ਫਰਿਜ਼ਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਲੰਘੇ ਹਫ਼ਤੇ  ਫਰਿਜ਼ਨੋ ਸ਼ਹਿਰ ਦੇ ਡਾਊਨ-ਟਾਊਨ ਵਿੱਚ ਕੈਲੀਫੋਰਨੀਆਂ ਕਲਾਸਿਕ ਮੈਰਾਥਾਨ ਦੌੜ ਕਰਵਾਈ ਗਈ। ਇਸ ਦੌੜ ਵਿੱਚ 2000 ਦੇ ਕਰੀਬ ਲੋਕਾਂ ਨੇ ਭਾਗ ਲਿਆ, ਇਸ ਦੌੜ ਨੂੰ 5,10 ਅਤੇ 21 ਕਿੱਲੋਮੀਟਰ ਮੀਟਰ ਫ਼ਾਸਲੇ ਵਿੱਚ ਵੰਡਿਆ ਗਿਆ ਸੀ, ਅਤੇ ਇਸ ਦੌੜ ਵਿੱਚ ਵੱਖੋ ਵੱਖ ਉਮਰ ਦੇ ਲੋਕਾਂ ਨੇ ਭਾਗ ਲਿਆ। 21 ਕਿੱਲੋਮੀਟਰ ਦੌੜ ਵਿੱਚ 65 ਤੋਂ 70 ਸਾਲ ਵਰਗ ਵਿੱਚ ਫਰਿਜ਼ਨੋ ਨਿਵਾਸੀ ਸੰਨੀ ਸਿੰਘ ਰੰਧਾਵਾ ਦੇ ਪਿਤਾ ਹਰਭਜਨ ਸਿੰਘ ਰੰਧਾਵਾ (66) ਨੇ ਪਹਿਲਾ ਸਥਾਨ ਹਾਸਲ ਕਰਕੇ ਇੱਕ ਵਾਰ ਫੇਰ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ।
ਹਰਭਜਨ ਸਿੰਘ ਰੰਧਾਵਾ ਵਿਜ਼ਟਰ ਵੀਜ਼ੇ ਤੇ ਅਕਸਰ ਆਪਣੇ ਬੇਟੇ ਕੋਲ ਫਰਿਜ਼ਨੋ ਆਉਂਦੇ ਜਾਂਦੇ ਰਹਿੰਦੇ ਨੇ। ਉਹ ਪੰਜਾਬ ਤੋਂ ਅੰਮ੍ਰਿਤਸਰ ਸ਼ਹਿਰ ਦੀ ਰਣਜੀਤ ਐਵੇਨਿਊ ਕਲੋਨੀ, ਏ ਬਲਾਕ ਨਾਲ ਸਬੰਧ ਰੱਖਦੇ ਹਨ। ਉਹਨਾਂ 2019 ਅਤੇ 20 ਵਿੱਚ ਚੰਡੀਗੜ ਵਿਖੇ ਹੋਈ ਮੈਰਾਥਾਨ ਵਿੱਚ ਵੀ ਭਾਗ ਲਿਆ ਸੀ । ਉਹਨਾਂ ਇੰਡੀਅਨ ਨੇਵੀ ਦੇ ਨਾਲ ਨਾਲ ਮਰਚਿੰਡ ਨੇਵੀ ਵਿੱਚ ਵੀ ਬਤੌਰ ਇੰਜਨੀਅਰ ਸੇਵਾਵਾਂ ਨਿਭਾਈਆਂ। ਉਹਨਾਂ ਨੂੰ ਹਾਰਟ ਦੀ ਪ੍ਰੌਬਲਮ ਹੋਣ ਕਰਕੇ ਦੋ ਸਟੰਟ ਵੀ ਪੈ ਚੁੱਕੇ ਹਨ। ਪਰ ਉਹਨਾਂ ਦਿਲ ਦੀ ਬਿਮਾਰੀ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸਗੋਂ ਹਰਰੋਜ ਸਵੇਰਿਓ ਚਾਰ ਵਜੇ ਉੱਠਕੇ ਕਸਰਤ ਕਰਦੇ ਹਨ ‘ਤੇ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਹਰਭਜਨ ਸਿੰਘ ਰੰਧਾਵਾ ਦੀ ਜਿੱਤ ਤੇ ਮਾਣ ਮਹਿਸੂਸ ਕਰ ਰਿਹਾ ਹੈ । ਉਹ ਅੱਗੋਂ ਤੋ ਹੋਣ ਵਾਲ਼ੀਆਂ ਮੈਰਾਥਾਨ ਲਈ ਤਿਆਰੀ ਵਿੱਚ ਜੁੱਟ ਗਏ ਹਨ।


 
		