Home / ਓਪੀਨੀਅਨ / ਕਿਸਾਨ ਅੰਦੋਲਨ : ਸਰਕਾਰ ਹੱਠ ਛੱਡੇ ; ਹੱਲ ਲੱਭੇ

ਕਿਸਾਨ ਅੰਦੋਲਨ : ਸਰਕਾਰ ਹੱਠ ਛੱਡੇ ; ਹੱਲ ਲੱਭੇ

-ਅਵਤਾਰ ਸਿੰਘ;

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ਵਿਆਪੀ ਅੰਦੋਲਨ ਛਿੜਿਆ ਹੋਇਆ ਹੈ। ਕਿਸਾਨ ਆਗੂਆਂ ਵਲੋਂ ਵੱਖ ਵੱਖ ਰਾਜਾਂ ਵਿੱਚ ਕਿਸਾਨ ਮਹਾ ਪੰਚਾਇਤਾਂ ਹੋ ਰਹੀਆਂ ਹਨ। ਕੇਂਦਰ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਪਾਰਟੀ ਦੇ ਆਗੂਆਂ ਨੂੰ ਘਰੋਂ ਨਿਕਲਣਾ ਦੁੱਭਰ ਹੋਇਆ ਪਿਆ ਹੈ।

ਅੱਜ ਤੋਂ 366 ਦਿਨ ਪਹਿਲਾਂ ਇਕ ਸਾਲ ਇਕ ਦਿਨ (17 ਸਤੰਬਰ 2020) ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਦੇਸ਼ ਦੇ ਹੁਕਮਰਾਨਾਂ ਨੇ ਵਿਰੋਧ ਦੇ ਬਾਵਜੂਦ ਤਿੰਨ ਖੇਤੀ ਬਿੱਲ ਪਾਸ ਕਰ ਦਿੱਤੇ ਸਨ। ਇਸੇ ਤਰ੍ਹਾਂ ਰਾਜ ਸਭਾ ਨੇ ਬਿੱਲ 20 ਸਤੰਬਰ 2020 ਨੂੰ ਪਾਸ ਕਰ ਦਿੱਤੇ। ਇਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਇਨ੍ਹਾਂ ਨੂੰ 27 ਸਤੰਬਰ 2020 ਨੂੰ ਪ੍ਰਵਾਨਗੀ ਮਿਲਣ ਮਗਰੋਂ ਬਿੱਲਾਂ ਨੇ ਕਾਨੂੰਨ ਬਣ ਕੇ 5 ਜੂਨ 2020 ਨੂੰ ਆਰਡੀਨੈਂਸ ਜਾਰੀ ਕਰ ਦਿੱਤਾ।

ਆਰਡੀਨੈਂਸ ਜਾਰੀ ਹੋਣ ਮਗਰੋਂ ਪੰਜਾਬ ਦੇ ਕਿਸਾਨਾਂ ਨੇ ਇਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਕਾਨੂੰਨ ਬਣਨ ਤੋਂ ਬਾਅਦ ਕਿਸਾਨ ਅੰਦੋਲਨ ਹੋਰ ਭਖ ਗਿਆ। ਲੋਕਾਂ ਨੂੰ ਉਮੀਦ ਸੀ ਕਿ ਆਰਡੀਨੈਂਸਾਂ ਦੇ ਵਿਰੋਧ ਕਾਰਨ ਸਰਕਾਰ ਇਨ੍ਹਾਂ ਬਿੱਲਾਂ ’ਤੇ ਵਿਚਾਰ ਕਰਨ ਲਈ ਇਨ੍ਹਾਂ ਨੂੰ ਸੰਸਦ ਦੀ ਸਾਂਝੀ ਸਿਲੈਕਟ ਕਮੇਟੀ ਕੋਲ ਭੇਜੇਗੀ। ਕਿਸੇ ਵੀ ਨਵੇਂ ਕਾਨੂੰਨ ਦਾ ਵਿਰੋਧ ਹੁੰਦਾ ਤਾਂ ਲੋਕਾਂ ਨੂੰ ਆਸ ਹੁੰਦੀ ਕਿ ਸਰਕਾਰ ’ਤੇ ਵੱਡੀ ਪੱਧਰ ‘ਤੇ ਵਿਚਾਰ ਵਟਾਂਦਰਾ ਕਰੇਗੀ ਪਰ ਸਰਕਾਰ ਨੇ ਇਹ ਬਿੱਲ ਪਾਸ ਕਰਨ ਵਿਚ ਬਹੁਤ ਕਾਹਲੀ ਕੀਤੀ। ਇਸ ਪਿੱਛੇ ਸਾਫ ਨਜ਼ਰ ਆਉਂਦਾ ਕਿ ਕਾਰਪੋਰੇਟ ਦਾ ਦਬਾਅ।

ਪੰਜਾਬ ਤੋਂ ਮੁੱਢ ਬੱਝੇ ਅੰਦੋਲਨ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਗਾਇਆ। ਕਿਸਾਨ ਸੰਘਰਸ਼ ਦਾ ਪੰਜਾਬ ਤੋਂ ਸ਼ੁਰੂ ਹੋਣਾ ਇਸ ਲਈ ਇਤਿਹਾਸਕ ਸੀ ਕਿਉਂਕਿ ਦਹਾਕਿਆਂ ਤੋਂ ਇਹ ਸੂਬਾ ਬੇਰੁਜ਼ਗਾਰੀ, ਨਸ਼ਿਆਂ, ਨੌਜਵਾਨਾਂ ਦਾ ਪਰਵਾਸ, ਕਿਸਾਨਾਂ ਤੇ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਵਰਗੀਆਂ ਮੁਸ਼ਕਲਾਂ ਨਾਲ ਜੂਝ ਰਿਹਾ। ਪੰਜਾਬ ਦੇ ਲੋਕ ਰਾਜਨੀਤਕ ਪਾਰਟੀਆਂ, ਸਰਕਾਰਾਂ ਤੋਂ ਉਦਾਸ ਸਨ। ਕਿਸਾਨ ਅੰਦੋਲਨ ਵਿਚ ਔਰਤਾਂ ਦੇ ਸ਼ਾਮਿਲ ਹੋਣ ਨਾਲ ਸੰਘਰਸ਼ ਨੂੰ ਨਵੀਂ ਨੁਹਾਰ ਵਿੱਚ ਬਦਲਿਆ। ਪੰਜਾਬ ਮਗਰੋਂ ਕਿਸਾਨ ਅੰਦੋਲਨ ਨੇ ਗੁਆਂਢੀ ਸੂਬੇ ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਮਹਾਰਾਸ਼ਟਰ, ਤਾਮਿਲਨਾਡੂ ਅਤੇ ਕਈ ਹੋਰ ਰਾਜਾਂ ਦੇ ਕਿਸਾਨਾਂ ਨੂੰ ਵੀ ਵੱਡੀ ਪੱਧਰ ’ਤੇ ਜਾਗ੍ਰਿਤ ਕੀਤਾ ਹੈ। ਕਿਸਾਨ ਅੰਦੋਲਨ ਨੇ ਕੇਂਦਰ ਸਰਕਾਰ ਅਤੇ ਰਾਜਨੀਤਿਕਾਂ ਦੇ ਵੱਡੇ ਹਿੱਸੇ ਦੇ ਕਾਰਪੋਰੇਟ ਪੱਖੀ ਹੋਣ ਬਾਰੇ ਸਵਾਲ ਤਾਂ ਖੜ੍ਹੇ ਕੀਤੇ ਹਨ। ਪਰ ਉਨ੍ਹਾਂ ਉਪਰ ਕੋਈ ਬਹੁਤ ਅਸਰ ਹੋਇਆ ਨਜ਼ਰ ਨਹੀਂ ਆ ਰਿਹਾ। ਕਿਸਾਨ ਅੰਦੋਲਨ ਵਿਚ ਆਪਣੇ ਪ੍ਰਾਣ ਤਿਆਗ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਿਕ ਸ਼ੁਕਰਵਾਰ ਨੂੰ ਭਾਰਤੀ (ਭਾਜਪਾ) ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ਦੇ ਬਾਹਰ ਧਰਨੇ ਉਪਰ ਬੈਠੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅੰਗਰੇਜ ਸਿੰਘ ਕਾਮਲਪੁਰਾ (45) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਥੇਬੰਦੀ ਦੇ ਆਗੂ ਜਤਿੰਦਰ ਸਿੰਘ ਛੀਨਾ ਕਿਸਾਨ ਆਗੂ ਰਾਤ ਸਮੇਂ ਧਰਨੇ ’ਤੇ ਹਾਜ਼ਰ ਸੀ। ਰਾਤ ਨੂੰ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਤੜਕੇ ਉਸ ਦੀ ਮੌਤ ਹੋ ਚੁੱਕੀ ਸੀ। ਸਵੇਰੇ ਇਹ ਖ਼ਬਰ ਮਿਲਣ ਮਗਰੋਂ ਸੈਂਕੜੇ ਕਿਸਾਨ ਧਰਨੇ ਵਾਲੀ ਥਾਂ ’ਤੇ ਇਕੱਠੇ ਹੋ ਗਏ। ਮਰਹੂਮ ਅੰਗਰੇਜ਼ ਸਿੰਘ ਜਥੇਬੰਦੀ ਦਾ ਸਿਰਕੱਢ ਆਗੂ ਸੀ। ਉਸ ਦੇ ਪਰਿਵਾਰ ’ਚ ਪਤਨੀ ਰਾਜਬੀਰ ਕੌਰ, ਬੇਟਾ ਆਗਿਆਪਾਲ ਸਿੰਘ, ਬੇਟੀ ਪਵਨਦੀਪ ਕੌਰ ਅਤੇ ਬਜ਼ੁਰਗ ਮਾਤਾ ਅਮਰਜੀਤ ਕੌਰ ਹਨ। ਉਹ 20 ਸਾਲ ਤੋਂ ਕਿਰਤੀ ਕਿਸਾਨ ਯੂਨੀਅਨ ਨਾਲ ਜੁੜਿਆ ਹੋਇਆ ਸੀ। ਉਸ ਦਾ ਬੇਟਾ ਵਿਦੇਸ਼ ਵਿੱਚ ਪੜ੍ਹਦਾ ਹੈ। ਕਈ ਵਾਰ ਦਿੱਲੀ ਮੋਰਚੇ ਵਿੱਚ ਜਾ ਚੁੱਕਾ ਸੀ। ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਐਲਾਨੀ ਗਈ ਮਦਦ ਕਿਸਾਨ ਦੇ ਪਰਿਵਾਰ ਨੂੰ ਦਿੱਤੀ ਜਾਵੇ। ਪਿੰਡ ਕਾਮਲਪੁਰਾ ਵਿਚ ਕਿਸਾਨਾਂ, ਮਜ਼ਦੂਰਾਂ ਮੌਜੂਦਗੀ ਵਿੱਚ ਰੋਹ ਭਰੇ ਨਾਅਰਿਆਂ ਵਿੱਚ ਉਸ ਦਾ ਸਸਕਾਰ ਕੀਤਾ ਗਿਆ। ਭਾਜਪਾ ਆਗੂ ਦੇ ਦਰ ਅੱਗੇ ਫੌਤ ਹੋਏ ਕਿਸਾਨ ਲੀਡਰ ਨਾਲ ਕਿਸਾਨਾਂ ਵਿਚ ਰੋਹ ਪ੍ਰਚੰਡ ਹੋ ਗਿਆ ਹੈ। ਇਸੇ ਤਰ੍ਹਾਂ ਵੱਖ ਵੱਖ ਕਿਸਾਨ ਮੋਰਚਿਆਂ ਵਿੱਚ ਬਹੁਤ ਸਾਰੇ ਕਿਸਾਨ ਆਪਣੀਆਂ ਸ਼ਹੀਦੀਆਂ ਦੇ ਚੁੱਕੇ ਹਨ। ਸਰਕਾਰ ਨੂੰ ਪ੍ਰੀਖਿਆ ਨਹੀਂ ਲੈਣੀ ਚਾਹੀਦੀ। ਆਖ਼ਰ ਸਰਕਾਰ ਲੋਕਾਂ ਤੋਂ ਹੀ ਬਣਦੀ ਹੈ। ਸਰਕਾਰ ਹੱਠ ਛੱਡੇ ਹੱਲ ਲੱਭੇ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.