਰੂਨੀ ਕਲੇਸ਼ ਨੂੰ ਹੱਲ ਕਰਨ ਲਈ ਅੱਗੇ ਨਾ ਆਉਂਦੇ। ਸੰਤ ਦੇ ਕਤਲ ਬਾਅਦ ਸਥਿਤੀ ‘ਤੇ ਵਿਚਾਰ ਲਈ ਚੰਡੀਗੜ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਜ਼ਿਲ੍ਹਾ ਜਥੇਦਾਰਾਂ ਅਤੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਗਈ। ਜਥੇਦਾਰ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਬਲਵੰਤ ਸਿੰਘ ਅਤੇ ਸੁਰਜੀਤ ਸਿੰਘ ਬਰਨਾਲਾ ਨੇ ਪਹਿਲਾਂ ਅਲੱਗ ਮੀਟਿੰਗ ਕੀਤੀ। ਢੇਡ ਘੰਟਾ ਮੀਟਿੰਗ ਚੱਲੀ ਅਤੇ 9 ਮੈਂਬਰੀ ਕਮੇਟੀ ਦਾ ਐਲਾਨ ਕਰ ਦਿੱਤਾ ਪਰ ਕਮੇਟੀ ਦਾ ਕਨਵੀਨਰ ਕੋਈ ਨਾ ਲਾਇਆ। ਮੀਟਿੰਗ ਵਿੱਚ ਰੌਲਾ ਪੈ ਗਿਆ। ਚਾਰਾਂ ਆਗੂਆਂ ਨੇ ਮੀਟਿੰਗ ਫਿਰ ਕੀਤੀ ਪਰ ਸਹਿਮਤੀ ਨਾ ਬਣੀ। ਜ਼ਿਲ੍ਹਾ ਜਥੇਦਾਰਾਂ ਨੇ 4 ਆਗੂਆਂ ਤੋਂ ਬਗੈਰ ਹੀ ਬਰਨਾਲਾ ਨੂੰ ਕਨਵੀਨਰ ਅਤੇ ਸੰਤ ਅਜੀਤ ਸਿੰਘ ਨੂੰ ਪਾਰਲੀਮੈਂਟਰੀ ਬੋਰਡ ਦਾ ਚੇਅਰਮੈਨ ਐਲਾਨ ਦਿੱਤਾ। ਸੰਤ ਦੇ ਨਾਲ 10 ਮੈਂਬਰੀ ਕਮੇਟੀ ਬਣਾ ਦਿੱਤੀ। ਜਥੇਦਾਰ ਟੌਹੜਾ ਅਤੇ ਬਾਦਲ ਨੇ ਬਹੁਤ ਬੇਇਜ਼ਤੀ ਮਹਿਸੂਸ ਕੀਤੀ ਅਤੇ ਦੋਹਾਂ ਨੇ ਬਾਈਕਾਟ ਦਾ ਫੈਸਲਾ ਲੈ ਲਿਆ। ਸਾਰੇ ਚਿੰਤਾ ਵਿੱਚ ਪੈ ਗਏ ਕਿ ਮਾਮਲਾ ਖਰਾਬ ਹੋ ਗਿਆ ਹੈ। ਬਾਅਦ ਵਿੱਚ ਬਲਵੰਤ ਸਿੰਘ ਨੇ ਸਥਿਤੀ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਟੁੱਟੀ ਜਿਹੀ ਅੰਬੇਸਡਰ ਕਾਰ ‘ਤੇ ਚੰਡੀਗੜ੍ਹ ਤੋਂ ਬਸੰਤ ਸਿੰਘ ਖਾਲਸਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸ਼ੇਰ ਸਿੰਘ ਡੂਮਸੇੜੀ ਰਾਤ ਵਲੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੰਤ ਕੋਲ ਗਏ। ਉਸ ਵੇਲੇ ਚੰਡੀਗੜ੍ਹ ਦੇ ਇੱਕ ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਵੀ ਸੰਤ ਕੋਲ ਖਬਰ ਲੈਣ ਲਈ ਆਏ ਹੋਏ ਸਨ। ਸੰਤ ਅਜੀਤ ਸਿੰਘ, ਬਾਦਲ ਅਤੇ ਜਥੇਦਾਰ ਟੌਹੜਾ ਨੂੰ ਨਾਲ ਲੈ ਕੇ ਚੱਲਣ ਲਈ ਸਹਿਮਤ ਹੋ ਗਏ ਅਤੇ ਚੰਡੀਗੜ੍ਹ ਇਨ੍ਹਾਂ ਆਗਆਂ ਦੀ ਮੀਟਿੰਗ ਹੋਈ। ਇਸ ਤਰ੍ਹਾਂ ਲੰਮੇ ਸਮੇਂ ਬਾਅਦ ਬਰਨਾਲਾ ਦੀ ਅਗਵਾਈ ਹੇਠ ਅਕਾਲੀ ਦਲ ਦੀ ਸਰਕਾਰ ਬਣੀ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਮਤਭੇਦ ਖੜ੍ਹੇ ਹੋ ਜਾਣ ਕਾਰਨ ਬਰਨਾਲਾ ਸਰਕਾਰ ਨੇ ਜਥੇਦਾਰ ਟੌਹੜਾ ਨੂੰ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਉਨ੍ਹਾਂ ‘ਤੇ ਮੁੜ ਉਹ ਹੀ ਦੇਸ਼ਧ੍ਰੋਹੀ ਦਾ ਮੁਕੱਦਮਾ ਚੱਲਿਆ।

               ਜਥੇਦਾਰ ਟੌਹੜਾ ਉਹ ਸ਼ਖਸ ਸਨ ਜਿਨ੍ਹਾਂ ਦੇ ਬਾਪ ਕੋਲ 9 ਏਕੜ ਜ਼ਮੀਨ ਸੀ ਅਤੇ ਜਥੇਦਾਰ ਟੌਹੜਾ ਜਦੋਂ ਇਸ ਦੁਨੀਆ ਵਿੱਚੋਂ ਗਏ ਤਾਂ ਉਹ ਜ਼ਮੀਨ 9 ਏਕੜ ਹੀ ਸੀ। ਉਹ ਬਹੁਤ ਸੰਜਮੀ ਅਤੇ ਪੰਥਕ ਜੀਵਨ ਜਿਉਣ ਵਾਲੇ ਵਿਅਕਤੀ ਸਨ।

Check Also

ਭਵਿੱਖਬਾਣੀਆਂ ਤੇ ਅੰਧਵਿਸ਼ਵਾਸਾਂ ਨੂੰ ਖਤਮ ਕਰਕੇ ਵਿਗਿਆਨਕ ਨਜ਼ਰੀਆ ਅਪਣਾਇਆ ਜਾਵੇ

ਅਵਤਾਰ ਸਿੰਘ ਸ਼ੈਕਸਪੀਅਰ ਨੇ ਕਿਹਾ ਸੀ ਕਿ ਜੋਤਸ਼ੀ ਕਿਸਮਤ ਵਾਲੇ ਹੁੰਦੇ ਹਨ। ਉਨ੍ਹਾਂ ਦੀਆਂ ਕਹੀਆਂ …

Leave a Reply

Your email address will not be published. Required fields are marked *