Home / ਓਪੀਨੀਅਨ / ਚੋਣਾਂ ਦਿੱਲੀ ‘ਚ ਸਿਆਸੀ ਹਲਚਲ ਪੰਜਾਬ ‘ਚ ਆਪੋ  ਆਪਣੀ ਡਫਲੀ ਆਪੋ ਆਪਣਾ ਰਾਗ  

ਚੋਣਾਂ ਦਿੱਲੀ ‘ਚ ਸਿਆਸੀ ਹਲਚਲ ਪੰਜਾਬ ‘ਚ ਆਪੋ  ਆਪਣੀ ਡਫਲੀ ਆਪੋ ਆਪਣਾ ਰਾਗ  

ਬਿੰਦੂ ਸਿੰਘ

ਨਿਊਜ਼ ਡੈਸਕ: ਪਿਛੋਕੜ ‘ਚ ਝਾਤ ਮਾਰ ਕੇ ਵੇਖੀਏ ਤਾਂ ਕੇਂਦਰ ‘ਚ ਜਿਸ ਵੀ ਪਾਰਟੀ ਦੀ ਸਰਕਾਰ ਆਈ ਪੰਜਾਬ ਦੇ ਲੋਕਾਂ ਨੇ ਸੂਬੇ ‘ਚ ਫਤਵਾ ਉਲਟ ਹੀ ਦਿੱਤਾ ਪਰ ਦਿੱਲੀ ਵਿਧਾਨ ਸਭਾ ਚੋਣਾਂ 2020 ਨੇ ਇਕ ਵਾਰ ਫੇਰ ਤੋਂ ਪੰਜਾਬ ਦੇ ਸਿਆਸਤਦਾਨਾਂ ਦੇ ਨਾਲ ਨਾਲ ਆਮ ਲੋਕਾਂ ਦਾ ਧਿਆਨ ਵੀ ਖਿੱਚ ਲਿਆ ਹੈ।ਇਸ ਦੇ ਕਈ ਪੁਖਤਾ ਕਾਰਨ ਅਤੇ ਵਜਾਹਾਂ ਸਮਝੀਆਂ ਜਾ ਸਕਦੀਆਂ ਹਨ।ਅਸਲ ਚ ਦਿੱਲੀ ‘ਚ ਜਿਹੜੀ ਪਾਰਟੀਆਂ ਦੀ ਸਿੱਰ ਧੱੜ ਦੀ ਬਾਜੀ ਦਿੱਲੀ ਜਿੱਤਣ ਲਈ ਲੱਗੀ ਹੋਈ ਹੈ ਉਨ੍ਹਾਂ ਸਿਆਸੀ ਪਾਰਟੀਆਂ ਦਾ ਪੰਜਾਬ ਦੀ ਸਿਆਸਤ ‘ਚ ਪੂਰਾ ਦਖ਼ਲ ਹੈ !

 

ਉਹ ਗੱਲ ਵੱਖਰੀ ਹੈ ਕਿ ਦਿੱਲੀ ‘ਚ ਅਕਾਲੀ ਦਲ ਬਾਦਲ ਦਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ‘ਚ ਉਹਨਾਂ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਖੇਰੂ ਖੇਰੂ ਹੋ ਗਿਆ ਹੈ। ਕਾਂਗਰਸ ਨੂੰ ਭਾਜਪਾ ਤੇ ਆਪ ਪਹਿਲਾਂ ਤੋਂ ਹੀ ਮੁਕਾਬਲੇ ਤੋਂ ਬਾਹਰ ਮੰਨ ਰਹੀਆਂ ਹਨ ! ਭਾਜਪਾ ਦਾ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਕੌਮੀ ਤੇ ਕੌਮਾਂਤਰੀ ਮੰਚ ਤੇ ਵੱਧ ਰਹੇ ਵਿਰੋਧ ਦੀ ਸੂਰਤ ‘ਚ ਪਾਰਟੀ ਲਈ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ ਪਰ ਪਾਰਟੀ ਕੋਲ ਲੋਕਾਂ ਲਈ ਕੀਤੇ ਕੰਮਾਂ ਨੂੰ ਲੈ ਕੇ ਕਹਿਣ ਨੂੰ ਕੁੱਛ ਵੀ ਨਹੀਂ ਕਿਉਂਕਿ ਦਿੱਲੀ ਸੂਬੇ ਦੀ ਵਾਗਡੋਰ ਲੰਮੇ ਸਮੇ ਤੱਕ ਕਾਂਗਰਸ ਦੇ ਹੱਥ ਰਹੀ ! ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਰਕਾਰ ਦੇ ਪਿਛਲੇ 5 ਸਾਲਾਂ ‘ਚ ਕੀਤੇ ਕੰਮਾਂ ਨੂੰ ਲੈ ਕੇ ਜਨਤਾ ਨੂੰ ਲਾਮਬੰਦ ਕਰ ਰਹੇ ਹਨ ਤੇ ਆਪਣੇ ਭਾਸ਼ਣਾਂ ਚ ਕਹਿ ਰਹੇ ਹਨ ਕਿ ਲੋਕ ਭਲਾਈ ਤੇ ਉਨ੍ਹਾਂ ਦੀ ਸਰਕਾਰ ਵਲੋਂ ਕੀਤੇ ਕੰਮਾਂ ਨੂੰ ਜਾਰੀ ਰੱਖਣ ਲਈ ਲੋਕ ਮੁੱੜ ਤੋਂ ਉਨ੍ਹਾਂ ਦੇ ਹੱਕ ‘ਚ ਵੋਟ ਪਾਉਣ।

ਕੇਜਰੀਵਾਲ ਨੇ ਇਕ ਚੋਣ ਸਭਾ ‘ਚ ਬੋਲਦੇ ਹੋਏ ਕਿਹਾ ਕਿ ਦਿੱਲੀ ਦੇ ਲੋਕਾਂ ਦੇ ਸਦਕੇ ਆਪ ਦੀ ਸਰਕਾਰ ਨੇ ਸਿਆਸੀ ਮੁੱਦਿਆਂ ਨੂੰ ਬਦਲਣ ‘ਚ ਸਫਲਤਾ ਹਾਸਿਲ ਕੀਤੀ ਹੈ ! ਭਾਜਪਾ ਆਗੂ ਤੇ ਕੇਂਦਰ ‘ਚ ਵਜ਼ੀਰ ਅਮਿਤ ਸ਼ਾਹ ਵਲੋਂ ਲੋਕਾਂ ਨੂੰ ਕੀਤੇ ਇਕ ਸੰਬੋਧਨ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਜਦੋਂ ਸ਼ਾਹ ਨੇ ਆਪਣੇ ਚੁਣਾਵੀ ਭਾਸ਼ਣ ਵਿੱਚ ਸਕੂਲਾਂ, ਕੱਚੀ ਕਾਲੋਨੀਆਂ ਤੇ ਬਿਜਲੀ ਦੀ ਗੱਲ ਕੀਤੀ! ਕੇਜਰੀਵਾਲ ਨੇ ਭਾਜਪਾ ਨੂੰ ਘੇਰਦੇ ਹੋਏ ਕਿਹਾ ਕਿ ਜਦੋਂ ਇਹ ਹਰਿਆਣਾ ਚ ਵੋਟਾਂ ਮੰਗਣ ਜਾਂਦੇ ਨੇ ਤਾਂ ਜਾਟ,ਗੈਰ ਜਾਟ ਦੇ ਨਾਂ ‘ਤੇ ਵੋਟਾਂਮੰਗਦੇ ਨੇ, ਮਹਾਰਾਸ਼ਟਰ ਚ ਮਰਾਠਾ ਤੇ ਗੈਰ ਮਰਾਠਾ ਦੇ ਨਾਂ ‘ਤੇ ਵੋਟ ਮੰਗਦੇ ਨੇ ਤੇ ਗੁਜਰਾਤ ‘ਚ ਪਟੇਲ ਗੈਰ ਪਟੇਲ ਜਾਂ ਫੇਰ ਹਿੰਦੂ ਮੁਸਲਮਾਨ ਦੇ ਨਾਂ ‘ਤੇ ਵੋਟਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ! ਕੇਜਰੀਵਾਲ ਨੇ ਅੱਗੇ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਪਾਰਟੀ ਆਪਣੇ ਕੀਤੇ ਜਨਤਾ ਲਈ ਕੰਮਾਂ ਦੀ ਰਿਪੋਰਟ ਕਾਰਡ ਨੂੰ ਲੈ ਕੇ ਆਈ ਹੈ ਤੇ ਇਸ ਦੇ ਨਾਲ ਦੂਸਰੀਆਂ ਪਾਰਟੀਆਂ ਨੂੰ ਵੀ ਧਰਮ ਜਾਤ ਦਾ ਆਪਣਾ ਏਜੇਂਡਾ ਦਿੱਲੀ ਚ ਛੱਡਣਾਤੇ ਪਿੱਛੇ ਧੱਕਣਾ ਪੈ ਰਿਹਾ ਹੈ ! ਉਨ੍ਹਾਂ ਕਿਹਾ ਕਿ ਹੁਣ ਦਿੱਲੀ ‘ਚ ਸਿਰਫ ਕੰਮ ਦੀ ਹੀ ਗੱਲ ਕਰ ਕੇ ਸਿਆਸੀ ਪਾਰਟੀਆਂ ਜਨਤਾ ਤੋਂ ਵੋਟਾਂ ਮੰਗ ਸਕਣਗੀਆਂ ਤੇ ਇਸ ਗੱਲ ਨਾਲ ਸਿਆਸਤ ਦੇ ਮੁੱਦਿਆਂ ਚ ਬਦਲਾਓ ਜ਼ਰੂਰ ਆਇਆ ਹੈ!

ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਟਵੀਟਰ ਖਾਤੇ ਰਾਹੀਂ ਕੇਜਰੀਵਾਲ ਦੇ ਦਾਅਵਿਆਂ ਨੂੰ ਝੂਠਾ ਦੱਸਦਿਆਂ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਉਨ੍ਹਾਂ ਦੀ ਪਾਰਟੀ ਦੇ ਅੱਠ ਸਾਂਸਦਾਂ ਵਲੋਂ ਦੌਰਾ ਕੀਤਾ ਗਿਆ ਤੇ ਜਿਸ ਚ ਸਕੂਲਾਂ ਦੀ ਬਦਹਾਲੀ ਸਾਹਮਣੇ ਆਈ ਹੈ ! ਆਪਣੀ ਗੱਲ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਵੀਡੀਓ ਵੀ ਪੋਸਟ ਕੀਤੀਆਂ !

ਚੋਣਾਂ ਭਾਵੇਂ ਦਿੱਲੀ ‘ਚ ਹੋ ਰਹੀਆਂ ਹਨ ਪਰ ਮਾਹੌਲ ਪੰਜਾਬ ਚ ਚੋਣਾਂ ਵਰਗਾ ਬਣਿਆਂ ਹੋਇਆ ਹੈ। ਜੇ ਇਕ ਵਾਰ ਪੰਜਾਬ ਵੱਲ ਨਜ਼ਰ ਮਾਰੀਏ ਤਾਂ ਇਸ ਵਕਤ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਲੋਕ ਖੁਸ਼ ਨਹੀਂ ਹਨ !ਵਿਰੋਧੀ ਧਿਰਾਂ ਵੀ ਕਦੇ ਬਿਜਲੀ ਤੇ ਕਦੇ ਨੌਜਵਾਨਾਂ ਨੂੰ ਦਿੱਤੇ ਜਾਣ ਵਾਲੇ ਮੋਬਾਈਲ ਫੋਨਾਂ ਦੇ ਮੁੱਦੇ’ਤੇ ਸਰਕਾਰ ਨੂੰ ਲਗਾਤਾਰ ਘੇਰਦੀਆਂ ਆ ਰਹੀਆਂ ਹਨ ! ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਪਾਰਟੀ ਛੱਡ ਕੇ ਲਾਂਭੇ ਹੋ ਇੱਕੋ ਮੱਤਾ ਪੱਕਾ ਰਹੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲ ਪਰਿਵਾਰ ਦੇ ਗ਼ਲਬੇ ਚੋਂ ਕੱਢਣਾ ਹੈ ! ਸੇਵਾ ਸਿੰਘ ਸੇਖਵਾਂ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਸੀਨੀਅਰ ਆਗੂਆਂ ਤੋਂ ਬਾਅਦ ਹੁਣ ਢੀਂਡਸਾ ਪਿਓ ਪੁੱਤ ਨੇ ਵੀ ਬਾਦਲ ਪਰਿਵਾਰ ਵਿਰੁੱਧ ਝੰਡਾ ਚੁੱਕ ਲਿਆ ਹੈ ! ਇੰਨਾ ਹੀ ਨਹੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਵੀ ਲੁਧਿਆਣਾ’ਚ ਟਕਸਾਲੀ ਧੜੇ ਦੇ ਇੱਕ ਪ੍ਰੋਗਰਾਮ ਚ ਸ਼ਿਰਕਤ ਕਰਨ ਤੋਂ ਬਾਅਦ ਅਕਾਲੀ ਦਲ ਤੋਂ ਵੱਖ ਹੋਏ ਧੜੇ ਦੇ ਪੱਖ ਚ ਖੜਣ ਦੀ ਹੀ ਹਮਾਇਤ ਕੀਤੀ ਤੇ ਬਾਦਲ ਪਰਿਵਾਰ ਖਿਲਾਫ ਭੜਾਸ ਕੱਢਦੇ ਕਿਹਾ ਕਿ ਕੇਂਦਰ ਚ ਆਪਣੀ ਇੱਕ ਵਜ਼ੀਰੀ ਪਿੱਛੇ ਨਾਗਰਿਕਤਾ ਸੋਧ ਬਿੱਲ ਦੇ ਹੱਕ ‘ਚ ਵੋਟ ਪਾ ਦਿੱਤੀ ! ਉਨ੍ਹਾਂ ਨਾਲ ਇਹ ਵੀ ਕਹਿਣ ਤੋਂ ਗੁਰੇਜ਼ ਨਹੀਂ ਕੀਤਾ ਕਿ ਬਾਦਲਾਂ ਦੀ ਤਾਕਤ ਦਾ ਮੁਕਾਬਲਾ ਕਰਨਾ ਵੀ ਸੌਖਾ ਨਹੀਂ ਹੋਵੇਗਾ !

ਇਸ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਅੱਜਕਲ ‘ਮੌਨੀ ਬਾਬਾ ਬਣ ਚੁੱਪੀ ਵੱਟਸਿਆਸਤ ਤੋਂ ਦੂਰੀ ਬਣਾਈ ਹੋਈ ਹੈ , ਦਿੱਲੀ ‘ਚ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚ ਨਾਂ ਹੋਣ ਦੇ ਬਾਵਜੂਦ ਚੋਣ ਪ੍ਰਚਾਰ ਕਰਨ ਤੋਂ ਇਨਕਾਰ ਕਰ ਦਿੱਤਾ ! ਸੋਸ਼ਲ ਮੀਡਿਆ ‘ਤੇ ਇਸ ਗੱਲ ਦੀ ਵੀ ਚਰਚਾ ਛਿੜੀ ਹੋਈ ਹੈ ਕਿ ਸ਼ਾਇਦ ਸਿੱਧੂ ਦਿੱਲੀ ‘ਚ ਕੀਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੇ ਵਿਰੋਧ ‘ਚ ਨਹੀਂ ਬੋਲਣਾ ਚਾਹੁੰਦੇ ! ਜ਼ਿਕਰਯੋਗ ਹੈ ਕੀ ਪਿਛਲੇ ਦਿਨੀਂ ਆਮ ਆਦਮੀ ਪਾਰਟੀ , ਟਕਸਾਲੀ ਅਕਾਲੀ ਦਲ ਤੇ ਲੋਕ ਇਨਸਾਫ ਪਾਰਟੀ ਵਲੋਂ ਸਿੱਧੂ ਨੂੰ ਅੱਗੇ ਲੱਗਣ ਦੇ ਸੱਦੇ ਦਿੱਤੇ ਗਏ ਹਨ ਤੇ ਇਥੋਂ ਤੱਕ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਤੱਕ ਦੀ ਆਫਰ ਵੀ ਦਿੱਤੀ ਗਈ ਪਰ ਸਿੱਧੂ ਵਲੋਂ ਅਜੇ ਇਸ ਸਭ ਬਾਬਤ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ ! ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸੂਬਾਈ ਤੇ ਕੌਮੀ ਪੱਧਰ ‘ਤੇ ਕਾਂਗਰਸ ਪਾਰਟੀ ‘ਚ ਵੀ ਤੇ ਪੰਜਾਬ ‘ਚ ਵਿਰੋਧੀ ਧਿਰਾਂ ਦੀ ਜ਼ੁਬਾਨ ‘ਤੇ ਵੀ ਸਿੱਧੂ ਦੀ ਚਰਚਾ ਕਿਸੇ ਨਾ ਕਿਸੇ ਤਰੀਕੇ ਆ ਹੀ ਜਾਂਦੀ ਹੈ ! ਦਿੱਲੀ ਤੇ ਪੰਜਾਬ ਚ ਇਸ ਵਕ਼ਤ ਜੋ ਸਿਆਸੀ ਮਾਹੌਲ ਸਾਹਮਣੇ ਦਿੱਖ ਰਿਹਾ ਹੈ ਉਸ ਦਾ ਇਨ੍ਹਾਂ ਦੋਹਾਂ ਸੂਬਿਆਂ ‘ਤੇਆਉਣ ਵਾਲੇ ਦਿਨਾਂ ਵਿੱਚ ਕੀ ਤੇ ਕਿੰਨਾ ਅਸਰ ਪਵੇਗਾ ਇਹ ਤਾਂ ਸਮਾਂ ਹੀ ਦੱਸੇਗਾ ਪਰ ਹਾਲ ਦੀ ਘੜੀ ਤਾਂ ਸਿਆਸੀ ਪਾਰਾ ਪੂਰਾ ਚੜ੍ਹਿਆ ਹੋਇਆ ਹੈ ! ਪੰਜਾਬ ‘ਚ ਵਿਧਾਨ ਸਭਾ ਚੌਣਾਂ ਸਾਲ 2022 ਵਿੱਚ ਹੋਣੀਆਂ ਹਨ ਪਰ ਸਿਆਸੀ ਵੇਹੜੇ ‘ਚ ਹੋ ਰਹੇ ਬਦਲਾਓ ਆਉਣ ਵਾਲੀਆਂ ਚੌਣਾਂ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਪਹਿਲੇ ਪੜਾਅ ਦੀ ਤਿਆਰੀ ਵਾਂਗ ਜਾਪਦੀਆਂ ਹਨ ! ਸਿਆਸੀ ਮਾਹਰਾਂ ਵਲੋਂ ਪੰਜਾਬ ‘ਚਨਵੇਂ ਧੜੇ ਦੇ ਉਭਾਰ ਨੂੰ ਭਾਰਤੀ ਜਨਤਾ ਪਾਰਟੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਤੇ ਨਵੇਂ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ ਹਨ ।

Check Also

ਮਹਾਂਮਾਰੀ ਦੇ ਟਾਕਰੇ ਲਈ ਦੇਰੀ ‘ਚ ਕੌਣ ਜ਼ਿੰਮੇਵਾਰ? ਲੋਕ ਜਾਂ ਸਰਕਾਰਾਂ?

-ਜਗਤਾਰ ਸਿੰਘ ਸਿੱਧੂ ਚੰਡੀਗੜ੍ਹ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ …

Leave a Reply

Your email address will not be published. Required fields are marked *