Home / ਓਪੀਨੀਅਨ / ਕੈਪਟਨ ਨੇ ਮਾਰੀ, ਆਪਣੇ ਪੈਰ ‘ਤੇ ਆਪ ਕੁਹਾੜੀ

ਕੈਪਟਨ ਨੇ ਮਾਰੀ, ਆਪਣੇ ਪੈਰ ‘ਤੇ ਆਪ ਕੁਹਾੜੀ

ਚੰਡੀਗੜ੍ਹ (ਅਮਰਜੀਤ ਵੜੈਚ): ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ੇ ਨੇ ਪੰਜਾਬ-ਕਾਂਗਰਸ ਪਾਰਟੀ ਅਤੇ ਪੰਜਾਬ ਦੀ ਸਿਆਸੀ ਧਰਾਤਲ ‘ਤੇ ਵੱਡੇ, ਪੈਮਾਨੇ ‘ਤੇ ਭੁਚਾਲ ਲਿਆਉਣ ਵਰਗਾ ਕੰਮ ਕੀਤਾ ਹੈ। ਜਿਸ ਦਾ ਕੇਂਦਰ ਕੈਪਟਨ ਦੇ ਪਟਿਆਲ਼ਾ ਵਿੱਚਲੇ ਨਿਵਾਸ, ਮੋਤੀ ਮਹਿਲ ਤੋਂ ਸਿਰਫ਼ ਚਾਰ ਕਿਲੋਮਟਿਰ ਦੂਰ ‘ਨਿਊ ਯਾਦਵਿੰਦਰਾ ਕਾਲੋਨੀ ‘’ ਸਿਧੂ ਨਿਵਾਸ’ ਵਿੱਚ ਸੀ ਜੋ ਕੈਪਟਨ ਸਾਹਿਬ ਦੇ ਪਿਤਾ ਅਤੇ ਪਟਿਆਲ਼ਾ ਰਿਆਸਤ ਦੇ ਆਖਰੀ ਮਹਾਰਾਜਾ ਯਾਦਵਿੰਦਰ ਸਿੰਘ ਦੇ ਨਾਂ ‘ਤੇ ਹੀ ਵੱਸੀ ਸੀ। ਇਸ ਅਸਤੀਫੇ ਨੇ ਪੰਜਾਬ ਦੀ ਜਨਤਾ ਨੂੰ ਵੀ ਭੌਂ-ਚੱਕਾ ਕਰ ਦਿਤਾ ਹੈ ।

ਕੈਪਟਨ ਨੇ ਅਸਤੀਫ਼ੇ ਮਗਰੋਂ ਜੋ ਬਿਆਨ ਦਿੱਤੇ ਹਨ ਉਹ ਹੋਰ ਵੀ ਹੈਰਾਨ ਕਰਨ ਵਾਲ਼ੇ ਹਨ ; ਕੈਪਟਨ ਨੇ ਆਪਣੇ ਅੰਦਰ ਕਈ ਮਹੀਨਿਆਂ ਦੀ ‘ਅੰਤਰ-ਪੀੜ’ ਨੂੰ ਜੱਗ ਜਾਹਿਰ ਕਰਦਿਆਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਨੂੰ ਬੜਾ ਜ਼ਲੀਲ ਕਰਕੇ ਮੁੱਖ-ਮੰਤਰੀ ਪਦ ਤੋਂ ਲਾਹਿਆ ਹੈ। ਦੂਜਾ ਬਿਆਨ ਉਨ੍ਹਾਂ ਪਾਰਟੀ ਪ੍ਰਧਾਨ ਨਵਜੋਤ ਸਿਧੂ ਬਾਰੇ ਦਿਤਾ ਕਿ ਸਿਧੂ ਪੰਜਾਬ ਲਈ ਤਬਾਹੀ ਸਾਬਤ ਹੋਵੇਗਾ ਕਿਉਂਕਿ ਸਿਧੂ ਦੇ ਸਬੰਧ ਪਾਕਿਸਤਾਨ ਦੇ ਲੋਕਾਂ ਨਾਲ ਹਨ।

ਕੈਪਟਨ ਸਾਹਿਬ ਨੂੰ ਹਾਈ ਕਮਾਂਡ ਵੱਲੋਂ ਜ਼ਲੀਲ ਕਰਨ ਦੀ ਚਾਲ ਨੇ ‘ਗਹਿਰਾ ਸਦਮਾ’ ਦਿਤਾ ਹੈ: ਪਰ ਕੈਪਟਨ ਸਾਹਿਬ ਦੇ ਆਪਣੇ ਸ਼ਹਿਰ ਵਿੱਚ ਹਰ ਰੋਜ਼ ਪੰਜਾਬ ਪੁਲਿਸ ਕੈਪਟਨ ਸਾਹਿਬ ਦੀਆਂ ਧੀਆਂ ਅਤੇ ਪੋਤਰੀਆਂ/ਦੋਹਤਰੀਆਂ ਵਰਗੀਆਂ ਪੰਜਾਬਣਾਂ ਦੀ ਖਿਚ-ਧੂਹ ਕਰਦੇ ਸਨ , ਕਿਸਾਨਾਂ ਅਤੇ ਨੌਜਵਾਨਾਂ ‘ਤੇ ਡੰਡੇ ਅਤੇ ਪਾਣੀ ਦੀਅ ਬੌਸ਼ਾਰਾਂ ਕਰਦੇ ਸਨ ਤਾਂ ਕੈਪਟਨ ਸਾਹਿਬ ਦੇ ਮੂੰਹੋਂ ਕਦੇ ਇਕ ਵੀ ਸ਼ਬਦ ਨਹੀਂ ਸੀ ਨਿਕਲਿਆ । ਆਪਣੇ ਘਰ ਵਿੱਚ ਲੱਗੇਤਾਂ ਅੱਗ , ਦੂਜੇ ਦੇ ਘਰ ਲੱਗੇ ਤਾਂ ਬਸੰਤਰ ।

ਅਮਰਿੰਦਰ ਸਿੰਘ ਨੂੰ ਸਿਧੂ ਦੇ ਪਾਕਿਸਤਾਨ ਦੇ ਪ੍ਰਧਾਨ-ਮੰਤਰੀ ਇਮਰਾਨ ਖਾਨ ਅਤੇ ਪਾਕਿ ਫ਼ੌਜ ਦੇ ਜਨਰਲ ਬਾਜਵਾ ਨਾਲ਼ ਸਬੰਧਾਂ ‘ਤੇ ਸ਼ੱਕ ਹੈ ਅਤੇ ਕੈਪਟਨ ਦਾ ਕਹਿਣਾ ਹੈ ਕਿ ਇਹ ਸਬੰਧ ਭਾਰਤ ਦੀ ਸੁਰੱਖਿਆਂ ਲਈ ਖ਼ਤਰਾ ਹੋ ਸਕਦੇ ਹਨ । ਕੈਪਟਨ ਸਾਹਿਬ ਕਹਿੰਦੇ ਹਨ ਕਿ ਸਰਹੱਦਾਂ ਉੱਤੇ ਰੋਜ਼ ਹੀ ਭਾਰਤੀ ਜਵਾਨ ਸ਼ਹੀਦ ਹੋ ਰਹੇ ਹਨ ।

ਕੈਪਟਨ ਸਹਿਬ ਸ਼ਾਇਦ ਭੁੱਲ ਗਏ ਹਨ ਕਿ 2004 ਵਿੱਚ ਕੈਪਟਨ ਦੀ ਪੰਜਾਬ ‘ਚ ਪਹਿਲੀ ਟਰਮ ਸਮੇਂ ‘ਹਿੰਦ-ਪਾਕਿ ਪੰਜਾਬ ਖੇਡਾਂ ‘ ਕੈਪਟਨ ਸਾਹਿਬ ਨੇ ਹੀ ਕਰਵਾਈਆਂ ਸਨ ਅਤੇ ਪਾਕਿਸਤਾਨ ਪੰਜਾਬ ਦੇ ਮੁੱਖ-ਮੰਤਰੀ ਪਰਵੇਜ਼ ਇਲਾਹੀ ਅਤੇ ਵੱਡੀ ਗਿਣਤੀ ‘ਚ ਹੋਰ ਪਾਕਿਸਤਾਨੀ ਨਾਗਰਿਕ ਕੈਪਟਨ ਸਾਹਿਬ ਦੇ ਮਹਿਮਾਨ ਸਨ । ਇਸ ਤੋਂ ਪਹਿਲਾਂ ਕੈਪਟਨ ਸਾਹਿਬ ‘ਵਿਸ਼ਵ ਪੰਜਾਬੀ ਕਾਨਫ਼ਰੰਸ 2004’ ਵਿੱਚ ਸ਼ਾਮਿਲ ਹੋਣ ਲਈ ਲਾਹੌਰ ਜਾਕੇ ਪਰਵੇਜ਼ ਇਲਾਹੀ ਅਤੇ ਹੋਰ ਕਈਆਂ ਦੇ ਨਾਲ਼ ਜੱਫੀਆਂ ਪਾਉਂਦੇ ਦਿਸੇ ਸਨ । ਕੀ ਉਸ ਵਕਤ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਨਹੀਂ ਸੀ ? ਕੀ ਉਸ ਵਕਤ ਸਰਹੱਦਾਂ ਉਪਰ ਸਾਡੇ ਜਵਾਨ ਸ਼ਹੀਦ ਨਹੀਂ ਸੀ ਹੁੰਦੇ ? ਇਸ ਵਾਰ ਵੀ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਲੰਮਾ ਸਮਾਂਕੈਪਟਨ ਦੀ ‘ਮਹਿਮਾਨ’ ਬਣਕੇ ਪੰਜਾਬ ਵਿੱਚ ਰਹੀ ।

ਹੁਣ ਕੈਪਟਨ ਦਾ ਅਗਲਾ ਰਾਜਨੀਤਕ ਪੈਂਤੜਾ ਕੀ ਹੋਵੇਗਾ ਇਸ ਲਈ ਉਨ੍ਹਾਂ ਅਧੂਰਾ ਬਿਆਨ ਦੇ ਕੇ ਰਾਜਨੀਤਿਕ ਪੰਡਿਤਾਂ ਨੂੰ ਕਿਆਸ ਅਰਾਈਆਂ ਲਾਉਣ ਦੇ ਕੰਮ ਲਾ ਦਿਤਾ ਹੈ ਅਤੇ ਕਾਂਗਰਸ ਹਾਈ ਕਾਮਾਂਡ ਨੂੰ ਵੀ ਚਿੰਤਾ ‘ਚ ਪਾ ਦਿਤਾ ਹੈ । ਉਂਜ ਉਨ੍ਹਾਂ ਇਸ਼ਾਰਾ ਵੀ ਕਰ ਦਿਤਾ ਹੈ ਕਿ ਸਿਧੂ ਨੂੰ ਉਹ 2022 ਲਈ ਪਾਰਟੀ ਦਾ ਮੁੱਖ-ਮੰਤਰੀ ਦਾ ਉਮੀਦਵਾਰ ਸਵੀਕਾਰ ਨਹੀਂ ਕਰਨਗੇ । ਕੈਪਟਨ ਨੇ ਪਾਰਟੀ ਨੂੰ ਅਲਵਿਦਾ ਕਰਨ ਦਾ ਵੀ ਇਸ਼ਾਰਾ(ਧਮਕੀ) ਕਰ ਦਿਤਾ ਹੈ ।

ਪੰਦਰ੍ਹਵੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ 2017 ਵਿੱਚ ਕਾਂਗਰਸ ਪਾਰਟੀ ‘ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਨਾਅਰੇ ‘ਤੇ ਜਿਤ ਦੀਆਂ ਟਾਰ੍ਹਾਂ ਮਾਰਦੀ ਨਹੀ ਸੀ ਥੱਕਦੀ । ਵੋਟਰਾਂ ਨੇ ਵੀ ਕਾਂਗਰਸ ਪਾਰਟੀ ਦੇ ਵਾਅਦਿਆਂ ‘ਤੇ ਯਕੀਨ ਕਰਕੇ ਪਾਰਟੀ ਨੂੰ ਵੱਡੀ ਜਿਤ ਨਾਲ਼ ਵਿਧਾਨ ਸਭਾ ਵਿੱਚ ਪਹੁੰਚਾ ਦਿਤਾ ।

ਕਾਂਗਰਸ ਦੇ ਮੈਨੀਫੈਸਟੋ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਮਗਰੋਂ ਹੋਈਆਂ ਮੰਦਭਾਗੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ, ਘਰ-ਘਰ ਰੁਜ਼ਗਾਰ, ਵੱਖ-ਵੱਖ ਮਾਫੀਏ ਨੁੰ ਨੱਥ ਪਾਉਣੀ, ਚਾਰ ਹਫਤਿਆਂ ਵਿੱਚ ਨਸ਼ਿਆਂ ਦਾ ਲੱਕ ਤੋੜਨਾਂ ਅਤੇ ਬਿਜਲੀ ਸਮਝੌਤੇ ਰੱਦ ਕਰਨੇ ਕੁਝ ਅਜਿਹੇ ਵਾਅਦੇ ਸਨ ਜਿਨ੍ਹਾਂ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਸਨ । ਨਸ਼ਿਆਂ ਬਾਰੇ ਤਾਂ ਕੈਪਟਨ ਨੇ ਹੱਥ ਵਿੱਚ ਸ੍ਰੀ ਗੁਟਕਾ ਸਾਹਿਬ ਫੜਕੇ ਸੌਂਹ ਚੁੱਕੀ ਸੀ ।

ਕੈਪਟਨ ਸਰਕਾਰ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ । ਅਫਸਰਸ਼ਾਹੀ ਨੇ ਸਿਰਫ ਅੰਕੜੇ ਪੇਸ਼ ਕਰਕੇ ਹੀ ਸਰਕਾਰ ਦੇ ਵਿਕਾਸ ਰਿਪੋਰਟ ਕਾਰਡ ਵਿੱਚ ‘ਐਕਸੀਲੈਂਟ’ ਦਾ ਇੰਦਰਾਜ਼ ਕਰਨ ਦਾ ਕੰਮ ਕੀਤਾ ਜਦੋਂ ਕਿ ਜ਼ਮੀਨੀ ਹਕੀਕਤ ਕੋਹਾਂ ਦੂਰ ਸੀ । ਬੇਰੁਜ਼ਗਾਰਾਂ, ਕਿਸਾਨਾਂ, ਕਰਮਚਾਰੀਆਂ, ਕੱਚੇ ਮੁਲਜ਼ਮਾਂ ਅਤੇ ਹੋਰ ਵਰਗਾਂ ਦੇ ਲਗਾਤਾਰ ਵਿਰੋਧ ਨੇ ਪਾਰਟੀ ਦੇ ਅੰਦਰ ਬਗਾਵਤੀ ਸੁਰਾਂ ਨੂੰ ਉਭਰਨ ਦਾ ਮੌਕਾ ਦਿਤਾ । ਸਿਧੂ, ਜਿਸ ਦੀ ਬੀਜੇਪੀ ਵਿੱਚੋ ਕਾਂਗਰਸ ਵਿੱਚ ਛਾਲ, ਜਿਸ ਖੁਫੀਆ ਸਮਝੌਤੇ (ਵੱਡਾ ਅਹੁਦਾ) ਨਾਲ਼ ਵੱਜੀ ਸੀ ਉਹ ਪੂਰੀ ਨਹੀਂ ਸੀ ਹੋ ਰਹੀ ਇਸ ਲਈ ਸ਼ੁਰੂ ਤੋਂ ਹੀ ਕੈਪਟਨ ਅਤੇ ਸਿਧੂ ਇਕ ਦੂਜੇ ਤੋਂ ਅਵਾਜ਼ਾਰ ਸਨ ।

ਕੈਪਟਨ ਦੀ ਰਜਵਾੜਾ ਸ਼ਾਹੀ ਜ਼ਿੰਦਗੀ, ਲੋਕਾਂ ਅਤੇ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਟਿਚ ਸਮਝਣਾ, ਕਿਸਾਨਾਂ ਦੇ ਨਾਲ਼ ਨਾ ਖੜਨਾਂ, ਸਰਕਾਰੀ ਕਰਮਚਾਰੀਆਂ , ਬੇਰੁਜ਼ਗਾਰ ਨੌਜਵਾਨਾਂ ਦੀ ਦੁਰਦਸ਼ਾ, ਸ਼ਰਾਬ ਨਾਲ਼ ਇਸੇ ਵਰ੍ਹੇ ਹੋਈਆਂ ਮੌਤਾਂ, ਸ਼ਰਾਬ ਮਾਫੀਏ ਵਿੱਚ ਐੱਮ ਐੱਲ ਏਜ਼ ਦਾ ਸ਼ਾਮਿਲ ਹੋਣਾ,ਮਾਈਨਿੰਗ ਅਤੇ ਨਸ਼ਾ ਮਾਫੀਆ ਦਾ ਦਨ-ਦਨਾਉਂਦੇ ਫਿਰਨਾਂ, ਦਿਨ-ਦਿਹਾੜੇ ਕਤਲ,ਗੈਨਗਸਟਰਾਂ ਦਾ ਰਾਜ,ਜੇਲ੍ਹਾਂ ਵਿੱਚ ਨਸ਼ੇ ਅਤੇ ਮੁਬਾਇਲ ਫੋਨਾਂ ਦਾ ਸਰਕਾਰ ਦੀ ਸ਼ਹਿ ‘ਤੇ ਕਾਰੋਬਾਰ, ਕੋਰੋਨਾ ਮਹਾਂਮਾਰੀ ਵਿੱਚ ਫ਼ਤਿਹ ਕਿਟ ਦੇ ਘੁਟਾਲ਼ੇ,ਆਪਣੇ ਐੱਮ ਐੱਲ ਏਜ਼ ਦੇ ਬੱਚਿਆ ਨੂੰ ਸਰਕਾਰੀ ਨੌਕਰੀਆਂ ਦੇਣਾ ਆਦਿ ਮਸਲਿਆ ‘ਤੇ ਕੈਪਟਨ ਦੀ ਸਾਜ਼ਿਸ਼ੀ ਚੁੱਪ ਨੇ ਕੈਪਟਨ ਨੂੰ ‘ਅਕਾਲੀਆਂ ਨਾਲ਼ ਸਾਂਝ-ਭਿਆਲ਼ੀ‘ ਦੇ ਸ਼ੱਕ ਦੀ ਦਲਦਲ ਵਿੱਚ ਗਹਿਰਾ ਧੱਕ ਦਿਤਾ ਸੀ।

ਕੈਪਟਨ ਸਰਕਾਰ ਦੀ ਹਰ ਮੁੱਦੇ ‘ਤੇ ਮਾੜੀ ਕਾਰਗੁਜ਼ਾਰੀ ਨੇ ਸਿਧੂ ਅਤੇ ਵਿਰੋਧੀਆਂ ਨੂੰ ਮੌਕਾ ਦੇ ਦਿੱਤਾ ਅਤੇ ਕੈਪਟਨ ਵਿਰੋਧੀ ਧੜੇ ਨੇ ਪਾਰਟੀ ਹਾਈ ਕਮਾਂਡ ਨੂੰ ਮਜਬੂਰ ਕਰ ਦਿਤਾ ਕਿ ਕੈਪਟਨ ਨੂੰ ਗੱਦੀ ਤੋਂ ਲਾਹ ਦਿੱਤਾ ਜਾਵੇ ਜਿਸ ਦੀ ਕੈਪਟਨ ਨੂੰ ਬਿਲਕੁਲ ਵੀ ਆਸ ਨਹੀਂ ਸੀ। ਜਦੋਂ ਕੈਪਟਨ ਨੇ ਪੀ ਕੇ (ਪ੍ਰਸ਼ਾਂਤ ਕਿਸ਼ੋਰ) ਨੂੰ ਆਪਣਾਂ ਚੀਫ ਅਡਵਾਈਜ਼ਰ ਲਾਇਆ ਸੀ ਤਾਂ ਕੈਪਟਨ ਦੀ ‘ਰਵਾਨਗੀ’ ਉਸ ਵਕਤ ਹੀ ਤਹਿ ਹੋ ਗਈ ਸੀ। ਪੀ ਕੇ ਸਿਰਫ਼ ਸਰਕਾਰ/ਪਾਰਟੀ ਦੇ ਵਿੱਚ ਰਹਿਕੇ ਪਾਰਟੀ ਦੀ ਅੰਦਰਲੀ ਸਥਿਤੀ ਨੂੰ ਸਮਝਣ ਹੀ ਆਇਆ ਸੀ। ਇਸ ਮਗਰੋਂ ਪੀ ਕੇ ਨੇ ਹਾਈ ਕਮਾਂਡ ਨੂੰ ਇਹ ਸਲਾਹ ਦਿੱਤੀ ਸੀ ਕਿ ਜੇਕਰ ਕੈਪਟਨ ਮੁੱਖ-ਮੰਤਰੀ ਬਣੇ ਰਹੇ ਤਾਂ ਪਾਰਟੀ 2022 ਵਿੱਚ ਮੂਧੇ-ਮੂੰਹ ਡਿਗੇਗੀ।

ਲੋਕ-ਮੁੱਦਿਆਂ ਪ੍ਰਤੀ ਕੈਪਟਨ ਦੀ ਲਾਪਰਵਾਹੀ ਲਈ ਸ਼ਨੀ ਦੇਵਤਾ (18 ਸਤੰਬਰ ਸ਼ਨੀਵਾਰ) ਪੰਜਾਬ ਦੇ ਲੋਕਾਂ ਦਾ ਗੁੱਸਾ ਵਿਖਾ ਗਿਆ ਹੈ ਜਿਸ ਦਾ ਖ਼ਮਿਆਜ਼ਾ ਕੈਪਟਨ ਨੂੰ ਭੁਗਤਣਾ ਪੈ ਗਿਆ ਹੈ। ਅਸੀ ਤਾਂ ਜੁਲਾਈ ਵਿੱਚ ਹੀ ਆਪਣੇ ਚੈਨਲ ਗਲੋਬਲ ਪੰਜਾਬ ਟੀ ਵੀ ‘ਤੇ ਐਲਾਨ ਕਰ ਦਿਤਾ ਸੀ ਕਿ 2022 ਵਿੱਚ ਕੈਪਟਨ ਕਾਂਗਰਸ ਪਾਰਟੀ ਦਾ ਮੁੱਖ- ਮੰਤਰੀ ਲਈ ਚਿਹਰਾ ਨਹੀਂ ਹੋਵੇਗਾ। ਸਿਧੂ ਅਕਸਰ ਚੁੱਟਕੀ ਲੈਂਦੇ ਹਨ ; ਪਿਪੱਲ ਦਿਆ ਪੱਤਿਆ ਵੇ ਕਿਉਂ ਖੜ-ਖੜ ਲਾਈ ਆ, ਝੜ ਗਏ ਪੁਰਾਣੇ ਵੇ. ਰੁੱਤ ਨਵਿਆਂ (ਸਿਧੂਆਂ) ਦੀ ਆਈ ਆ।

ਖ਼ੈਰ ! ਕੁਝ ਵੀ ਹੋਵੇ ਇਕ ਗੱਲ ਸਪੱਸ਼ਟ ਹੈ ਕਿ ਪੰਜਾਬ ਨੂੰ ਇਕ ਦੂਰ-ਅੰਦੇਸ਼ ਲੀਡਰਸ਼ਿਪ ਦੀ ਲੋੜ ਹੈ ਜੋ ਹੁਣ ਤੱਕ ਸਾਰੀਆਂ ਪਾਰਟੀਆਂ ਦੇਣ ਵਿੱਚ ਬੁਰੀ ਤਰ੍ਹਾਂ ਫ਼ੇਲ ਹੋਈਆਂ ਹਨ। ਨਵੇਂ ਮੁੱਖ ਮੰਤਰੀ ਦੇ ਅਗਲੇ ਤਿੰਨ ਮਹੀਨੇ ਉਸਤਰਿਆਂ ਦੀ ਮਾਲ਼ਾ ਪਾ ਕੇ ਤਲਵਾਰ ਦੀ ਧਾਰ ‘ਤੇ ਭੱਜਣ ਅਤੇ ਬਾਜ਼ੀ ਪਾਉਣ ਵਰਗਾ ਕਾਰਜ ਹੋਵੇਗਾ। ਲੀਡਰ ਚਾਹੇ ਕਿਸੇ ਵੀ ਧਰਮ ਦਾ ਹੋਵੇ ਇਸ ਨਾਲ਼ ਫ਼ਰਕ ਨਹੀਂ ਪੈਂਦਾ ਮੁੱਦਾ ਤਾਂ ਇਹ ਹੈ ਕਿ ਉਹ ਪੰਜਾਬ ਦਾ ਦਰਦ ਸਮਝਦਾ ਹੈ ਕਿ ਨਹੀਂ ? ਇਸ ਸਮੇਂ ਸਾਨੂੰ ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ : ‘ਹਿੰਦੂ ਅੰਨ੍ਹਾ ਤੁਰਕੂ ਕਾਣਾ ।। ਦੁਹਾਂ ‘ਤੇ ਗਿਆਨੀ ਸਿਅਣਾ ।।‘( ਭਗਤ ਨਾਮਦੇਵ ਅੰਗ 874)

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.