‘ਆਪ’ ‘ਚ ਹੋ ਗੀ ਇੱਕ ਹੋਰ ਬਗਾਵਤ, ਇਸ ਵਾਰ ਸੂਬਾ ਪੱਧਰੀ ਆਗੂ ਨੇ ਕਿਹਾ ਭਗਵੰਤ ਮਾਨ ਨੂੰ ਪ੍ਰਧਾਨਗੀ ਤੋਂ ਹਟਾਓ!

TeamGlobalPunjab
4 Min Read
ਸੰਗਰੂਰ : ਪਹਿਲਾਂ ਹੀ ਬਗਾਵਤਾਂ ਦੀ ਮਾਰ ਝੱਲ ਰਹੀ ਆਮ ਆਦਮੀ ਪਾਰਟੀ ‘ਚ ਇੱਕ ਹੋਰ ਬਗਾਵਤ ਨੇ ਸਿਰ ਚੁੱਕ ਲਿਆ ਹੈ। ਇਸ ਵਾਰ ਇਹ ਬਗਾਵਤੀ ਸੁਰ ਅਪਣਾਏ ਹਨ ਆਪ ਦੇ ਸੂਬਾ ਜਰਨਲ ਸਕੱਤਰ ਦਿਨੇਸ਼ ਬਾਂਸਲ ਨੇ। ਜਿਨ੍ਹਾਂ ਨੇ ਨਾ ਸਿਰਫ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਵਿਰੁੱਧ ਮੋਰਚਾ ਖੋਲ੍ਹਦਿਆਂ ਉਨ੍ਹਾਂ ‘ਤੇ ਜਨਤਕ ਤੌਰ ‘ਤੇ ਇਹ ਦੋਸ਼ ਲਾਏ ਹਨ ਕਿ ਮਾਨ ਨੇ ਉਨ੍ਹਾਂ ਨੂੰ ਪਾਰਟੀ ਚੋਂ ਲਾਂਭੇ ਕਰ ਦਿੱਤਾ ਹੈ, ਬਲਕਿ ਉਨ੍ਹਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੋਂ ਇਹ ਮੰਗ ਵੀ ਕੀਤੀ ਹੈ ਕਿ ਜੇਕਰ ਉਹ ਪਾਰਟੀ ਦਾ ਭਲਾ ਚਾਹੁੰਦੇ ਹਨ ਤਾਂ ਭਗਵੰਤ ਮਾਨ ਨੂੰ ਪੰਜਾਬ ਦੀ ਪ੍ਰਧਾਨਗੀ ਤੋਂ ਹਟਾ ਦੇਣ । ਬਾਂਸਲ ਦੇ ਇਸ ਕਦਮ ਤੋਂ ਜਾਣੂ ਹੁੰਦਿਆਂ ਹੀ ‘ਆਪ’ ਅੰਦਰ ਭਾਜੜਾਂ ਪੈ ਗਈਆਂ ਹਨ, ਤੇ ਪਾਰਟੀ ਦੇ ਸੰਗਰੂਰ ਜ਼ਿਲ੍ਹਾ ਪ੍ਰਧਾਨ ਵੱਲੋਂ ਫਟਾਫੱਟ ਕੀਤੀ ਗਈ ਇੱਕ ਕਾਰਵਾਈ ‘ਚ ਉਨ੍ਹਾਂ ਨੂੰ ਮੁਅੱਤਲ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜਿਸ ਬਾਰੇ ਬਾਂਸਲ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਵਿਰੁੱਧ ਇਹ ਕਾਰਵਾਈ ਕੀਤੀ ਹੈ ਉਨ੍ਹਾਂ ਕੋਲ ਅਜਿਹਾ ਕਾਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ, ਕਿਉਂਕਿ ਉਹ ਤਾਂ ਪਾਰਟੀ ‘ਚ ਭਗਵੰਤ ਮਾਨ ਨਾਲੋਂ ਵੀ ਸੀਨੀਅਰ ਹਨ।
ਦਰਅਸਲ ਦਿਨੇਸ਼ ਬਾਂਸਲ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਦੁਰ੍ਗੇਸ਼ ਪਾਠਕ ਤੇ ਮਨੀਸ਼ ਸਸੋਦੀਆ ਨੂੰ ਸੰਬੋਧਨ ਕਰਦਿਆਂ ਇੱਕ ਟਵੀਟ ਕਰਕੇ ਮਾਨ ਵਿਰੁੱਧ ਭੜਾਸ ਕੱਢਦਿਆਂ ਇਹ ਲਿਖਿਆ ਸੀ ਕਿ ਉਨ੍ਹਾਂ (ਬਾਂਸਲ) ਵੱਲੋਂ ਪਿਛਲੇ 6 ਸਾਲਾਂ ਤੋਂ ਆਮ ਆਦਮੀ ਪਾਰਟੀ ਲਈ ਅਣਥੱਕ ਮਿਹਨਤ ਕੀਤੀ ਜਾ ਰਹੀ ਹੈ, ਤੇ ਇਸ ਲਈ ਉਨ੍ਹਾਂ ਨੇ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਕਿ ਪਾਰਟੀ ਚ ਇੱਕਜੁਟਤਾ ਰਹੇ, ਪਰ ਇੰਝ ਜਾਪਦਾ ਹੈ ਜਿਵੇਂ ਭਗਵੰਤ ਮਾਨ ਨੂੰ ਉਨ੍ਹਾਂ ਲੋਕਾਂ ਦੀ ਲੋੜ ਨਹੀਂ ਜੋ ਪਾਰਟੀ ਨੂੰ ਇਕਜੁੱਟ ਕਰਨ ‘ਚ ਲੱਗੇ ਹੋਏ ਹਨ। ਇੱਥੇ ਹੀ ਬੱਸ ਨਹੀਂ ਬਾਂਸਲ ਨੇ ਇਸ ਗੱਲ ਦੀ ਸ਼ਿਕਾਇਤ ਪਾਰਟੀ ਹਾਈ ਕਮਾਂਡ ਨੂੰ ਵੀ ਕੀਤੀ ਹੈ ਤੇ ਨਾਲ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਸੋਦੀਆ ਤੋਂ ਇਹ ਮੰਗ ਕੀਤੀ ਹੈ ਕਿ ਜੇਕਰ ਉਹ ਪਾਰਟੀ ਦਾ ਭਲਾ ਚਾਹੁੰਦੇ ਹਨ ਤਾਂ ਉਹ ਭਗਵੰਤ ਮਾਨ ਨੂੰ ਪਾਰਟੀ ਦੀ ਪੰਜਾਬ ਪ੍ਰਧਾਨਗੀ ਤੋਂ ਹਟਾ ਦੇਣ। ਦੱਸ ਦਈਏ ਕਿ ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਦੇ ਸੂਬਾ ਜਰਨਲ ਸਕੱਤਰ ਤੋਂ ਇਲਾਵਾ ਨਾ ਸਿਰਫ ਹਲਕਾ ਸੰਗਰੂਰ ਦੇ ਇੰਚਾਰਜ ਹਨ, ਬਲਕਿ ਉਹ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਗਰੂਰ ਤੋਂ ਪਾਰਟੀ ਟਿਕਟ ‘ਤੇ ਚੋਣ ਵੀ ਲੜ ਚੁੱਕੇ ਹਨ।
ਇੱਧਰ ਪਾਰਟੀ ਅੰਦਰ ਉੱਠ ਖੜ੍ਹੀ ਹੋਈ ਤਾਜ਼ਾ ਬਗਾਵਤ ਨੂੰ ਦੇਖਦਿਆਂ ਆਪ ਦੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਰਾਜਵੰਤ ਸਿੰਘ ਘੁੱਲੀ ਨੇ ਪਾਰਟੀ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਲਾਕੇ ਦਿਨੇਸ਼ ਬਾਂਸਲ ਨੂੰ ਨਾ ਸਿਰਫ ਪਾਰਟੀ ‘ਚੋਂ ਮੁਅੱਤਲ ਕਰ ਦਿੱਤਾ ਹੈ, ਬਲਕਿ ਉਨ੍ਹਾਂ ਨੇ ਬਾਂਸਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਦਿਆਂ ਉਸਦਾ ਜਵਾਬ ਵੀ 3 ਦਿਨਾਂ ਦੇ ਅੰਦਰ ਅੰਦਰ ਦੇਣ ਲਈ ਕਿਹਾ ਹੈ ।
ਪੱਤਰਕਾਰਾਂ ਨੂੰ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਦਿਨੇਸ਼ ਬਾਂਸਲ ਨੇ ਕਿਹਾ ਕਿ ਉਹ ਆਪ ਦੇ ਸੂਬਾਈ ਜਰਨਲ ਸਕੱਤਰ ਹਨ ਤੇ ਇੱਕ ਜ਼ਿਲ੍ਹਾ ਪ੍ਰਧਾਨ ਉਨ੍ਹਾਂ ਨੂੰ ਮੁਅੱਤਲ ਨਹੀਂ ਕਰ ਸਕਦਾ। ਦਿਨੇਸ਼ ਨੇ ਕਿਹਾ ਕਿ ਉਹ ਕੇਜਰੀਵਾਲ ਦੀ ਟੀਮ ਨਾਲ ਜੁੜੇ ਸਨ ਤੇ ਭਗਵੰਤ ਮਾਨ ਨਾਲੋਂ ਵੀ ਸੀਨੀਅਰ ਹਨ।ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਇਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਹੈ ਪਰ ਇਸਦੇ ਬਾਵਜੂਦ ਉਹ ਆਮ ਆਦਮੀ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ। ਦਿਨੇਸ਼ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਹਾਈਕਮਾਂਡ ਨੂੰ ਇਸ ਗੱਲ ਤੋਂ ਜਾਣੂ ਕਰਵਾ ਦਿੱਤਾ ਹੈ ਕਿ ਆਪ ਦੀ ਪੰਜਾਬ ਇਕਾਈ ‘ਚ ਕੁਝ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਉਹ ਪਾਰਟੀ ਨਹੀਂ ਛੱਡਣਗੇ।

Share this Article
Leave a comment