ਕੁਸ਼ਤੀ ਦੇ ਅਖਾੜੇ ਚੋਂ ਸਿਆਸਤ ਦੇ ਵਿਹੜੇ ‘ਚ, ‘The Great Khali’ ਦੇਵੇਗਾ ਵਿਰੋਧੀਆਂ ਨੂੰ ‘ਧੋਬੀ ਪਟਕਾ’!

TeamGlobalPunjab
5 Min Read
ਬਿੰਦੁੂ ਸਿੰਘ

ਦਲੀਪ ਸਿੰਘ ਰਾਣਾ  ਤਾਂ ਕੋਈ ਆਮ ਜਿਹਾ ਨਾਂਅ ਲੱਗਦਾ ਹੈ ਪਰ ਜੇਕਰ ‘ਖਲੀ’ ਦੀ ਗੱਲ ਕੀਤੀ ਜਾਵੇ ਤਾਂ ਬਹੁਤੇ ਲੋਕ ਪਛਾਣ ਜਾਣਗੇ ਕਿ ਇਹ ਉਹੀ 7 ਫੁੱਟ 1 ਇੰਚ ਲੰਮਾ  ਭਲਵਾਨ ਹੈ ਜਿਹੜਾ  WWE ਕੁਸ਼ਤੀ ਦੇ ਅਖਾੜਿਆਂ ‘ਚ    ਅੰਡਰਟੇਕਰ, ਕੇਨ , ਜੌਨ ਸੀਨਾ  ਤੇ ਸੋੌਨ ਮਾਈਕਲਸ ਦੇ ਨਾਲ  ਭਿਡ਼ਦੇ ਤੇ ਕੁਸ਼ਤੀ ਦੇ ਦੰਗਲ ਕਰਦੇ  ਨਜ਼ਰ ਆਉਂਦਾ ਸੀ। ਪਰ ਹੁਣ ਦਲੀਪ ਸਿੰਘ ਰਾਣਾ ‘The Great Khali’  ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਹੈ।

 

ਕਿਸਾਨਾਂ ਵੱਲੋਂ  ਕੇਂਦਰ ਸਰਕਾਰ  ਦੇ ਲਿਆਂਦੇ ਤਿੰਨ ਕਾਨੂੰਨਾਂ  ਦੇ ਵਿਰੋਧ ਵਿੱਚ ਇੱਕ ਵਰ੍ਹੇ ਤੱਕ ਕੀਤੇ ਗਏ  ਸੰਘਰਸ਼  ਦੇ ਦਿਨਾਂ ਚ ‘ਖਲੀ’ ਕਿਸਾਨਾਂ ਦੀ ਹਮਾਇਤ ਲਈ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚੇ ਸਨ ਤੇ ਇੱਥੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਲਈ ਅੱਗੇ ਆਉਣ ।
ਇਹ ਗੱਲ ਠੀਕ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ  ਕੇਂਦਰ ਸਰਕਾਰ ਨੇ  ਤਿੰਨੋਂ ਖੇਤੀ ਕਾਨੂੰਨ  ਰੱਦ ਕਰ ਦਿੱਤੇ ਹਨ।ਅੱਜ ਭਾਰਤੀ ਜਨਤਾ ਪਾਰਟੀ  ਚ ਸ਼ਾਮਲ ਹੋਣ ਮਗਰੋਂ ਖਲੀ ਨੇ  ਪ੍ਰਧਾਨਮੰਤਰੀ ਮੋਦੀ ਦੀ ਰੱਜ ਕੇ ਸ਼ਲਾਘਾ ਕੀਤੀ ਤੇ ਆਪਣੇ ਬਾਰੇ  ਕਿਹਾ ਕਿ  ਉਨ੍ਹਾਂ ਨੇ ਬਥੇਰਾ ਪੈਸਾ ਤੇ ਪ੍ਰਸਿੱਧੀ  ਕਮਾਈ ਹੈ  ਤੇ ਉਹ ਯੂਐਸਏ ‘ਚ ਵੀ ਰਹਿ ਕੇ ਆਏ   ਹਨ। ਪਰ ਆਪਣੇ ਦੇਸ਼ ਨਾਲ ਪਿਆਰ ਦੀ ਖ਼ਾਤਰ ਪ੍ਰਧਾਨਮੰਤਰੀ ਦੀ ਸੋਚ ਤੇ ਕੰਮਾਂ ਤੋਂ ਪ੍ਰਭਾਵਿਤ ਹੋ  ਅੱਜ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ।
ਸਿਆਸੀ ਪਾਰਟੀਆਂ ਵਿੱਚ  ਅਦਾਕਰਾਂ  ਤੇ ਖਿਲਾੜੀਆਂ ਦੀ ਐਂਟਰੀ ਕੋਈ ਪਹਿਲੀ ਵਾਰ ਨਹੀਂ ਹੋ ਰਹੀ ।ਇਸ ਤੋਂ ਪਹਿਲਾਂ  ਰਾਜ ਬੱਬਰ, ਹੇਮਾ ਮਾਲਿਨੀ, ਰੇਖਾ , ਸਨੀ ਦਿਓਲ , ਜਯਾ ਬੱਚਨ  ਤੇ ਕਈ ਹੋਰ ਪ੍ਰਸਿੱਧ ਸੈਲੀਬਰਿਟੀ ਨਾਂਅ ਸਿਆਸਤ ਚ ਉਤਰੇ ਗਿਣੇ ਜਾ ਸਕਦੇ ਹਨ। ਇਸ ਵਾਰ ਦੀਆਂ ਚੋਣਾਂ ‘ਚ ਵੀ ਪੰਜਾਬ ਦੇ ਸਿਆਸੀ  ਮੈਦਾਨ ‘ਚ ਯੂਟਿਊਬ  ਤੇ  ‘ਮਿਲੀਅਨ ਵਿਊਜ਼’ ਲੈਣ ਵਾਲਾ  ਸ਼ੁਭਦੀਪ ਸਿੰਘ ‘ਸਿੱਧੂ ਮੂਸੇਵਾਲਾ’, ਗਗਨ ਮਾਨ , ਮਾਹੀ ਗਿੱਲ  ਤੇ ਇਸ ਤੋਂ ਪਹਿਲਾਂ  ਲੋਕ ਗਵੱਈਆ  ਮੁਹੰਮਦ ਸਦੀਕ , ਇਨ੍ਹਾਂ ਸਾਰਿਆਂ ਦੇ ਨਾਂਅ ਜ਼ਿਹਨ ‘ਚ ਆਉਂਦੇ ਹਨ।
ਖੇਡ ਜਗਤ ਤੋਂ ਪੰਜਾਬ ਦੇ ਸਿਆਸੀ ਵਿਹੜੇ ਚ  ਮੌਜੂਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ  ਤੇ ਸਿੱਖਿਆ ਮੰਤਰੀ ਸਾਬਕਾ ਹਾਕੀ ਕੈਪਟਨ ਪਰਗਟ ਸਿੰਘ ਦਾ ਨਾਂਅ ਅੱਖਾਂ ਸਾਹਮਣੇ ਆਉਂਦਾ ਹੈ। ਪਰ ਸ਼ਾਇਦ ਪਹਿਲੀ ਵਾਰ ਹੋਇਆ ਹੈ  ਕਿ ਭਾਰਤ ‘ਚ ਕਿਸੇ ਕੁਸ਼ਤੀ ਕਰਨ ਵਾਲੇ  ਭਲਵਾਨ ਨੇ  ਸਿਭਾਰਤ ਵਿੱਚ  ਕਦਮ ਰੱਖਿਆ ਹੋਵੇ।
ਜੇਕਰ ਵਿਸ਼ਵ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਸਰਹੱਦੀ ਦੇਸ਼  ਪਾਕਿਸਤਾਨ ਦੇ ਪ੍ਰਧਾਨਮੰਤਰੀ  ਇਮਰਾਨ ਖ਼ਾਨ ਆਪਣੇ ਸਮੇਂ ‘ਚ  ਕ੍ਰਿਕਟ ਟੀਮ ਦੇ  ਕਪਤਾਨ ਰਹੇ ਤੇ ਚੰਗੇ ਬੈਟਸਮੈਨ ਤੇ ‘ਮੀਡੀਅਮ ਪੇਸਰ’ ਗੇਂਦਬਾਜ਼ ਦੇ  ਤੌਰ ਤੇ ਜਾਣੇ ਜਾਂਦੇ ਸਨ। ਇਸੇ ਤਰ੍ਹਾਂ ਅਮਰੀਕਾ ਦੇਸ਼ ਦੀ ਸਿਆਸਤ ਚ  ‘WWE’ ਤਿੰਨ ਵਾਰ ਵਰਲਡ ਚੈਂਪੀਅਨ ਰਹਿ ਚੁੱਕੇ ‘ਕੇਨ’ ਜਿਨ੍ਹਾਂ ਦਾ ਅਸਲੀ ਨਾਂਅ ‘ਗਲੇਨ ਜੈਕਬਜ਼’ ਹੇੈ, ਨੇ ਮੇਅਰ ਦੇ ਅਹੁਦੇ ਲਈ ਚੋਣਾਂ ਲੜੀਆਂ  ਤੇ ਸਫਲ ਹੋਏ । ਜੈਸੀ  ‘The body Ventura’ , ਜੈਰੀ  ‘The King Lawler’, Brain Blair ਵਰਗੇ ਕਈ ਨਾਮ ਗਿਣੇ ਜਾ ਸਕਦੇ ਹਨ।
‘ਸਿਆਸਤ’  ਤੇ ‘ਸਪੋਰਟਸ’ ਦੋਨੋਂ ਬਿਲਕੁਲ ਹੀ ਵੱਖ ਚੀਜ਼ਾਂ ਹਨ । ਕੁਸ਼ਤੀ ਦੇ ਅਖਾੜੇ ਚ ਪਿੱਠ ਲੁਆਉਣ ਵਾਲਾ ਭਲਵਾਨ ਜ਼ਰੂਰੀ ਨਹੀਂ ਸਿਆਸਤ ਵਿੱਚ ਆ ਕੇ ਵੀ ਵਿਰੋਧੀਆਂ ਨੁੂੰ ਧੋਬੀ ਪਟਕਾ  ਦੇਣ ‘ਚ ਕਾਮਯਾਬ ਹੋ ਸਕੇ।
ਪਰ ਏਨੀ ਗੱਲ ਤਾਂ ਸਮਝ ਆਉਂਦੀ ਹੈ ਕਿ ਰੈਲੀਆਂ ਜਾਂ ਸਮਾਗਮਾਂ  ਨੂੰ ਭਰਵਾਂ ਰੱਖਣ ਵਾਸਤੇ  ਅਤੇ ਆਈ ਸੰਗਤ ਨੂੰ ਪੰਡਾਲ ਚ  ਟਿਕਾਈ ਰੱਖਣ ਵਾਸਤੇ ਕਲਾਕਾਰ ਤੇ  ਸੈਲੀਬ੍ਰਿਟੀਆਂ ਦੀ ਚੋਣਾਂ ਦੇ ਦਿਨਾਂ ‘ਚ  ਸਿਆਸੀ ਸਟੇਜਾਂ  ਤੇ ਹਾਜ਼ਰੀ ਜ਼ਰੂਰ ਲੱਗਦੀ ਰਹੀ ਹੈ। ਪਰ ਇਹ ਗੱਲ ਸਮਝ ਨਹੀਂ ਆਈ  ਕਿ ਸਿਆਸੀ ਪਾਰਟੀਆਂ  ਨੂੰ ਇਸ ਵਾਰ  ਕਲਾਕਾਰਾਂ  ਤੇ ਫਿਰ  ਹੁਣ ਭਲਵਾਨ ‘ਖਲੀ’  ਨੂੰ ਸ਼ਾਮਲ  ਕਰ ਕੇ ਕਿੰਨਾ ਕੁ ਫ਼ਾਇਦਾ ਦਿਸ ਰਿਹਾ ਹੈ।
ਪੰਜਾਬ ‘ਚ  ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ  ਇੱਕ ਬਿਹਤਰੀਨ ਕਾਮੇਡੀਅਨ  ਰਹੇ ਹਨ ਤੇ ਇਸ ਤੇ ਤੰਜ ਕੱਸਦਿਆਂ ਮੌਜੂਦਾ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ  ਨੇ ਕਹਿ ਹੀ ਦਿੱਤਾ ਸੀ  ਕਿ ਸਟੇਜ ਚਲਾਉਣ  ਤੇ ਸਰਕਾਰ ਚਲਾਉਣ ‘ਚ ਬਹੁਤ  ਫ਼ਰਕ ਹੁੰਦੈ।
ਜੇਕਰ ਰਵਾਇਤੀ ਸਿਆਸੀ ਆਗੂਆਂ  ਦੀ ਗੱਲ ਕੀਤੀ ਜਾਵੇ  ਤਾਂ ਬਹੁਤੇ  ਕਲਾਕਾਰਾਂ  ਜਾਂ ਸੈਲੀਬ੍ਰਿਟੀਆਂ ਨੁੂੰ ਮੰਤਰੀ , ਮੁੱਖ ਮੰਤਰੀ  ਵਰਗੇ ਅਹੁਦਿਆਂ ਲਈ ਉਹ ਕੋਈ ਜ਼ਿਆਦਾ ਤਰਜੀਹ ਨਹੀਂ ਦਿੰਦੇ ਨਜ਼ਰ ਆਏ। ਹਾਂ , ਮੌਜੂਦਾ ਪੰਜਾਬ ਸਰਕਾਰ ‘ਚ ਸਾਬਕਾ ਹਾਕੀ ਕਪਤਾਨ ਪਰਗਟ ਸਿੰਘ ਸਿੱਖਿਆ ਮੰਤਰੀ ਦੇ ਅਹੁਦੇ ਤੇ ਜ਼ਰੂਰ ਨਜ਼ਰ ਆਏ । ਜੇਕਰ  ਭਾਰਤੀ ਜਨਤਾ ਪਾਰਟੀ ਦੀ ਗੱਲ ਕੀਤੀ ਜਾਵੇ  ਤਾਂ   ‘The Great ਖਲੀ’ ਦੇ ਪਾਰਟੀ ‘ਚ ਹੋਈ ਸ਼ਮੂਲੀਅਤ  ਤੇ ਇਕ ਭਾਜਪਾ ਆਗੂ ਨੇ ਕਿਹਾ  ਕਿ ਸਾਡੀ ਪਾਰਟੀ  ਵੱਡੀ ਸੋਚ  ਲੈ ਕੇ ਚੱਲ ਰਹੀ ਹੈ  ਤੇ ਇਸੇ ਦੇ ਚੱਲਦੇ  ਪਾਰਟੀ ਦਾ ਵਿਸਤਾਰ  ਕਰਨ ਦੀ ਮਨਸ਼ਾ ਨਾਲ ਅਜਿਹੇ ਫ਼ੈਸਲੇ  ਲਏ ਜਾ ਰਹੇ ਹਨ। ਹੁਣ ਕੋਈ ਹੈਰਾਨੀ ਨਹੀਂ ਹੋਵੇਗੀ  ਜੇ ਅਗਲੇ ਦਿਨਾਂ ‘ਚ  ਖਲੀ  ਪੰਜਾਬ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਲਈ  ਪ੍ਰਚਾਰ ਕਰਦੇ ਨਜ਼ਰ ਆਉਣ।

Share this Article
Leave a comment