ਕੈਨੇਡਾ ਵਿੱਚ ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਫਸਲ ਵਿਗਿਆਨ ਦਾ ਐਵਾਰਡ ਮਿਲਿਆ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਤੋਂ ਫਸਲ ਵਿਗਿਆਨ ਵਿੱਚ ਮਾਸਟਰਜ਼ ਅਤੇ ਪੀ.ਐੱਚ ਡੀ ਦੀ ਡਿਗਰੀ ਹਾਸਲ ਕਰਨ ਵਾਲੇ ਡਾ. ਤਰਲੋਕ ਸਿੰਘ ਸਹੋਤਾ ਨੂੰ ਬੀਤੇ ਦਿਨੀਂ 2021 ਸਾਲ ਲਈ ਕੈਨੇਡਾ ਦੀ ਫਸਲ ਵਿਗਿਆਨ ਸੁਸਾਇਟੀ ਦਾ ਐਵਾਰਡ ਹਾਸਲ ਹੋਇਆ ਹੈ। ਫਸਲ ਵਿਗਿਆਨ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਲਈ ਡਾ. ਤਰਲੋਕ ਸਿੰਘ ਨੂੰ ਇਹ ਐਵਾਰਡ ਦਿੱਤਾ ਗਿਆ। ਵਰਤਮਾਨ ਸਮੇਂ ਡਾ. ਸਹੋਤਾ ਓਨਟਾਰੀਓ ਰਾਜ ਦੀ ਥੰਡਰਵੇਅ ਵਿੱਚ ਲੇਕ ਹੈੱਡ ਯੂਨੀਵਰਸਿਟੀ ਦੇ ਖੇਤੀ ਖੋਜ ਕੇਂਦਰ ਦੇ ਨਿਰਦੇਸ਼ਕ ਵਜੋਂ ਕਾਰਜਸ਼ੀਲ ਹਨ। ਉਹਨਾਂ ਦੀ ਨਿਗਰਾਨੀ ਹੇਠ ਇਸ ਕੇਂਦਰ ਨੇ ਨਾ ਸਿਰਫ ਲੋਕਾਂ ਤੱਕ ਪਹੁੰਚ ਬਣਾਈ ਬਲਕਿ ਬਹੁਤ ਸਾਰੀਆਂ ਨਵੀਆਂ ਕਿਸਮਾਂ ਹੇਠ ਰਕਬਾ ਵਧਿਆ ਅਤੇ ਜਿਸ ਨਾਲ ਪੋਸ਼ਣ ਪ੍ਰਬੰਧ ਦੇ ਖੇਤਰ ਵਿੱਚ ਜ਼ਿਕਰਯੋਗ ਕੰਮ ਹੋਇਆ। ਇਸੇ ਦੌਰਾਨ ਕੇਂਦਰ ਨੇ ਛੋਟੇ ਪੱਧਰ ਦੀਆਂ ਵਪਾਰਕ ਗਤੀਵਿਧੀਆਂ ਦੀ ਫਸਲੀ ਵਿਭਿੰਨਤਾ ਲਈ ਜ਼ਮੀਨ ਤਿਆਰ ਕੀਤੀ, ਪੱਥਰ ਦੇ ਪੁਲਾ ਵਾਲੀ ਆਟਾ ਚੱਕੀ ਅਤੇ ਕਨੌਲਾ ਦਾ ਕੋਹਲੂ ਸਥਾਪਿਤ ਹੋਇਆ। ਨਤੀਜਨ ਪੇਂਡੂ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਿਆ।

ਖੇਤੀ ਖੋਜ ਪਸਾਰ ਅਤੇ ਵਿਕਾਸ ਦੇ ਖੇਤਰ ਵਿੱਚ 12 ਸੰਸਥਾਵਾਂ ਨਾਲ ਜੁੜੇ ਰਹੇ ਡਾ. ਤਰਲੋਕ ਸਿੰਘ ਸਹੋਤਾ ਕੋਲ 40 ਸਾਲ ਦਾ ਤਜਰਬਾ ਹੈ। ਡਾ. ਸਹੋਤਾ ਵਿਸ਼ਵ ਦੀਆਂ ਵੱਖ-ਵੱਖ ਸੰਸਥਾਵਾਂ ਦੇ ਜਾਣੇ-ਪਛਾਣੇ ਫਸਲ ਵਿਗਿਆਨੀ ਵਜੋਂ ਕਾਰਜਸ਼ੀਲ ਰਹੇ ਹਨ। ਉਹਨਾਂ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਜਿਵੇਂ ਅਮਰੀਕਾ, ਨੀਦਰਲੈਂਡ ਵਿੱਚ ਯੋਜਨਾ ਬਨਾਉਣ ਵਾਲਿਆਂ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਨੇ ਭਾਰਤ, ਇਜ਼ਰਾਇਲ ਲੈਬ ਲਿਮਿਟਡ ਬੜੌਦਾ ਦੇ ਨਿਰਦੇਸ਼ਕ ਮੰਡਲ ਵਿੱਚ ਵੀ ਜ਼ਿੰਮੇਵਾਰੀ ਨਿਭਾਈ। 2018 ਵਿੱਚ ਵੀ ਉਹਨਾਂ ਦੇ ਕੰਮਾਂ ਨੂੰ ਧਿਆਨ ਵਿੱਚ ਰੱਖਦਿਆਂ ਫਸਲ ਵਿਗਿਆਨ ਦੀ ਕੈਨੇਡੀਅਨ ਸੁਸਾਇਟੀ ਨੇ ਉਹਨਾਂ ਨੂੰ ਫੈਲੋ ਐਵਾਰਡ ਲਈ ਚੁਣਿਆ ਸੀ। 2015 ਵਿੱਚ ਪੀ.ਏ.ਯੂ. ਦੀ ਅਲੂਮਨੀ ਐਸੋਸੀਏਸ਼ਨ ਨੇ ਡਾ. ਸਹੋਤਾ ਨੂੰ ਐਵਾਰਡ ਆਫ ਆਨਰ ਪ੍ਰਦਾਨ ਕੀਤਾ। 2013 ਅਤੇ 2017 ਵਿੱਚ ਡਾ. ਸਹੋਤਾ ਐਵਾਰਡ ਆਫ ਐਕਸੀਲੈਂਸ ਲਈ ਨਾਮਜ਼ਦ ਹੋਏ। 40 ਸਾਲ ਤੱਕ ਕਿਸਾਨਾਂ ਨਾਲ ਕੰਮ ਕਰਨ ਵਾਲੇ ਡਾ. ਸਹੋਤਾ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਨਮਾਨੇ ਗਏ ਹਨ। 2007 ਵਿੱਚ ਉਹਨਾਂ ਨੂੰ ਓਨਟਾਰੀਓ ਰਾਜ ਵਿੱਚ ਫਸਲ ਪ੍ਰਮਾਣੀਕਰਨ ਕਮੇਟੀ ਦਾ ਹਿੱਸਾ ਬਣਾਇਆ ਗਿਆ। ਉਹਨਾਂ ਨੇ 260 ਤੋਂ ਵਧੇਰੇ ਪਸਾਰ ਲੇਖ ਅਤੇ 90 ਖੋਜ ਪੱਤਰਾਂ ਸਮੇਤ 635 ਤੋਂ ਵੱਧ ਪ੍ਰਕਾਸ਼ਨਾਵਾਂ ਫਸਲ ਵਿਗਿਆਨ ਦੇ ਖੇਤਰ ਵਿੱਚ ਛਪਵਾਈਆਂ। ਉਦਯੋਗਾਂ ਅਤੇ ਯੂਨੀਵਰਸਿਟੀਆਂ ਵੱਲੋਂ ਕੈਨੇਡਾ ਵਿੱਚ ਉਹਨਾਂ ਨੂੰ ਕਿਸਾਨਾਂ ਦੇ ਮੁੱਦਿਆਂ ਤੇ ਵਿਚਾਰ ਲਈ ਬੁਲਾਇਆ ਜਾਂਦਾ ਹੈ।

ਪੀ.ਏ.ਯੂ.ਦੇ ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ ਆਈ ਏ ਐੱਸ ਮੁੱਖ ਵਧੀਕ ਸਕੱਤਰ ਵਿਕਾਸ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕਾਰਜਕਾਰੀ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਅਤੇ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਡਾ. ਤਰਲੋਕ ਸਿੰਘ ਸਹੋਤਾ ਨੂੰ ਵਧਾਈ ਦਿੱਤੀ।

Share this Article
Leave a comment