‘ਆਪ’ ਦੀ ਦਿੱਲੀ ਵਿਚ ਦਰਜ ਹੋਈ ਇਤਿਹਾਸਕ ਜਿੱਤ, ਇੱਕ ਨਵੀਂ ਸਵੇਰ ਦੀ ਹੋਈ ਸ਼ੁਰੂਆਤ: ਹਰਪਾਲ ਸਿੰਘ ਚੀਮਾ

TeamGlobalPunjab
3 Min Read

ਦਿੱਲੀ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਨਕਾਰਿਆ – ਹਰਚੰਦ ਸਿੰਘ ਬਰਸਟ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਹੋਈ ਬੇਮਿਸਾਲ ਜਿੱਤ ਦੀ ਖ਼ੁਸ਼ੀ ਵਿਚ ਚੰਡੀਗੜ੍ਹ ਦੇ ਪਾਰਟੀ ਹੈੱਡਕੁਆਟਰ ਵਿਖੇ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰਾਂ ਅਤੇ ਵਲੰਟੀਅਰਾਂ ਨੇ ‘ਲੱਡੂ’ ਵੰਡ ਕੇ ਖ਼ੁਸ਼ੀ ਜ਼ਾਹਿਰ ਕੀਤੀ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਨੇ ਦਿੱਲੀ ਵਿੱਚ ਇਤਿਹਾਸਕ ਜਿੱਤ ਦਰਜ ਕੀਤੀ ਹੈ ਅਤੇ ਭਾਰਤ ਵਿਚ ਨਵੇਂ ਯੁੱਗ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ। ਚੀਮਾ ਨੇ ਕਿਹਾ ਕਿ ਦੇਸ ਦੇ ਲੋਕਾਂ ਨੇ ਭਾਜਪਾ ਵੱਲੋਂ ਨਫ਼ਰਤ ਦੀ ਰਾਜਨੀਤੀ ਨੂੰ ਬੁਰੀ ਤਰਾਂ ਨਕਾਰ ਦਿੱਤਾ ਹੈ ਅਤੇ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਦਾ ਵਿਕਾਸ ਮਾਡਲ ਅਤੇ ਕੰਮ ਦੀ ਰਾਜਨੀਤੀ ਨੂੰ ਵੋਟ ਪਾ ਕੇ ਜਿੱਤ ਦਵਾਈ ਹੈ।

ਇਸ ਦੌਰਾਨ ਪੁਲਿਟੀਕਲ ਰੀਵਿਊ ਕਮੇਟੀ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ‘ਆਪ’ ਦੀ ਦਿੱਲੀ ਵਿਚ ਹੋਈ ਇਤਿਹਾਸਕ ਜਿੱਤ ਨੇ ਦੇਸ਼ ਵਿਚ ਫੁੱਟ ਪਾਊ ਸ਼ਕਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਦਿੱਲੀ ਦੀ ਜਿੱਤ ਨਾਲ ਹਿੰਦੁਸਤਾਨ ਵਿਚ ਰਾਜਨੀਤੀ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਜਿਸ ਨਾਲ ਆਮ ਲੋਕਾਂ ਲਈ ਸਕੂਲ, ਹਸਪਤਾਲ, ਬਿਜਲੀ, ਰੋਜ਼ਗਾਰ, ਮਹਿਲਾ ਸੁਰੱਖਿਆ, ਸਾਫ਼ ਪੀਣ ਵਾਲਾ ਪਾਣੀ ਵਰਗੇ ਬੁਨਿਆਦੀ ਮੁੱਦੇ ਰਾਜਨੀਤੀ ‘ਤੇ ਭਾਰੂ ਰਹਿਣਗੇ। ਧਰਮ ਅਤੇ ਜਾਤ ਦੀ ਰਾਜਨੀਤੀ ਨੂੰ ਨਕਾਰਦੇ ਹੋਏ ਦਿੱਲੀ ਨੇ ਵਿਕਾਸ ਦੀ ਰਾਜਨੀਤੀ ਨੂੰ ਤਰਜ਼ੀਹ ਦਿੱਤੀ ਹੈ। ਇਸ ਦਾ ਅਸਰ ਪੂਰੇ ਹਿੰਦੁਸਤਾਨ ‘ਤੇ ਪਵੇਗਾ। ਹਰਚੰਦ ਬਰਸਟ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸੀ ਅਤੇ ਅਕਾਲੀ ਦਲ (ਬ) ਦੇ ਆਗੂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ, ਆਉਣ ਵਾਲੇ ਸਮੇਂ ਵਿਚ ਦਿੱਲੀ ਦੇ ਵਿਕਾਸ ਮਾਡਲ ਅਤੇ ਅਰਵਿੰਦ ਕੇਜਰੀਵਾਲ ਦੀਆਂ ਲੋਕ ਹਿਤੂ ਨੀਤੀਆਂ ਇਨ੍ਹਾਂ ਦਾ ਬਦਲ ਬਣਨਗੀਆਂ। ‘ਆਪ’ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਸਮੂਹ ਪੰਜਾਬ ਲੀਡਰਸ਼ਿਪ ਵੱਲੋਂ ਆਮ ਆਦਮੀ ਪਾਰਟੀ ਦੇ ਸਮੂਹ ਜੁਝਾਰੂ ਵਰਕਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਦਿੱਲੀ ਚੋਣਾਂ ਵਿਚ ਕੰਮ ਕਰਨ ‘ਤੇ ਧੰਨਵਾਦ ਦਿੱਤਾ, ਨਾਲ ਹੀ 2022 ਦੀਆਂ ਚੋਣਾਂ ਲਈ ਕਮਰਕੱਸੇ ਕਰਨ ਦੀ ਅਪੀਲ ਕੀਤੀ। ਇਸ ਮੌਕੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਪਾਰਟੀ ਬੁਲਾਰਾ ਗੋਵਿੰਦਰ ਮਿੱਤਲ (ਐਡਵੋਕੇਟ), ਇਕਬਾਲ ਸਿੰਘ, ਨੀਲ ਗਰਗ ਅਤੇ ਵੱਡੀ ਗਿਣਤੀ ਵਿਚ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

Share this Article
Leave a comment