ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਸੁਖਬੀਰ ਬਾਦਲ ਵਿਰੁੱਧ ਮਾਮਲਾ ਦਰਜ

TeamGlobalPunjab
2 Min Read

ਮੁਕਤਸਰ  :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਕੋਵਿਡ-19 ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਮਾਮਲਾ ਦਰਜਾ ਕੀਤਾ ਗਿਆ। ਥਾਣਾ ਲੰਬੀ ਦੇ ਮੁਖੀ ਚੰਦਰ ਸ਼ੇਖਰ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਸੁਖਬੀਰ ਬਾਦਲ ਅਤੇ ਅਰਸ਼ਦੀਪ ਸਿੰਘ ਰੌਬਿਨ ਬਰਾੜ ਸਮੇਤ ਚਾਰ ਲੋਕਾਂ ਵਿਰੁੱੱਧ ਨਾਜ਼ਮਦ ਅਤੇ 100-150 ਅਣਜਾਣ ਲੋਕਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਸੂਤਰਾਂ ਅਨੁਸਾਰ ਅਕਾਲੀ ਪਾਰਟੀ ਦੇ ਇੱਕ ਇਕੱਠ ਦੌਰਾਨ ਕੋਵਿਡ-19 ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਪਾਰਟੀ ਦੇ ਸਟੂਡੈਂਟ ਵਿੰਗ-ਸਟੂਡੈਂਟ ਓਰਗਨਾਈਜੇਸ਼ਨ ਆਫ ਇੰਡੀਆ (ਐੱਸ.ਓ.ਆਈ.) ਦੇ ਕੁਝ ਵਰਕਰਾਂ ਨੇ ਮੁਕਤਸਰ ‘ਚ ਬਾਦਲ ਦੀ ਰਿਹਾਇਸ਼ ‘ਤੇ ਬੁੱਧਵਾਰ ਨੂੰ ਇਕ ਮੀਟਿੰਗ ਕੀਤੀ ਸੀ।

 

- Advertisement -

ਦਰਅਸਲ ਐੱਸ.ਓ.ਆਈ.ਦੇ ਨਵੇਂ ਨਿਯੁਕਤ ਕੀਤੇ ਗਏ ਪ੍ਰਧਾਨ ਅਰਸ਼ਦੀਪ ਸਿੰਘ ਰੌਬਨ ਬਰਾੜ ਸੰਗਠਨ ਦੇ ਕੁਝ ਹੋਰ ਵਰਕਰਾਂ ਨਾਲ ਬਾਦਲ ਨਾਲ ਮੁਲਾਕਾਤ ਕਰਨ ਗਏ ਸੀ। ਇਸ ਦੌਰਾਨ ਨੌਜਵਾਨ ਆਗੂਆਂ ਦਾ ਸ਼ਕਤੀ ਪ੍ਰਦਰਸ਼ਨ ਪਾਰਟੀ ਪ੍ਰਧਾਨ ਸਮੇਤ ਹੋਰਨਾਂ ਲਈ ਮਹਿੰਗਾ ਪੈ ਗਿਆ । ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ 100 ਤੋਂ ਵਧੇਰੇ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਵੀ ਕੀਤਾ।

ਪੁਲਿਸ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖ਼ਿਲਾਫ ਮੁਕੱਦਮਾ ਨੰਬਰ 109 ਹੇਠ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਅਰਸ਼ਦੀਪ ਸਿੰਘ ਉਰਫ ਰੌਬਿਨ ਬਰਾੜ, ਹਰਪ੍ਰੀਤ ਸਿੰਘ ਅਤੇ ਭੀਮ ਵੜੈਚ ਨੂੰ ਵੀ ਐਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ।

ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸੇ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਪੰਜਾਬ ਵਿੱਚ ਰਾਤ ਵੇਲੇ ਦਾ ਕਰਫਿਊ ਸ਼ਾਮ 6 ਵਜੇ ਤੋਂ ਲਾਗੂ ਕੀਤਾ ਹੈ ਅਤੇ ਵੀਕਐਂਡ ਲਾਕਡਾਊਨ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲਾਉਣ ਦੇ ਆਦੇਸ਼ ਦਿੱਤੇ ਹਨ।  ਦੱਸਣਯੋਗ ਹੈ ਕਿ ਪਿਛਲੇ ਦਿਨੀਂ ਬਠਿੰਡਾ ਸ਼ਹਿਰ ਦੇ ਮੇਅਰ ਬਣਨ ਦੀ ਖ਼ੁਸ਼ੀ ਮਨਾ ਰਹੇ ਕਾਂਗਰਸੀ ਲੀਡਰਾਂ ਵਿਰੁੱਧ ਵੀ ਪੁਲਿਸ ਨੇ ਕੇਸ ਦਰਜ ਕੀਤਾ ਸੀ।

Share this Article
Leave a comment