ਗਊ ਹੱਤਿਆ ਦੀ ਵਕਾਲਤ ਕਰਕੇ ‘ਆਪ’ ਫਿਰਕੂ ਰਾਜਨੀਤੀ ਨਾ ਕਰੇ: ਅਕਾਲੀ ਦਲ

TeamGlobalPunjab
5 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੀ ਕਾਂਗਰਸ ਪਾਰਟੀ ਦੇ ਇਸ਼ਾਰੇ ਉੱਤੇ ਵਿਧਾਨ ਸਭਾ ਵਿਚ ਗਊ ਹੱਤਿਆ ਦੀ ਵਕਾਲਤ ਲਈ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਵੰਡ ਪਾਊ ਫਿਰਕੂ ਰਾਜਨੀਤੀ ਪੰਜਾਬ ਨੂੰ ਦੁਬਾਰਾ ਅੱਤਵਾਦ ਦੇ ਕਾਲੇ ਦੌਰ ਵੱਲ ਲੈ ਜਾਵੇਗੀ।

ਅਕਾਲੀ ਦਲ ਦੇ ਬੁਲਾਰੇ ਐਨ ਕੇ ਸ਼ਰਮਾ ਨੇ ਪੰਜਾਬ ਵਿਚ ਬੁੱਚੜਖਾਨੇ ਖੋਲ੍ਹਣ ਦੀ ਮੰਗ ਕਰਨ ਵਾਲਾ ਇੱਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਆਪ ਅਤੇ ਇਸ ਦੇ ਆਗੂ ਅਮਨ ਅਰੋੜਾ ਦੀ ਸਖ਼ਤ ਨਿਖੇਧੀ ਕੀਤੀ। ਇਸ ਨੂੰ ਬੇਹੱਦ ਘਿਨੌਣੀ ਕਾਰਵਾਈ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇੰਝ ਜਾਪਦਾ ਹੈ ਕਿ ਆਪ ਨੇ ਸਿਆਸੀ ਫਾਇਦੇ ਲਈ ਭਾਈਚਾਰਿਆਂ ਵਿਚ ਕਲੇਸ਼ ਪਵਾਉਣ ਦੀ ਆਪਣੀ ਪੁਰਾਣੀ ਖੇਡ ਸ਼ੁਰੂ ਕਰ ਲਈ ਹੈ। ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਲੀ ਦਾ ਮੁੱਖ ਮੰਤਰੀ ਇੱਕ ਅੱਤਵਾਦੀ ਦੇ ਘਰ ਗਿਆ ਸੀ ਅਤੇ ਹੁਣ ਆਪ ਗਊ ਹੱਤਿਆ ਦੀ ਵਕਾਲਤ ਕਰ ਰਹੀ ਹੈ।

ਇਹ ਟਿੱਪਣੀ ਕਰਦਿਆਂ ਅਕਾਲੀ ਦਲ ਫਿਰਕੂ ਤਣਾਅ ਪੈਦਾ ਕਰਨ ਦੀ ਇਸ ਸਾਜ਼ਿਸ਼ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗਾ, ਸ੍ਰੀ ਐਨ ਕੇ ਸ਼ਰਮਾ ਨੇ ਇਸ ਮੁੱਦੇ ਉੱਤੇ ਵਿਧਾਨ ਸਭਾ ਵਿਚ ਬੋਲਣ ਵਾਲੇ ਅਮਨ ਅਰੋੜਾ ਅਤੇ ਸਾਰੇ ਆਪ ਵਿਧਾਇਕਾਂ ਨੂੰ ਤੁਰੰਤ ਮੁਆਫੀ ਮੰਗਣ ਲਈ ਆਖਿਆ। ਉਹਨਾਂ ਕਿਹਾ ਕਿ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇੱਕ ਸਿਆਸੀ ਪਾਰਟੀ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸ਼ਰੇਆਮ ਗਊ ਹੱਤਿਆ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਮਨ ਅਰੋੜਾ ਨੇ ਇਹ ਘਟੀਆ ਦਲੀਲ ਦਿੱਤੀ ਹੈ ਕਿ ਜੇਕਰ ਮਾਸਾਹਾਰੀ ਬੱਕਰੇ ਖਾ ਸਕਦੇ ਹਨ ਤਾਂ ਗਊਆਂ ਕਿਉਂ ਨਹੀਂ? ਆਪ ਵਿਧਾਇਕ ਕੁਲਤਾਰ ਸਿੰਘ ਨੇ ਇੱਥੋਂ ਤਕ ਦਾਅਵਾ ਕੀਤਾ ਹੈ ਕਿ ਅਮਰੀਕਨ ਗਊਆਂ ਤਾਂ ਮੀਟ ਉਤਪਾਦਨ ਲਈ ਬਣੀਆਂ ਹੁੰਦੀਆਂ ਹਨ।

ਆਪ ਆਗੂਆਂ ਦੀ ਸਖ਼ਤ ਨਿਖੇਧੀ ਕਰਦਿਆਂ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ ਇਹ ਟਿੱਪਣੀਆਂ ਕਾਂਗਰਸ ਸਰਕਾਰ ਦੀ ਪੰਜਾਬ ਵਿਚ ਗਊ ਸੈਸ ਦੇ ਨਾਂ ਉੱਤੇ ਇਕੱਠੇ ਕੀਤੇ ਸੈਕੜੇ ਕਰੋੜ ਰੁਪਏ ਵਿਚੋਂ ਇੱਕ ਰੁਪਏ ਦਾ ਸਹੀ ਉਪਯੋਗ ਕਰਨ ਵਿਚ ਨਾਕਾਮੀ ਤੋਂ ਧਿਆਨ ਹਟਾਉਣ ਲਈ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਹ ਪੁੱਛਣ ਦੀ ਬਜਾਇ ਕਿ ਇਸ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਕਿੰਨੇ ਪੈਸੇ ਅਤੇ ਸਰੋਤਾਂ ਦਾ ਇਸਤੇਮਾਲ ਕੀਤਾ ਹੈ ਜਿਵੇਂਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤਾ ਜਾਂਦਾ ਸੀ, ਆਪ ਮੈਂਬਰਾਂ ਨੇ ਕਾਂਗਰਸ ਸਰਕਾਰ ਲਈ ਬਚਣ ਦਾ ਰਸਤਾ ਬਣਾ ਦਿੱਤਾ।

ਅਕਾਲੀ ਦਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਕਰੋੜਾਂ ਰੁਪਏ ਖਰਚ ਕਰਕੇ ਸੂਬੇ ਅੰਦਰ 25 ਏਕੜ ਤੋਂ ਵੱਧ ਰਕਬੇ ਉੱਤੇ 22 ਪਸ਼ੂਆਂ ਦੇ ਵਾੜੇ ਬਣਵਾਏ ਸਨ। ਉਹਨਾਂ ਕਿਹਾ ਕਿ ਇਹਨਾਂ ਵਾੜਿਆਂ ਵਿਚ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਵੀ ਪੈਸਾ ਵੀ ਜਾਰੀ ਕੀਤਾ ਜਾਂਦਾ ਸੀ। ਪਰੰਤੂ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ, ਇਸ ਨੇ ਇਸ ਮੰਤਵ ਲਈ ਇੱਕ ਪੈਸਾ ਵੀ ਨਹੀਂ ਦਿੱਤਾ। ਜਿਸ ਕਰਕੇ ਇਹ ਸਮੱਸਿਆ ਕਈ ਗੁਣਾ ਵਧ ਗਈ ਹੈ।

ਇਹ ਟਿੱਪਣੀ ਕਰਦਿਆਂ ਕਿ ਪੰਜਾਬੀ ਹਿੰਦੂਆਂ ਦੇ ਜਜ਼ਬਾਤਾਂ ਨੂੰ ਸਮਝਦੇ ਹਨ ਅਤੇ ਉਹਨਾਂ ਦਾ ਸਤਿਕਾਰ ਕਰਦੇ ਹਨ,  ਸ਼ਰਮਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਆਪ ਵਿਧਾਇਕ ਗਊ ਹੱਤਿਆ ਦੀ ਵਕਾਲਤ ਕਰ ਰਹੇ ਹਨ ਜਦਕਿ ਉਹਨਾਂ ਦਾ ਆਗੂ ਕੇਜਰੀਵਾਲ ਦਿੱਲੀ ਚੋਣਾਂ ਮਗਰੋਂ ਜਿੱਤ ਦੀਆਂ ਤਕਰੀਰਾਂ ਦੌਰਾਨ ਵਾਰ ਵਾਰ ਭਗਵਾਨ ਹਨੂੰਮਾਨ ਨੂੰ ਯਾਦ ਕਰਦਾ ਸੀ। ਉਹਨਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ ਸਭ ਫਿਰਕੂ ਤਣਾਅ ਪੈਦਾ ਕਰਨ ਅਤੇ ਕੈਪਟਨ ਸਰਕਾਰ ਦੀ ਹਰ ਫਰੰਟ ਉੱਤੇ ਨਾਕਾਮੀ ਤੋਂ ਧਿਆਨ ਲਾਂਭੇ ਕਰਨ ਲਈ ਕਾਂਗਰਸ ਸਰਕਾਰ ਦੇ ਨਿਰਦੇਸ਼ਾਂ ਉੱਤੇ ਕੀਤਾ ਗਿਆ ਹੈ।

ਸ਼ਰਮਾ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕ ਗਊ ਮਾਤਾ ਦਾ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਗਊ ਮਾਤਾ ਦਾ ਸਤਿਕਾਰ ਕਰਨ ਲਈ ਕਿਹਾ ਗਿਆ ਹੈ। ਉਹਨਾਂ ਨੇ ਸਮਾਜ ਦੇ ਲੋਕਾਂ ਨੂੰ ਅਜਿਹੇ ਸ਼ਰਾਰਤੀ ਤੱਤਾਂ ਤੋਂ ਸਾਵਧਾਨ ਰਹਿਣ ਲਈ ਆਖਿਆ, ਜਿਹਨਾਂ ਨੇ 1980 ਵਿਚ ਮੰਦਿਰਾਂ ਵਿਚ ਗਊਆਂ ਦੀਆਂ ਪੂਛਾਂ ਅਤੇ ਗੁਰਦੁਆਰਿਆਂ ਅੰਦਰ ਸਿਗਰਟਾਂ ਰੱਖ ਕੇ ਫਿਰਕੂ ਤਣਾਅ ਪੈਦਾ ਕੀਤਾ ਸੀ।

ਅਕਾਲੀ ਆਗੂ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਜੁਆਬ ਦੇਵੇ ਕਿ ਇਸ ਨੇ ਅਵਾਰਾ ਪਸ਼ੂਆਂ ਦੀ ਸਮੱਿਸਆ ਦੇ ਹੱਲ ਲਈ ਕੋਈ ਵੀ ਕਾਰਵਾਈ ਕਿਉਂ ਨਹੀਂ ਕੀਤੀ ਅਤੇ ਅਕਾਲੀ-ਭਾਜਪਾ ਸਰਕਾਰ ਦੁਆਰਾ ਤਿਆਰ ਕੀਤੀਆਂ ਸਹੂਲਤਾਂ ਲਈ ਫੰਡ ਕਿਉਂ ਨਹੀਂ ਜਾਰੀ ਕੀਤੇ ਗਏ? ਉਹਨਾਂ ਕਿਹਾ ਕਿ ਅਸੀਂ ਸਿਵਲ ਸਮਾਜ ਨਾਲ ਮਿਲ ਕੇ ਇਸ ਮਸਲੇ ਦੇ ਹੱਲ ਲਈ ਢੁੱਕਵੇਂ ਕਦਮ ਚੁੱਕਣ ਵਾਸਤੇ ਇਸ ਸੰਵੇਦਨਹੀਣ ਸਰਕਾਰ ਨੂੰ ਮਜ਼ਬੂਰ ਕਰਾਂਗੇ।

Share This Article
Leave a Comment