ਆਹ ਕੀ ! ਚੌਕੀਦਾਰ ਹੀ ਨਿਕਲਿਆ ਚੋਰ, ਲਾਕਰ ‘ਚੋਂ ਉਡਾਏ 11 ਲੱਖ ਦੇ ਗਹਿਣੇ

TeamGlobalPunjab
2 Min Read

ਚੰਡੀਗੜ੍ਹ : ਮਾਮਲਾ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਬੈਂਕ ਦਾ ਹੈ ਜਿਥੇ ਚੌਕੀਦਾਰ ਨੇ ਹੀ ਬੈਂਕ ਦੇ ਲਾਕਰ ‘ਚ ਰੱਖੇ ਇਕ ਗਾਹਕ ਦੇ 11 ਲੱਖ ਰੁਪਏ ਦੀ ਗਹਿਣੇ ਚੋਰੀ ਕਰ ਲਏ। ਇਸ ਮਾਮਲੇ ਦਾ ਖ਼ੁਲਾਸਾ ਸੀਸੀਟੀਵੀ ਫ਼ੁਟੇਜ ਨਾਲ ਹੋਇਆ। ਮਾਮਲਾ 7 ਮਾਰਚ 2019 ਦਾ ਹੈ। ਜਦੋਂ ਪੰਚਕੂਲਾ ਦੇ ਸੈਕਟਰ-6 ‘ਚ ਰਹਿਣ ਵਾਲੀ ਦੇਵਿਕਾ ਮਹਾਜਨ ਚੰਡੀਗੜ੍ਹ ਦੇ ਮਨੀਮਾਜਰਾ ਸਥਿਤ ਬੈਂਕ ਆਫ਼ ਕਾਮਰਸ ਦੇ ਲਾਕਰ ‘ਚ ਗਹਿਣੇ ਰੱਖਣ ਗਈ ਪਰ ਉਹ ਗਲਤੀ ਨਾਲ ਗਹਿਣੇ ਲਾਕਰ ‘ਚ ਰੱਖਣਾ ਭੁੱਲ ਗਈ। 13 ਮਾਰਚ ਨੂੰ ਜਦੋਂ ਉਹ ਦੁਬਾਰਾ ਬੈਂਕ ਗਈ ਅਤੇ ਆਪਣਾ ਲਾਕਰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਈ ਕਿ ਗਹਿਣੇ ਲਾਕਰ ‘ਚ ਨਹੀਂ ਸਨ।

ਇਨ੍ਹਾਂ ਗਹਿਣਿਆਂ ‘ਚ 25 ਤੋਲੇ ਸੋਨਾ ਅਤੇ ਇਕ ਹੀਰੇ ਦਾ ਕੜਾ ਵੀ ਸ਼ਾਮਲ ਸੀ, ਜਿਸ ਦੀ ਕੁਲ ਕੀਮਤ ਲਗਭਗ 11 ਲੱਖ ਰੁਪਏ ਹੈ। ਜਦੋਂ ਗਹਿਣਿਆਂ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਨੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ ਤਾਂ ਔਰਤ ਨੇ ਮਨੀਮਾਜਰਾ ਪੁਲਿਸ ਥਾਣੇ ‘ਚ ਚੋਰੀ ਦਾ ਮਾਮਲਾ ਦਰਜ ਕਰਵਾ ਦਿੱਤਾ। ਪੁਲਿਸ ਨੇ ਜਾਂਚ ਸ਼ੁਰੂ ਕੀਤੀ। ਜਿਹੜੇ ਦਿਨ ਔਰਤ ਲਾਕਰ ‘ਚ ਆਪਣੇ ਗਹਿਣੇ ਰੱਖਣ ਗਈ ਸੀ ਉਸ ਦਿਨ ਦੀ ਸੀਸੀਟੀਵੀ ਫੁਟੇਜ ਵੇਖੀ ਗਈ। ਲਾਕਰ ਵਾਲੇ ਸਟਰਾਂਗ ਰੂਮ ‘ਚ ਕਈ ਲੋਕ ਆਏ ਸਨ, ਜਿਨ੍ਹਾਂ ‘ਚ ਬੈਂਕ ਦਾ ਸੁਰੱਖਿਆ ਮੁਲਾਜ਼ਮ ਅਸ਼ੋਕ ਕੁਮਾਰ ਵੀ ਸ਼ਾਮਲ ਸੀ।

ਪੁਲਿਸ ਨੇ ਅਸ਼ੋਕ ਕੁਮਾਰ ਤੋਂ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਅਸ਼ੋਕ ਨੇ ਦੱਸਿਆ ਕਿ ਉਸ ਨੇ ਗਹਿਣੇ ਬੈਂਕ ‘ਚੋਂ ਚੋਰੀ ਕਰ ਕੇ ਆਪਣੇ ਘਰ ‘ਚ ਵਾਸ਼ਿੰਗ ਮਸ਼ੀਨ ਅੰਦਰ ਲੁਕੋ ਦਿੱਤੇ ਸਨ। ਪੁਲਿਸ ਮੁਤਾਬਕ ਅਸ਼ੋਕ ਗਹਿਣੇ ਵੇਚਣ ਲਈ ਕਿਸੇ ਗਾਹਕ ਦੀ ਤਲਾਸ਼ ‘ਚ ਸੀ। ਪੁਲਿਸ ਨੇ ਚੌਕੀਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Share this Article
Leave a comment