ਚੰਡੀਗੜ੍ਹ : ( ਦਰਸ਼ਨ ਸਿੰਘ ਖੋਖਰ ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਜਦੋਂ ਤੋਂ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਜਦੋਂ ਤੋਂ ਅਸਤੀਫਾ ਦਿੱਤਾ ਹੈ ਉਦੋਂ ਤੋਂ ਹੀ ਪੰਜਾਬ ਕਾਂਗਰਸ ਵਿੱਚ ਵੱਡੀ ਹਲਚਲ ਪੈਦਾ ਹੋ ਗਈ ਹੈ।
ਸਿੱਧੂ ਨੇ ਤਿੰਨ ਮੁੱਖ ਮੁੱਦਿਆਂ ਨੂੰ ਆਧਾਰ ਬਣਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ। ਸੰਭਾਵਨਾ ਇਹ ਹੈ ਕਿ ਅੱਜ ਸਿੱਧੂ ਦੀ ਨਾਰਾਜ਼ਗੀ ਦੂਰ ਕਰ ਦਿੱਤੀ ਜਾਵੇਗੀ। ਜੋ ਵੀ ਉਹ ਚਾਹੁੰਦੇ ਹਨ ਪੰਜਾਬ ਸਰਕਾਰ ਵਿਚ ਉਹ ਕਰ ਦਿੱਤਾ ਜਾਵੇਗਾ।
ਨਵਜੋਤ ਸਿੰਘ ਸਿੱਧੂ ਪੰਜਾਬ ਪੁਲੀਸ ਦਾ ਮੁਖੀ ਵੀ ਆਪਣੀ ਪਸੰਦ ਦਾ ਲਗਵਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਪਸੰਦ ਦਾ ਧਿਆਨ ਨਹੀਂ ਰੱਖਿਆ ਗਿਆ, ਜਿਸ ਕਾਰਨ ਅੱਜ ਕਾਰਜਕਾਰੀ ਪੁਲੀਸ ਮੁਖੀ ਨੂੰ ਬਦਲ ਕੇ ਨਵਾਂ ਕਾਰਜਕਾਰੀ ਪੁਲੀਸ ਮੁਖੀ ਲਗਾਇਆ ਜਾ ਸਕਦਾ ਹੈ । ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਵੀ ਆਪਣੇ ਅਹੁਦੇ ਤੋਂ ਹੱਥ ਧੋਣੇ ਪੈ ਸਕਦੇ ਹਨ ਕਿਉਂਕਿ ਏਪੀਐਸ ਦਿਓਲ ਪਹਿਲਾਂ ਸੁਮੇਧ ਸਿੰਘ ਸੈਣੀ ਦੇ ਵਕੀਲ ਰਹੇ ਹਨ ਅਤੇ ਬੇਅਦਬੀ ਮਾਮਲੇ ਵਿੱਚ ਪੀੜਤ ਧਿਰ ਦੇ ਵਿਰੁੱਧ ਭੁਗਤਦੇ ਰਹੇ ਹਨ। ਜਿਸ ਕਾਰਨ ਸਿੱਧੂ ਦਿਓਲ ਦੀ ਨਿਯੁਕਤੀ ਦਾ ਵਿਰੋਧ ਕਰਦੇ ਸਨ ਪਰ ਵਿਰੋਧ ਦੇ ਬਾਵਜੂਦ ਇਹ ਨਿਯੁਕਤੀ ਕਰ ਦਿੱਤੀ ਗਈ।
ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਜੋ ਵਿਭਾਗ ਦਿੱਤੇ ਗਏ ਹਨ ਉਸ ਉੱਤੇ ਵੀ ਸਿੱਧੂ ਦੀ ਨਾਰਾਜ਼ਗੀ ਹੈ ਅਤੇ ਇਹ ਨਾਰਾਜ਼ਗੀ ਇਸ ਕਾਰਨ ਦੂਰ ਹੋਵੇਗੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵਿਭਾਗਾਂ ਵਿੱਚੋਂ ਇੱਕ ਜਾਂ ਦੋ ਵਿਭਾਗ ਹੁਣ ਰਜ਼ੀਆ ਸੁਲਤਾਨਾ ਦੇ ਹਵਾਲੇ ਕਰ ਦੇਣਗੇ। ਸੂਤਰਾਂ ਮੁਤਾਬਕ ਸਿੱਧੂ ਦੀ ਨਾਰਾਜ਼ਗੀ ਇਹ ਵੀ ਹੈ ਕਿ ਕੈਪਟਨ ਖੇਮੇ ਨਾਲ ਸਬੰਧਤ ਪਹਿਲਾਂ ਵਾਲੇ ਮੰਤਰੀਆਂ ਨੂੰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵਧੇਰੇ ਤਵੱਜੋ ਦਿੱਤੀ ਜਾ ਰਹੀ ਹੈ। ਜਿਸ ਤਰ੍ਹਾਂ ਪਹਿਲਾਂ ਲੱਗਦਾ ਸੀ ਕਿ ਸਿੱਧੂ ਤੇ ਚੰਨੀ ਦੀ ਜੋੜੀ ਰਲ ਮਿਲ ਕੇ ਆਪਣਾ ਵਧੀਆ ਪ੍ਰਭਾਵ ਕਾਇਮ ਕਰਨਗੇ ਪਰ ਸਿੱਧੂ ਦੀ ਨਾਰਾਜ਼ਗੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਜੋੜੀ ਵੀ ਲੰਮਾ ਸਮਾਂ ਚੱਲਣ ਵਾਲੀ ਨਹੀਂ। ਜੇਕਰ ਸਿੱਧੂ ਆਪਣੀਆਂ ਗੱਲਾਂ ਮੰਨਵਾ ਲੈਂਦੇ ਹਨ ਤਾਂ ਸਿੱਧੂ ਦੀ ਪਸੰਦ ਦਾ, ਭਵਿੱਖ ਵਿੱਚ ਵੀ ਧਿਆਨ ਰੱਖਣਾ ਪਵੇਗਾ। ਨਹੀਂ ਤਾਂ ਪੰਜਾਬ ਕਾਂਗਰਸ ਲਈ ਵੱਡੀਆਂ ਮੁਸੀਬਤਾਂ ਖੜ੍ਹੀਆਂ ਹੋ ਸਕਦੀਆਂ ਹਨ।