ਚੰਡੀਗੜ੍ਹ: ਪੰਜਾਬੀ ਦੇ ਹਰਮਨ ਪਿਆਰੇ ਕਵੀ ਫਤਹਿਜੀਤ ਦਾ ਅੱਜ ਲੰਮੀ ਬਿਮਾਰੀ ਮਗਰੋਂ ਜਲੰਧਰ ਵਿਖੇ ਦੇਹਾਂਤ ਹੋ ਗਿਆ। ਫਤਹਿਜੀਤ ਦਾ ਜਨਮ 1937 ਵਿਚ ਲਾਇਲਪੁਰ ਵਿਚ ਸਰਦਾਰ ਗੁਰਚਰਨ ਸਿੰਘ ਬਦੇਸਾਂ ਦੇ ਘਰ ਹੋਇਆ। ਵੰਡ ਮਗਰੋਂ ਉਸ ਦਾ ਪਰਿਵਾਰ ਸ਼ਾਹਕੋਟ ਆਣ ਵਸਿਆ। ਫਤਹਿਜੀਤ ਪੰਜਾਬੀ ਦੇ ਅਧਿਆਪਕ ਸਨ। ਪੰਜਾਬੀ ਕਵਿਤਾ ਵਿਚ ਉਨ੍ਹਾਂ ਨੇ ਆਪਣੀ ਪੁਸਤਕ ‘ਏਕਮ’ (1967) ਨਾਲ ਪ੍ਰਵੇਸ਼ ਕੀਤਾ। ਪਰ ਪੰਜਾਬੀ ਕਵਿਤਾ ਵਿਚ ਉਨ੍ਹਾਂ ਦੀ ਵਧੇਰੇ ਚਰਚਾ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਕੱਚੀ ਮਿੱਟੀ ਦੇ ਬੌਣੇ’ (1973) ਨਾਲ ਹੋਈ। ਉਹ ਜੁਝਾਰਵਾਦੀ ਲਹਿਰ ਦੇ ਪਰਮੁੱਖ ਕਵੀਆਂ ਵਿਚੋਂ ਸਨ ਪਰ ਉਨ੍ਹਾਂ ਦੀ ਸੁਰ ਧੀਮੀ ਤੇ ਕਟਾਕਸ਼ੀ ਸੀ। ਉਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਦੋ ਹੋਰ ਕਾਵਿ ਸੰਗ੍ਰਹਿ ‘ਨਿੱਕੀ ਜਿਹੀ ਚਾਨਣੀ’ (1982) ਅਤੇ ‘ਰੇਸ਼ਮੀ ਧਾਗੇ’ (2018) ਵਿਚ ਦਿੱਤੇ। ਫਤਹਿਜੀਤ ਵਿਲੱਖਣ ਅੰਦਾਜ਼ ਵਾਲਾ ਪ੍ਰਗਤੀਸ਼ੀਲ ਕਵੀ ਸੀ। ਉਸ ਨੇ ਘੱਟ ਪਰ ਸਾਹਿਤਕ ਮਿਆਰਾਂ ਪੱਖੋਂ ਉਚ ਪਾਏ ਦੀ ਕਵਿਤਾ ਲਿਖੀ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਫਤਹਿਜੀਤ ਦੇ ਵਿਛੋੜੇ ਨਾਲ ਅਸੀਂ ਇੱਕ ਉੱਘੇ ਕਵੀ ਅਤੇ ਇੱਕ ਅੱੱਤ ਮਿਲਾਪੜੇ ਸੱਜਣ ਤੋਂ ਵਾਂਝੇ ਹੋ ਗਏ ਹਾਂ। ਉਨ੍ਹਾਂ ਨੇ ਕਿਹਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਸਮੁਚੀ ਕਾਰਜਕਾਰਨੀ ਫਤਹਿਜੀਤ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਦੁੱਖ ਸਾਂਝਾ ਕਰਦੀ ਹੈ।