ਆਪ’ ਦੇ ਹੱਕ ਬਦੀ ਉੱਤੇ ਨੇਕੀ ਦੀ ਜਿੱਤ ਦਰਜ ਕਰਨਗੇ ਦਿੱਲੀ ਵਾਸੀ- ਭਗਵੰਤ ਮਾਨ

TeamGlobalPunjab
4 Min Read

ਭਗਵੰਤ ਮਾਨ ਦੀ ਅਗਵਾਈ ਹੇਠ ਦਿੱਲੀ ਚੋਣਾਂ ‘ਚ ਟੀਮ ਪੰਜਾਬ ਛਾਈ

‘ਆਪ’ ਦੇ ਪ੍ਰਚਾਰ ਲਈ ਸਭ ਤੋਂ ਵੱਡੀ ਗਿਣਤੀ ‘ਚ ਪੁੱਜੇ ਸਨ ਪੰਜਾਬ ਦੇ ਆਗੂ ਤੇ ਵਲੰਟੀਅਰ

ਦੇਸ਼ ਦੀ ਸਿਆਸਤ ਨੂੰ ‘ਕੰਮ ਦੀ ਰਾਜਨੀਤੀ’ ਵੱਲ ਮੋੜੇਗੀ ਦਿੱਲੀ ‘ਚ ਕੇਜਰੀਵਾਲ ਦੀ ਰਿਕਾਰਡ ਜਿੱਤ-ਆਪ ਸੰਸਦ

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੇ ਹੱਕ ‘ਚ ਪਾਰਟੀ ਦੀ ਪੰਜਾਬ ਇਕਾਈ ਨੇ ਸਾਰੀ ਤਾਕਤ ਝੋਕ ਦਿੱਤੀ। ‘ਆਪ’ ਦੇ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਟਾਰ ਪ੍ਰਚਾਰਕ ਵਜੋਂ ਵੀਰਵਾਰ ਨੂੰ ਵੀ ਸਭ ਤੋਂ ਵੱਧ 6 ਵਿਧਾਨ ਸਭਾ ਹਲਕਿਆਂ ‘ਚ ਵਿਸ਼ਾਲ ਰੋਡ ਸ਼ੋਅ ਦੌਰਾਨ ਦਰਜਨ ਤੋਂ ਵੱਧ ਜਨ-ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਦੀ ਜਨਤਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਪ੍ਰਭਾਵਸ਼ਾਲੀ ਅਪੀਲਾਂ ਕੀਤੀਆਂ। ਇਨਾਂ ਹਲਕਿਆਂ ‘ਚ ਰਿਠਾਲਾ, ਰੋਹਿਨੀ, ਸੀਲਮਪੁਰ, ਗੌਂਡਾ, ਮੁਸਤਫਾਬਾਦ ਅਤੇ ਰੋਹਤਾਸ ਨਗਰ ਸ਼ਾਮਲ ਹਨ।

- Advertisement -

ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਕਈ ਪੱਖਾਂ ਤੋਂ ਇਤਿਹਾਸਕ ਚੋਣਾਂ ਸਾਬਤ ਹੋ ਰਹੀਆਂ ਹਨ ਅਤੇ ਪੂਰੇ ਦੇਸ਼ ਦੀਆਂ ਨਜ਼ਰਾਂ ਦਿੱਲੀ ਚੋਣਾਂ ‘ਤੇ ਟਿਕੀਆਂ ਹੋਈਆਂ ਹਨ, ਕਿਉਂਕਿ ਜਿੱਥੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਆਪਣੇ 5 ਸਾਲਾਂ ਦੇ ਕੰਮਾਂ ਦੇ ਨਾਮ ‘ਤੇ ਵੋਟਾਂ ਮੰਗ ਰਹੀ ਹੈ, ਉੱਥੇ ਮੋਦੀ-ਅਮਿਤ ਸ਼ਾਹ ਦੀ ਅਗਵਾਈ ਥੱਲੇ ਧਰਮ ਦੀ ਆੜ ‘ਚ ਫਿਰਕੂ ਨਫਰਤ ਅਤੇ ਜ਼ਹਿਰ ਨਾਲ ਭਰੀ ਸਿਆਸਤ ਰਾਹੀਂ ਦਿੱਲੀ ਅਤੇ ਦੇਸ਼ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਹਰ ਘਟੀਆ ਤੋਂ ਘਟੀਆ ਦਾਅ ਪੇਚ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੀ ਇਸ ਕੋਸ਼ਿਸ਼ ‘ਚ ਉਹ ਤਮਾਮ ਤਰਾਂ ਦਾ ਕੁੜ ਪ੍ਰਚਾਰ ਅਤੇ ਘਾਤਕ ਤਿਗੜਮਬਾਜ਼ੀ ਸ਼ਾਮਲ ਹੈ, ਜਿਸ ਦਾ ਲੋਕਾਂ ਦੀਆਂ ਰੋਜਮਰਾਂ ਦੀਆਂ ਮੁਸ਼ਕਲਾਂ, ਜ਼ਰੂਰਤਾਂ ਅਤੇ ਜੇਬਾਂ ਜਾਂ ਚੁੱਲੇ ਦੀ ਅੱਗ ਨਾਲ ਕੋਈ ਸੰਬੰਧ ਨਹੀਂ। ਇਸ ਲਈ ਦਿੱਲੀ ਦੇ ਲੋਕਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ ਕਿ ਉਹ ਬਦੀ ਉੱਤੇ ਨੇਕੀ ਦੀ ਸ਼ਾਨਦਾਰ ਜਿੱਤ ਨਿਸ਼ਚਿਤ ਕਰਕੇ ਪੂਰੇ ਦੇਸ਼ ਦੀ ਸਿਆਸਤ ਨੂੰ ਜਨਹਿਤ ‘ਤੇ ਆਧਾਰਿਤ ‘ਕੰਮ ਦੀ ਰਾਜਨੀਤੀ’ ਵੱਲ ਮੋੜਨ, ਕਿਉਂਕਿ 70 ਸਾਲਾਂ ਦੇ ਇਤਿਹਾਸ ‘ਚ ਅਰਵਿੰਦ ਕੇਜਰੀਵਾਲ ਪਹਿਲੇ ਮੁੱਖ ਮੰਤਰੀ ਸਾਬਤ ਹੋਏ ਹਨ ਜੋ 2020 ਦੀਆਂ ਇਨਾਂ ਚੋਣਾਂ ‘ਚ ਆਪਣੇ 5 ਸਾਲਾਂ ‘ਚ ਕੀਤੇ ਕੰਮਾਂ ਲਈ ਵੋਟ ਮੰਗ ਰਹੇ ਹਨ ਅਤੇ ਅਗਲੇ 5 ਸਾਲਾਂ ਦੇ ਵਾਅਦਿਆਂ ਲਈ ਗਰੰਟੀ ਕਾਰਡ ਜਾਰੀ ਕਰ ਰਹੇ ਹਨ।
ਭਗਵੰਤ ਮਾਨ ਨੇ ਦੱਸਿਆ ਕਿ ਦਿੱਲੀ ਚੋਣਾਂ ਲਈ ਜਿੱਥੇ ਆਮ ਆਦਮੀ ਪਾਰਟੀ ਪੰਜਾਬ ਦੇ ਸਾਰੇ ਵਿਧਾਇਕ, ਸੀਨੀਅਰ ਆਗੂ ਅਤੇ ਅਹੁਦੇਦਾਰਾਂ ਨੇ ਪਿਛਲੇ 20-25 ਦਿਨਾਂ ਤੋਂ ਦਿਨ ਰਾਤ ਇੱਕ ਕੀਤਾ ਹੋਇਆ ਹੈ, ਉੱਥੇ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਵਲੰਟੀਅਰਾਂ ਜ਼ਿਆਦਾ ਗਿਣਤੀ ‘ਚ ਪਹੁੰਚੇ। ਉਨਾਂ ਦੱਸਿਆ ਕਿ ਪੰਜਾਬ ਤੋਂ 5000 ਤੋਂ ਵੱਧ ਵਲੰਟੀਅਰਾਂ ਨੇ ਦਿੱਲੀ ਚੋਣਾਂ ‘ਚ ਪ੍ਰਚਾਰ ਕੀਤਾ। ਬਤੌਰ ਪ੍ਰਧਾਨ ਉਹ ਸਾਰੇ ਆਗੂਆਂ ਅਤੇ ਵਲੰਟੀਅਰਾਂ ਦਾ ਦਿਲੋਂ ਧੰਨਵਾਦ ਕਰਦੇ ਹਨ।

ਮਾਨ ਮੁਤਾਬਿਕ ਇਸ ਗੱਲ ਦੀ ਹੋਰ ਵੀ ਖ਼ੁਸ਼ੀ ਹੋਈ ਕਿ ਉਨਾਂ ਨੂੰ ਦਿੱਲੀ ਚੋਣਾਂ ‘ਚ ਬਹੁਤ ਸਾਰੇ ਮੁਲਾਜ਼ਮ ਸੰਗਠਨਾਂ ਦੇ ਆਗੂ, ਵਕੀਲ, ਡਾਕਟਰ ਵੀ ਪ੍ਰਚਾਰ ਕਰਦੇ ਮਿਲੇ, ਜੋ ਪਾਰਟੀ ਨਾਲ ਸਿੱਧੇ ਤੌਰ ‘ਤੇ ਨਹੀਂ ਜੁੜੇ ਹੋਏ ਸਨ। ਇਸ ਤੋਂ ਬਿਨਾਂ ਬਹੁਤ ਸਾਰੇ ਵਲੰਟੀਅਰ ਅਤੇ ਆਗੂ ਵੀ ‘ਆਪ’ ਦੇ ਪ੍ਰਚਾਰ ‘ਚ ਨਜ਼ਰ ਆਏ ਜੋ ਕਿਸੇ ਨਾ ਕਿਸੇ ਕਾਰਨ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ, ਜਾਂ ਕੁੱਝ ਖੁਦਗਰਜ ਕਿਸਮ ਦੇ ਗਦਾਰ  ਲੀਡਰਾਂ ਦੇ ਬਹਿਕਾਵੇ ‘ਚ ਆ ਕੇ ਪਾਰਟੀ ਤੋਂ ਦੂਰ ਹੋ ਗਏ ਸਨ। ਮਾਨ ਨੇ ਕਿਹਾ ਕਿ ਇਸ ਸਕਾਰਾਤਮਿਕ ਰੁਝਾਨ ਤੋਂ ਸਪਸ਼ਟ ਹੈ ਕਿ ਦਿੱਲੀ ਫ਼ਤਿਹ ਤੋਂ ਬਾਅਦ 2022 ‘ਚ ਪੰਜਾਬ ਅੰਦਰ ਵੀ ਆਮ ਆਦਮੀ ਪਾਰਟੀ ਦੀ ਯਕੀਨਨ ਸਰਕਾਰ ਬਣੇਗੀ।

Share this Article
Leave a comment