ਖੇਤੀ ਨੂੰ ਨਵੇਂ ਕਾਰੋਬਾਰੀ ਰਸਤਿਆਂ ਤੇ ਤੋਰਨਾ ਸਮੇਂ ਦੀ ਲੋੜ : ਸੁਰੇਸ਼ ਕੁਮਾਰ

TeamGlobalPunjab
7 Min Read

ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ਪੰਜਾਬ ਵਿੱਚ ਕਿਸਾਨ-ਨਿਰਮਾਤਾ ਸੰਗਠਨਾਂ ਦੇ ਢਾਂਚੇ ਦੇ ਵਿਕਾਸ ਲਈ ਨੀਤੀਗਤ ਅਤੇ ਤਕਨਾਲੋਜੀਕਲ ਢਾਂਚੇ ਦੀ ਉਸਾਰੀ ਸੰਬੰਧੀ ਵੱਖ-ਵੱਖ ਧਿਰਾਂ ਵਿਚਕਾਰ ਇੱਕ ਵਿਚਾਰ-ਵਟਾਂਦਰਾ ਮੀਟਿੰਗ ਹੋਈ। ਇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਵਧੀਕ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ ਆਈ.ਏ.ਐਸ., ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਮਿਲਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਕਮਲਦੀਪ ਸਿੰਘ ਸੰਘਾ, ਕਮਿਸ਼ਨਰ ਖੇਤੀਬਾੜੀ ਪੰਜਾਬ ਡਾ. ਬਲਵਿੰਦਰ ਸਿੰਘ ਸਿੱਧੂ, ਪੰਜਾਬ ਐਗਰੋ ਇੰਡਸਟਰੀਜ਼ ਤੋਂ ਪ੍ਰਬੰਧਕੀ ਨਿਰਦੇਸ਼ਕ  ਮਨਜੀਤ ਸਿੰਘ ਬਰਾੜ ਅਤੇ ਰਾਜਪਾਲ ਪੰਜਾਬ ਦੇ ਮੁੱਖ ਸਕੱਤਰ ਬਾਲਾਮੁਰਗਮ ਅਤੇ ਨਿਰਦੇਸ਼ਕ ਬਾਗਬਾਨੀ ਪੰਜਾਬ ਡਾ. ਸ਼ੈਲੇਂਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਸੁਰੇਸ਼ ਕੁਮਾਰ ਨੇ ਵਿਚਾਰ ਚਰਚਾ ਦਾ ਏਜੰਡਾ ਰੱਖਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਯੋਜਨਾ ਤਹਿਤ ਪੰਜਾਬ ਦੀ ਖੇਤੀ ਨੂੰ ਕਾਰੋਬਾਰੀ ਲੀਹਾਂ ਤੇ ਤੋਰਨ ਲਈ ਕਿਸਾਨ-ਨਿਰਮਾਤਾ ਸੰਗਠਨ ਦੀ ਨਿਰਮਾਣਕਾਰੀ ਦੀ ਯੋਜਨਾ ਉਪਰ ਕੰਮ ਚੱਲ ਰਿਹਾ ਹੈ। ਇਸੇ ਕਾਰਨ ਅੱਜ ਦੀ ਮੀਟਿੰਗ ਨੀਤੀਆਂ ਅਤੇ ਤਕਨਾਲੋਜੀ ਦੇ ਪੱਖ ਤੋਂ ਬੁਲਾਈ ਗਈ ਹੈ। ਉਨ੍ਹਾਂ ਕਿਹਾ ਕਿ ਬਦਲਦੇ ਸਮੇਂ ਅਨੁਸਾਰ ਖੇਤੀ ਨੂੰ ਕਾਰੋਬਾਰੀ ਲੀਹਾਂ ਤੇ ਤੋਰਨਾ ਹੀ ਪਵੇਗਾ। ਕਿਸਾਨ-ਨਿਰਮਾਤਾ ਸੰਗਠਨ ਸੰਬੰਧੀ ਹੁਣ ਤੱਕ ਦੋਵੇਂ ਤਰ੍ਹਾਂ ਦੀਆਂ ਰਾਵਾਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਉਤਪਾਦਨ ਹੋਵੇਗਾ ਉਥੇ ਹੀ ਪ੍ਰੋਸੈਸਿੰਗ ਹੋਵੇਗੀ ਅਤੇ ਪੰਜਾਬੀਆਂ ਨੇ ਅਜੇ ਪ੍ਰੋਸੈਸ ਕੀਤੇ ਭੋਜਨ ਨੂੰ ਨਹੀਂ ਅਪਣਾਇਆ ਪਰ ਨਾਲ ਹੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਇਸ ਸਮੇਂ ਵਿੱਚ ਖੇਤੀ ਦਾ ਮੁੱਖ ਮੁੱਦਾ ਹੈ। ਸੁਰੇਸ਼ ਕੁਮਾਰ ਨੇ ਕਿਹਾ ਕਿ ਉਤਪਾਦਨ ਦੇ ਨਾਲ ਹੁਣ ਮੁੱਲ ਵਾਧੇ ਦੀ ਤਕਨੀਕ ਤੇ ਕੰਮ ਕਰਨ ਦੀ ਲੋੜ ਹੈ। ਇਸ ਸੰਬੰਧ ਵਿੱਚ ਮਾਛੀਵਾੜਾ ਅਤੇ ਕਪੂਰਥਲਾ ਵਿੱਚ ਪ੍ਰੋਜੈਕਟ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੋਲ ਨਿੱਜੀ ਤੌਰ ਤੇ ਮੁੱਲ ਵਾਧੇ ਦੀ ਸਮਰਥਾ ਨਹੀਂ ਹੈ। ਇਸ ਲਈ ਕਿਸਾਨ-ਨਿਰਮਾਤਾ ਸੰਗਠਨ ਬਣਾ ਕੇ ਕਿਸਾਨੀ ਨੂੰ ਸਹਿਕਾਰੀ ਤਰਜ਼ ਦੀਆਂ ਵਿਕਾਸ ਲੀਹਾਂ ਉਪਰ ਤੋਰਿਆ ਜਾ ਸਕਦਾ ਹੈ। ਕਿਸਾਨੀ ਕਾਰੋਬਾਰ ਦਾ ਮਾਹੌਲ ਵਿਕਸਤ ਕਰਨਾ ਇਸ ਵੇਲੇ ਪ੍ਰਸਾਸ਼ਨਿਕ ਹਲਕਿਆਂ ਦੇ ਧਿਆਨ ਵਿੱਚ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ 5 ਹਜ਼ਾਰ ਕਿਸਾਨ-ਨਿਰਮਾਤਾ ਸੰਗਠਨ ਬਣਾਉਣ ਲਈ ਪ੍ਰੋਜੈਕਟ ਮਿਲਿਆ ਹੈ ਅਤੇ ਲੰਮੇ ਸਮੇਂ ਦੇ ਲਾਭ ਵਾਲਾ ਇਹ ਕਾਰਜ ਕਰਨ ਲਈ  ਸੁਰੇਸ਼ ਕੁਮਾਰ ਨੇ ਸਾਰੀਆਂ ਧਿਰਾਂ ਨੂੰ ਆਪਣੇ ਸੁਝਾਅ ਪੇਸ਼ ਕਰਨ ਲਈ ਕਿਹਾ।

 

ਇਸ ਮੌਕੇ ਨਾਰਦਨ ਫਾਰਮਰਜ਼ ਨਾਮੀ ਕਿਸਾਨ-ਨਿਰਮਾਤਾ ਸੰਗਠਨ ਤੋਂ  ਪੁਨੀਤ ਥਿੰਦ, ‘ਟਾਈਗਰਸ’ ਤੋਂ  ਜਗਜੀਤ ਸਰਾਏ ਅਤੇ ਪੀ.ਏ.ਯੂ. ਦੇ ਕੰਪਟਰੋਲਰ ਡਾ. ਸੰਦੀਪ ਕਪੂਰ ਨੇ ਪੇਸ਼ਕਾਰੀਆਂ ਦਿੱਤੀਆ। ਇਨ੍ਹਾਂ ਪੇਸ਼ਕਾਰੀਆਂ ਵਿੱਚ ਕਿਸਾਨ-ਨਿਰਮਾਤਾ ਸੰਗਠਨ ਬਣਾਉਣ ਦੇ ਰਸਤੇ ਵਿੱਚ ਆਉਣ ਵਾਲੀਆਂ ਤਕਨੀਕੀ ਅਤੇ ਕਾਨੂੰਨੀ ਅੜਚਨਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਗਈ। ਇਸ ਤੋਂ ਇਲਾਵਾ ਇਸ ਸੰਗਠਨ ਦਾ ਮੂਲ ਢਾਂਚਾ ਕਿਸ ਤਰ੍ਹਾਂ ਦਾ ਹੋਵੇ ਅਤੇ ਮੰਡੀ ਦੇ ਸੰਪਰਕ ਕਿਵੇਂ ਵਿਕਸਿਤ ਕੀਤੇ ਜਾਣ, ਬਾਰੇ ਵਿਸਥਾਰ ਨਾਲ ਗੱਲ ਹੋਈ।  ਜਗਜੀਤ ਸਰਾਏ ਨੇ ਵਿਦੇਸ਼ਾਂ ਵਿੱਚ ਕਿਸਾਨ-ਨਿਰਮਾਤਾ ਸੰਗਠਨ ਦੇ ਆਪਣੇ ਅਨੁਭਵ ਸਾਂਝੇ ਕਰਦਿਆਂ ਉਥੋਂ ਦੇ ਤਰੀਕੇ ਸਾਂਝੇ ਕੀਤੇ ਜਦਕਿ  ਸੰਦੀਪ ਕਪੂਰ ਨੇ ਇਸ ਸੰਗਠਨ ਦੀ ਕਾਮਯਾਬੀ ਲਈ ਰੂਪ-ਰੇਖਾ ਦੀ ਪੇਸ਼ਕਾਰੀ ਕਰਦਿਆਂ ਵਿਭਿੰਨ ਪੜਾਵਾਂ ਅਤੇ ਨਿਗਰਾਨ ਏਜੰਸੀਆਂ ਦੀ ਬਣਤਰ ਬਾਰੇ ਆਪਣੇ ਵਿਚਾਰ ਰੱਖੇ। ਇਸ ਤੋਂ ਇਲਾਵਾ ਨਾਬਾਰਡ ਤੋਂ  ਪ੍ਰਵੀਨ ਭਾਟੀਆ ਨੇ ਉਨ੍ਹਾਂ ਦੀ ਸੰਸਥਾ ਵੱਲੋਂ ਪੰਜਾਬ ਵਿੱਚ 91 ਕਿਸਾਨ-ਨਿਰਮਾਤਾ ਸੰਗਠਨ ਕਾਇਮ ਕੀਤੇ ਜਾਣ ਅਤੇ ਉਨ੍ਹਾਂ ਨੂੰ ਸਫ਼ਲਤਾ ਨਾਲ ਚਲਾਉਣ ਦੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਇਸ ਸੰਗਠਨ ਵਿੱਚ ਇੱਕ ਕੰਪਨੀ ਵਾਂਗ ਕੰਮ ਕਰਨਾ ਪੈਂਦਾ ਹੈ ਪਰ ਸਫ਼ਲ ਕਾਰੋਬਾਰੀ ਮਾਡਲ ਸਥਾਪਿਤ ਕਰਨ ਦੀ ਵੀ ਲੋੜ ਹੈ।

ਇਨ੍ਹਾਂ ਪੇਸ਼ਕਾਰੀਆਂ ਬਾਰੇ ਬਹਿਸ ਦਾ ਆਰੰਭ  ਸੁਰੇਸ਼ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਥਾਨਕ ਹਾਲਾਤ ਨੂੰ ਮੱਦੇਨਜ਼ਰ ਰੱਖ ਕੇ ਹੀ ਕਿਸਾਨ-ਨਿਰਮਾਤਾ ਸੰਗਠਨ ਦਾ ਢਾਂਚਾ ਵਿਕਸਿਤ ਕੀਤਾ ਜਾਵੇ ਅਤੇ ਨਾਲ ਹੀ ਪੰਜਾਬ ਦੇ ਕਾਰੋਬਾਰੀ ਕਾਨੂੰਨ ਦੇ ਅਨੁਸਾਰ ਹੀ ਨੀਤੀਆਂ ਘੜੀਆਂ ਜਾਣ। ਇਸ ਮੌਕੇ ਡਾ. ਬਲਵਿੰਦਰ ਸਿੰਘ ਸਿੱਧੂ, ਡਾ. ਕਮਲਦੀਪ ਸਿੰਘ ਸਾਂਘਾ,  ਮਨਜੀਤ ਸਿੰਘ ਆਈ.ਏ.ਐਸ., ਕੁਮਾਰੀ ਸ਼ੈਲੇਂਦਰ ਕੌਰ ਆਈ.ਐਫ.ਐਸ.,  ਬਾਲਾਮੁਰਗਮ, ਡਾ. ਰਾਜਿੰਦਰ ਸਿੰਘ ਸਿੱਧੂ, ਡਾ. ਕਮਲ ਵੱਤਾ ਅਤੇ ਕਿਸਾਨ-ਨਿਰਮਾਤਾ ਸੰਗਠਨਾਂ ਤੋਂ ਡਾ. ਹਰਮਿੰਦਰ ਸਿੰਘ ਸਿੱਧੂ ਅਤੇ ਹੋਰ ਨੁਮਾਇੰਦਿਆਂ ਨੇ ਵਿਚਾਰ-ਵਟਾਂਦਰੇ ਵਿੱਚ ਭਾਗ ਲਿਆ।

ਇਸ ਸਮੁੱਚੀ ਬਹਿਸ ਨੂੰ ਸਮੇਟਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ ਤੋਂ ਹੀ ਕਾਮਯਾਬੀ ਨਾਲ ਕੰਮ ਕਰਦਾ ਮਿਲਕਫੈਡ ਦਾ ਸਹਿਕਾਰੀ ਢਾਂਚਾ ਵੀ ਹੈ ਅਤੇ ਨਾਲ ਹੀ ਸਵੈ-ਸਹਾਇਤਾ ਗਰੁੱਪਾਂ ਦੀ ਇੱਕ ਲੜੀ ਵੀ ਪਿਛਲੇ ਕੁਝ ਸਾਲਾਂ ਵਿੱਚ ਕਾਰੋਬਾਰੀ ਪੱਖ ਤੋਂ ਸਾਹਮਣੇ ਆਈ ਹੈ। ਕਿਸਾਨ-ਨਿਰਮਾਤਾ ਸੰਗਠਨਾਂ ਦੀਆਂ ਨੀਤੀਆਂ ਬਣਾਉਣ ਸਮੇਂ ਵਧੇਰੇ ਇੱਛਾ-ਸ਼ਕਤੀ ਅਪਨਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਕਿਸਾਨ ਨੂੰ ਮੁੱਲ ਵਾਧੇ ਅਤੇ ਪ੍ਰੋਸੈਸਿੰਗ ਨਾਲ ਜੋੜ ਕੇ ਕਿਸਾਨੀ ਵਿੱਚ ਕਾਰੋਬਾਰੀ ਰੁਚੀਆਂ ਵਿਕਸਿਤ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸੂਚਨਾ ਤਬਦੀਲੀ ਛੋਟੀਆਂ-ਛੋਟੀਆਂ ਭੋਜਨ ਲੜੀਆਂ ਦੇ ਵਿਕਾਸ ਵਿੱਚ ਸਹਾਈ ਹੋਈ ਹੈ ਪਰ ਇਨ੍ਹਾਂ ਸੰਗਠਨਾਂ ਦੇ ਢਾਂਚੇ ਦੀ ਉਸਾਰੀ ਲਈ ਪੰਜਾਬ ਦੇ ਖੇਤੀ ਹਾਲਾਤ ਅਤੇ ਇਥੋਂ ਦੀਆਂ ਕਿਰਤ ਦੀਆਂ ਸਥਿਤੀਆਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ।

ਵਿਸ਼ਵਜੀਤ ਖੰਨਾ ਨੇ ਕਿਹਾ ਕਿ ਸਾਰੇ ਪੱਖ ਜਾਨਣ ਤੋਂ ਬਾਅਦ ਨਿੱਜੀ ਗੱਲਾਂ ਛੱਡ ਕੇ ਸਾਂਝੀਆਂ ਸਮੱਸਿਆਵਾਂ ਉਪਰ ਕੇਂਦਰਿਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕਿਸਾਨ-ਨਿਰਮਾਤਾ ਸੰਗਠਨ ਦੇ 300 ਕਿਸਾਨਾਂ ਦੇ ਸਮੂਹ ਵਾਲੀ ਸ਼ਰਤ ਬਾਰੇ ਦੁਬਾਰਾ ਵਿਚਾਰਿਆ ਜਾਣਾ ਚਾਹੀਦਾ ਹੈ। ਮਿਲਕਫੈਡ ਬਾਰੇ ਗੱਲ ਕਰਦਿਆਂ  ਖੰਨਾ ਨੇ ਕਿਹਾ ਕਿ ਅੱਜ ਪੰਜਾਬ ਵਿੱਚ 6500 ਦੁੱਧ ਸੁਸਾਇਟੀਆਂ ਕਾਮਯਾਬੀ ਨਾਲ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਕਿਸਾਨ-ਨਿਰਮਾਤਾ ਸੰਗਠਨ ਦੀ ਕਾਮਯਾਬੀ ਦੀ ਆਸ ਬੱਝਦੀ ਹੈ ਪਰ ਇਨ੍ਹਾਂ ਬਾਰੇ ਸਾਰੇ ਪੱਖ ਵਿਚਾਰਨ ਤੋਂ ਬਾਅਦ ਹੀ ਸਾਰੀਆਂ ਧਿਰਾਂ ਦੇ ਸੁਝਾਵਾਂ ਸਮੇਤ ਕੋਈ ਸਾਂਝੀ ਨੀਤੀ ਬਣਾਈ ਜਾਵੇਗੀ।

ਅੰਤ ਵਿੱਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਇਸ ਵਿਚਾਰ-ਵਟਾਂਦਰੇ ਨੂੰ ਬੇਹੱਦ ਮੁੱਲਵਾਨ ਦੱਸਦੇ ਹੋਏ ਕਿਸਾਨ-ਨਿਰਮਾਤਾ ਸੰਗਠਨ ਨੀਤੀ ਦੀ ਨਿਰਮਾਣਕਾਰੀ ਵਿੱਚ ਅੱਜ ਦੀ ਮੀਟਿੰਗ ਦੇ ਸਿੱਟਿਆਂ ਨੂੰ ਸ਼ਾਮਿਲ ਕਰਨ ਲਈ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ, ਵੱਖ-ਵੱਖ ਕਾਲਜਾਂ ਦੇ ਡੀਨ, ਡਾਇਰੈਕਟਰ ਅਤੇ ਹੋਰ ਅਧਿਕਾਰੀ ਮੌਜੂਦ ਸਨ।

Share This Article
Leave a Comment