ਚੰਡੀਗੜ੍ਹ:- ਕੋਰੋਨਾ ਵਾਇਰਸ ਦੇ ਚਲਦਿਆਂ ਚੰਡੀਗੜ੍ਹ ਸ਼ਹਿਰ ਦਾ ਪ੍ਰਸ਼ਾਸਨ ਵੀ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਅ ਰਿਹਾ ਹੈ। ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਵੱਲੋਂ ਸਾਰੇ ਹੀ ਮੈਡੀਕਲ ਸਟੋਰਾਂ ਲਈ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਵੀ ਮਰੀਜ਼ ਉਹਨਾਂ ਤੋਂ ਖਾਂਸੀ ਜਾਂ ਫਿਰ ਜ਼ੁਕਾਮ ਦੀ ਦਵਾਈ ਲੈਣ ਲਈ ਆਉਂਦਾ ਹੈ ਤਾਂ ਉਸਦਾ ਸਾਰਾ ਰਿਕਾਰਡ ਰੱਖਿਆ ਜਾਵੇ ਜਿਸ ਵਿਚ ਸਬੰਧਤ ਵਿਅਕਤੀ ਦਾ ਫੋਨ ਨੰਬਰ ਲਿਖਿਆ ਜਾਣਾ ਲਾਜ਼ਮੀ ਹੈ। ਐਨਾ ਹੀ ਨਹੀਂ ਉਸ ਮਰੀਜ਼ ਤੇ ਪੂਰੀ ਨਿਗਾਹ ਰੱਖੀ ਜਾਵੇ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਕੋਰੋਨਾ ਵਾਇਰਸ ਨਾਮਕ ਇਸ ਬਿਮਾਰੀ ਦਾ ਖਾਤਮਾ ਕੀਤਾ ਜਾ ਸਕੇ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਲੱਛਣ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਿਕ ਖਾਂਸੀ ਅਤੇ ਜ਼ੁਕਾਮ ਹੀ ਹਨ। ਸੋ ਚੰਡੀਗੜ੍ਹ ਪ੍ਰਸ਼ਾਸਨ ਨੇ ਇਸੇ ਤੱਥ ਨੂੰ ਆਧਾਰ ਮੰਨਕੇ ਇਹ ਹੁਕਮ ਸਾਰੇ ਹੀ ਮੈਡੀਕਲ ਸਟੋਰਾਂ ਦੇ ਲਈ ਜਾਰੀ ਕੀਤੇ ਹਨ ਅਤੇ ਇਹ ਹੁਕਮ ਅਗਲੇ 60 ਦਿਨਾਂ ਤੱਕ ਜਾਰੀ ਰਹਿਣਗੇ। ਆਪਣਾ ਪੱਖ ਪੇਸ਼ ਕਰਦਿਆਂ ਡੀਸੀ ਮਨਦੀਪ ਬਰਾੜ ਨੇ ਕਿਹਾ ਕਿ ਅਜਿਹਾ ਕਰਨ ਨਾਲ ਕੋਰੋਨਾ ਵਾਇਰਸ ਮਰੀਜ਼ ਲੱਭਣ ਵਿਚ ਸਹਾਇਤਾ ਮਿਲੇਗੀ। ਇਸਤੋਂ ਇਲਾਵਾ ਜੇਕਰ ਕੋਈ ਵੀ ਮੈਡੀਕਲ ਸਟੋਰ ਇਸ ਕੰਮ ਵਿਚ ਲਾਹਪ੍ਰਵਾਹੀ ਵਰਤੇਗਾ aੁਸਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।