Breaking News

ਅਮਰੀਕਾ ਦਾ ਅਜ਼ਾਦੀ ਦਿਹਾੜਾ ਫਰੀਜ਼ਨੋ ਵਿਖੇ ਧੂੰਮ ਧਾਮ ਨਾਲ ਮਨਾਇਆ ਗਿਆ

ਫਰੀਜ਼ਨੋ (ਕੁਲਵੰਤ ਉੱਭੀ ਧਾਲੀਆਂ ) : ਲੰਘੀ 4 ਜੁਲਾਈ ਨੂੰ ਅਮਰੀਕਾ ਦਾ 245ਵਾਂ ਅਜ਼ਾਦੀ ਜਿਹੜਾ ਪੂਰੇ ਅਮਰੀਕਾ ਵਿੱਚ ਬੜੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸੇ ਕੜੀ ਤਹਿਤ ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਨਾਜਰ ਸਿੰਘ ਸਹੋਤਾ, ਲੇਖਕ ਅਮਰਜੀਤ ਸਿੰਘ ਦੌਧਰ ਅਤੇ ਸਾਥੀਆ ਦੇ ਉੱਦਮ ਸਦਕਾ ਫਰੀਜ਼ਨੋ ਦੇ ਬੰਬੇ ਬਿਜਨਸ ਪਾਰਕ ਵਿੱਚ ਵੀ ਅਮਰੀਕਾ ਦਾ ਅਜਾਦੀ ਦਿਨ ਧੂੰਮ ਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਅਮੈਰੀਕਨ ਫਲੈਗ ਅਤੇ ਖਾਲਸਾਈ ਝੰਡਿਆਂ ਨਾਲ ਸ਼ਿੰਗਾਰੇ ਘੋੜੇ ਅਤੇ ਫੋਰਡ ਟਰੈਕਟਰ ਖ਼ਾਸ ਖਿੱਚ ਦਾ ਕੇਂਦਰ ਰਹੇ। ਘੋੜ ਸਵਾਰਾਂ ਨੇ  ਘੋੜ ਸਵਾਰੀ ਦੇ ਚੰਗੇ ਜੌਹਰ ਵਿਖਾਏ। ਕੋਵਿੱਡ 19 ਪਿੱਛੋਂ ਇਹ ਇੱਕ ਤਰਾਂ ਨਾਲ ਨੌਰਥ ਅਮਰੀਕਾ ਦਾ ਪਹਿਲਾ ਪੰਜਾਬੀ ਮੇਲਾ ਹੋ ਨਿਬੜਿਆ । ਘੋੜ ਸਵਾਰੀ ਅਤੇ ਟਰੈਕਟਰ ਸ਼ੋਅ ਤੋਂ ਬਾਅਦ ਵਿੱਚ ਪੰਜਾਬੀ ਗਾਇਕੀ ਦੇ ਖੁੱਲ੍ਹੇ ਅਖਾੜੇ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ।

ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਟੇਜ਼ ਸੰਚਾਲਨ ਕਰਦੇ ਹੋਏ ਸ਼ਾਇਰਾਨਾ ਅੰਦਾਜ਼ ਵਿੱਚ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਯਮਲਾ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਗਾਇਕੀ ਦੇ ਅਖਾੜੇ ਦੀ ਸ਼ੁਰੂਆਤ ਕੀਤੀ। ਗਾਇਕ ਗੋਗੀ ਸੰਧੂ ਨੇ ਦੀਦਾਰ ਸੰਧੂ ਦੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਬਹਾਦਰ ਸਿੱਧੂ ਅਤੇ ਬਾਈ ਸੁਰਜੀਤ ਨੇ ਦੋ ਦੋ ਗੀਤ ਗਾਕੇ ਆਪਣੀ ਹਾਜ਼ਰੀ ਲਵਾਈ। ਦਿਲਦਾਰ ਗਰੁੱਪ ਦੇ ਰਾਣੀ ਗਿੱਲ, ਕੰਤਾ ਅਤੇ ਅਵਤਾਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਚੰਗਾ ਸਮਾਂ ਬੰਨਿਆ।

ਦਰਸ਼ਕਾਂ ਦੀ ਪੁਰਜੋਰ ਮੰਗ ਤੇ ਸਰਪੰਚ ਬਬਲੇ ਮਲੂਕੇ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਸੰਗੀਤਕਾਰ ਅਤੇ ਗੀਤਕਾਰ ਪੱਪੀ ਭਦੌੜ ਨੇ ਆਪਣਾ ਸਦਾ ਬਹਾਰ ਗੀਤ “ਆਹ ਮੇਰੇ ਦਿਲਾਵਰ ਯਾਰਾਂ ਤੇਰੀ ਯਾਦ ਸਤਾਉਂਦੀ ਆ” ਗਾਕੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।

ਰੇਡੀਓ ਹੋਸਟ ਤੇ ਲੇਖਕ ਜਗਤਾਰ ਗਿੱਲ ਨੇ ਆਪਣੇ ਟੋਟਕਿਆਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਅਖੀਰ ਲੋਕ ਗਾਇਕ ਧਰਮਵੀਰ ਥਾਂਦੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਅਖਾੜੇ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ। ਅੰਤ ਵਿੱਚ ਸ. ਨਾਜਰ ਸਿੰਘ ਸਹੋਤਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਸਾਰੇ ਅਮੈਰਕਿਨ ਅਤੇ ਪੰਜਾਬੀ ਭਾਈਚਾਰੇ ਨੂੰ ਫੋਰਥ ਜੁਲਾਈ ਦੀ ਵਧਾਈ ਦਿੱਤੀ।

ਪੂਰੇ ਸਮਾਗਮ ਦੌਰਾਨ ਮੋਗਾ ਮੀਟ ਵਾਲੇ ਦਿਲਬਾਗ ਗਿੱਲ ਦੁਆਰਾ ਬਾਰਬੇਕਿਊ ਕੀਤਾ ਗਿਆ। ਪਰੋਗਰਾਮ ਨੂੰ ਕਾਮਯਾਬ ਕਰਨ ਲਈ ਸੋਨੂੰ ਟਰੂ ਵੇ ਟਰੱਕਿੰਗ , ਗਰੀਨ ਵੈਲੀ ਪਾਰਕ ਨਿਰਮਲ ਸਿੰਘ ਨਿੰਮਾ ਅਤੇ ਤੱਖਰ , ਜੇ ਟੀ ਐਸ ਕਰੱਕ ਪਰਮਿਟ ਦੇ ਮਾਲਕ ਜੰਗਸ਼ੇਰ ਸਿੰਘ ਵੱਲੋਂ ਖਾਸ ਯੋਗਦਾਨ ਪਾਇਆ ਗਿਆ । ਅਖੀਰ ਵਿੱਚ ਫੋਰਥ ਜੁਲਾਈ ਸੈਲੀਬਰੇਸ਼ਨ ਨੂੰ ਮੁੱਖ ਰੱਖਦਿਆਂ ਪਟਾਕੇ ਚਲਾਏ ਗਏ ਅਤੇ ਰਾਤਰੀ ਦੇ ਭੋਜਨ ਨਾਲ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

Check Also

ਪੰਜਾਬ ਵਿਧਾਨ ਸਭਾ ਸੈਸ਼ਨ ਦਾ ਗਰਮਾਇਆ ਮੁੱਦਾ , ਹੁਣ ਗਵਰਨਰ ਨੇ ਲਿਖੀ ਸੀਐੱਮ ਨੂੰ ਚਿੱਠੀ

ਚੰਡੀਗੜ੍ਹ: ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਕਰਾਰ ਵਧਦੀ …

Leave a Reply

Your email address will not be published.