ਸਾਬਕਾ ਫਸਲ ਵਿਗਿਆਨੀ ਡਾ. ਗੁਰਬਖਸ਼ ਸਿੰਘ ਗਿੱਲ ਦਾ ਦੇਹਾਂਤ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਤੋਂ ਸੇਵਾ ਮੁਕਤ ਫਸਲ ਵਿਗਿਆਨੀ ਅਤੇ ਜਾਣੇ-ਪਛਾਣੇ ਖੇਤੀ ਮਾਹਿਰ ਡਾ. ਗੁਰਬਖਸ਼ ਸਿੰਘ ਗਿੱਲ ਬੀਤੇ ਦਿਨੀਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ 96 ਸਾਲ ਦੇ ਸਨ। ਡਾ. ਗਿੱਲ ਬਹੁਤ ਸਮਰਥਕ ਅਧਿਆਪਕ, ਰਾਹ ਦਸੇਰੇ ਅਤੇ ਇਮਾਨਦਾਰ ਸਖਸ਼ੀਅਤ ਹੋਣ ਦੇ ਨਾਲ-ਨਾਲ ਮਨੁੱਖਤਾ ਹਿਤੈਸ਼ੀ ਵੀ ਸਨ।

ਉਹਨਾਂ ਬਾਰੇ ਜਾਣਕਾਰੀ ਦਿੰਦਿਆਂ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਡਾ. ਗੁਰਬਖਸ਼ ਸਿੰਘ ਗਿੱਲ ਦਾ ਜਨਮ 1925 ਵਿੱਚ ਜ਼ਿਲਾ ਲੁਧਿਆਣਾ ਦੇ ਪਿੰਡ ਗਿੱਲ ਵਿੱਚ ਹੋਇਆ। ਉਹਨਾਂ ਨੇ ਖਾਲਸਾ ਕਾਲਜ ਅੰਮਿ੍ਰਤਸਰ ਬੀ ਐੱਸਸੀ ਐਗਰੀਕਲਚਰ ਕੀਤੀ। ਪੰਜਾਬ ਯੂਨੀਵਰਸਿਟੀ ਤੋਂ ਖੇਤੀ ਰਸਾਇਣ ਵਿਗਿਆਨ ਵਿੱਚ ਡਾ. ਸੁਖਦਿਆਲ ਨਿਝਾਵਨ ਦੀ ਨਿਗਰਾਨੀ ਹੇਠ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਲਈ ਇਸ ਤੋਂ ਬਾਅਦ ਡਾ. ਗਿੱਲ ਸਰਕਾਰੀ ਖੇਤੀਬਾੜੀ ਕਾਲਜ ਅਤੇ ਖੋਜ ਸੰਸਥਾ ਲੁਧਿਆਣਾ ਵਿੱਚ ਸਹਾਇਕ ਫਸਲ ਵਿਗਿਆਨੀ ਵਜੋਂ ਕਾਰਜਸ਼ੀਲ ਰਹੇ। 1962 ਵਿੱਚ ਪੀ.ਏ.ਯੂ. ਦੇ ਹੋਂਦ ਵਿੱਚ ਆਉਣ ਤੇ ਡਾ. ਗਿੱਲ ਯੂਨੀਵਰਸਿਟੀ ਦਾ ਹਿੱਸਾ ਬਣੇ। ਉਹਨਾਂ ਨੇ ਰੌਕ ਫੈਲਰ ਫਾਊਂਡੇਸ਼ਨ ਫੈਲੋਸ਼ਿਪ ਨਾਲ ਅਮਰੀਕਾ ਦੀ ਓਹਾਈਓ ਯੂਨੀਵਰਸਿਟੀ ਤੋਂ ਪੀ ਐੱਚ ਡੀ ਕੀਤੀ। 1968 ਵਿੱਚ ਡਾ. ਗਿੱਲ ਹਿਸਾਰ ਵਿਖੇ ਆਈ ਸੀ ਏ ਆਰ ਕੇਂਦਰ ਦੇ ਮੁੱਖ ਵਿਗਿਆਨੀ ਬਣੇ। ਰਾਸ਼ਟਰੀ ਪੱਧਰ ‘ਤੇ ਪੀ.ਏ.ਯੂ. ਦੇ ਫਸਲ ਵਿਗਿਆਨ ਵਿਭਾਗ ਨੂੰ ਮਾਨਤਾ ਦਿਵਾਉਣ ਵਿੱਚ ਮੁਖੀ ਵਜੋਂ ਡਾ. ਗਿੱਲ ਨੇ ਅਹਿਮ ਭੂਮਿਕਾ ਨਿਭਾਈ। ਉਹ ਕਿਸਾਨੀ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂੰ ਸਨ। ਸੇਵਾਮੁਕਤ ਹੋਣ ਤੋਂ ਬਾਅਦ ਵੀ ਉਹ ਯੂਨੀਵਰਸਿਟੀ ਨਾਲ ਲਗਾਤਾਰ ਜੁੜੇ ਰਹੇ। ਉਹ ਇਫਕੋ ਦੀਆਂ ਖੇਤੀ ਸੇਵਾਵਾਂ ਤੋਂ ਬਿਨਾਂ ਅਕਾਲ ਟਰੱਸਟ ਬੜੂ ਸਾਹਿਬ ਦੇ ਮੋਢੀ ਮੈਂਬਰ ਸਨ।

ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਅਨਿਰੁਧ ਤਿਵਾੜੀ, ਰਜਿਸਟਰਾਰ ਡਾ. ਆਰ ਐੱਸ ਸਿੱਧੂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਸਮੂਹ ਡੀਨ, ਡਾਇਰੈਕਟਰ ਅਤੇ ਅਮਲੇ ਨੇ ਡਾ. ਗੁਰਬਖਸ਼ ਸਿੰਘ ਗਿੱਲ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

Share This Article
Leave a Comment