ਲੁਧਿਆਣਾ :ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਮੌਸਮੀ ਤਬਦੀਲੀਆਂ ਵਿੱਚ ਮੱਕੀ ਦਾ ਖੇਤੀ ਵਿਭਿੰਨਤਾ ਵਿੱਚ ਯੋਗਦਾਨ ਸੰਬੰਧੀ ਇੱਕ ਕੌਮਾਂਤਰੀ ਸੈਮੀਨਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ। ਇਹ ਵਿਸ਼ੇਸ਼ ਸੈਮੀਨਾਰ ਭਾਰਤੀ ਮੱਕੀ ਖੋਜ ਕੇਂਦਰ ਦੇ ਛੇਵੇਂ ਸਥਾਪਨਾ ਦਿਵਸ ਤੇ ਆਯੋਜਿਤ ਕੀਤਾ ਗਿਆ। ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵੱਲੋਂ ਆਯੋਜਿਤ ਇਸ ਸੈਮੀਨਾਰ ਦੇ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਵਿਗਿਆਨੀਆਂ ਨੇ ਭਾਗ ਲਿਆ।
ਉਦਘਾਟਨੀ ਸਮਾਰੋਹ ਦੌਰਾਨ ਮੁਖ ਮੰਤਰੀ ਪੰਜਾਬ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਆਪਣੇ ਸਵਾਗਤੀ ਭਾਸ਼ਣ ਵਿੱਚ ਉਹਨਾਂ ਨੇ ਕਿਹਾ ਕਿ ਇਸ ਖੇਤਰ ਦੇ ਵਿੱਚ ਮੱਕੀ ਦੀ ਕਾਸ਼ਤ ਦੀਆਂ ਅਪਾਰ ਸੰਭਾਵਨਾਵਾਂ ਹਨ ਜੋ ਕਿ ਝੋਨੇ ਦਾ ਵਧੀਆ ਬਦਲ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਪਾਣੀ ਦੇ ਬਚਾਅ, ਗਿਰ ਰਹੀ ਮਿੱਟੀ ਦੀ ਸਿਹਤ ਅਤੇ ਘਟ ਰਹੇ ਫ਼ਸਲਾਂ ਦੀ ਖੇਤੀ ਵਿਭਿੰਨਤਾ ਦੀ ਸਮੱਸਿਆ ਨੂੰ ਨਜਿੱਠਣ ਲਈ ਮੱਕੀ ਦੀ ਖੇਤੀ ਇੱਕ ਲਾਹੇਵੰਦ ਬਦਲ ਹੋ ਸਕਦੀ ਹੈ। ਉਹਨਾਂ ਮੌਸਮੀ ਤਬਦੀਲੀਆਂ ਦੀ ਸਖਤ ਮਾਰ ਝੱਲਣ ਵਾਲੀਆਂ ਮੱਕੀ ਦੀਆਂ ਕਿਸਮਾਂ ਤਿਆਰ ਕਰਨ ‘ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਮੰਡੀ ਦੀ ਮੰਗ ਅਨੁਸਾਰ ਸਾਨੂੰ ਮੱਕੀ ਦੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਇਸ ਸਮਾਗਮ ਦੇ ਵਿੱਚ ਚੇਅਰਮੈਨ ਵਜੋਂ ਸ਼ਾਮਿਲ ਹੋਏ। ਡਾ. ਢਿੱਲੋਂ ਨੇ ਕਿਹਾ ਕਿ ਆਉਣ ਵਾਲੀਆਂ ਵੰਗਾਰਾਂ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਯੂਨੀਵਰਸਿਟੀ ਦੇ ਖੋਜ ਕਾਰਜਾਂ ਨੂੰ ਵਿਉਂਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮੱਕੀ ਦੀ ਕਾਸ਼ਤ ਲਈ ਮਸ਼ੀਨੀਕਰਨ, ਸੂਖਮ ਸਿੰਚਾਈ ਵਿਧੀਆਂ, ਪਾਣੀ ਦੀ ਸੁਚੱਜੀ ਵਰਤੋਂ, ਨਦੀਨਾਂ ਦੀ ਰੋਕਥਾਮ ਅਤੇ ਵਾਤਾਵਰਨ ਸੰਬੰਧੀ ਕਿਸਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਨਵੇਂ ਉਪਰਾਲੇ ਵਿੱਢੇ ਗਏ ਹਨ। ਵਰਲਡ ਫੂਡ ਪ੍ਰਾਈਜ਼ ਜੇਤੂ ਡਾ. ਐਸ ਕੇ ਵਾਸਲ ਨੇ ਕਿਹਾ ਕਿ ਗੁੰਝਲਦਾਰ ਮੌਸਮੀ ਸਮੱਸਿਆਵਾਂ ਦਾ ਸਿੱਧਾ ਅਤੇ ਸਰਲ ਹੱਲ ਲੱਭਣਾ ਚਾਹੀਦਾ ਹੈ।
ਇਸ ਮੌਕੇ ਕੌਮਾਂਤਰੀ ਪੱਧਰ ਦੇ ਮੱਕੀ ਖੋਜ ਕੇਂਦਰ ਦੇ ਅਦਾਰੇ ‘ਸਿਮਟ’ ਦੇ ਨਿਰਦੇਸ਼ਕ ਡਾ. ਬੀ ਐਨ ਪਰਸੰਨਾ ਨੇ ਜ਼ੋਰ ਦੇ ਕੇ ਕਿਹਾ ਕਿ ਉਤਰੀ ਭਾਰਤ ਦੇ ਸਾਰੇ ਖੇਤਰ ਵਿੱਚ ਮੱਕੀ ਦੀ ਸੁਚੱਜੀ ਕਾਸ਼ਤ ਕੀਤੀ ਜਾ ਸਕਦੀ ਹੈ ।
ਕੌਮਾਂਤਰੀ ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਸੁਜੈ ਰਕਸ਼ਿਤ ਨੇ ਦੱਸਿਆ ਕਿ ਇਸ ਕੇਂਦਰ ਦੀ ਸਥਾਪਨਾ ਤੋਂ ਬਾਅਦ ਹੁਣ ਤੱਕ ਮੱਕੀ ਦੀਆਂ ਤਿੰਨ ਹਾਈਬ੍ਰਿਡ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਭਵਿੱਖ ਲਈ ਹੋਰ ਕਿਸਮਾਂ ਵੀ ਤਿਆਰੀ ਅਧੀਨ ਹਨ । ਲੁਧਿਆਣਾ ਸਥਿਤ ਇਸ ਕੇਂਦਰ ਨੂੰ ਪੰਜ ਵੱਕਾਰੀ ਪ੍ਰੋਜੈਕਟ ਹਾਸਲ ਕਰਨ ਦਾ ਵੀ ਮਾਣ ਹੈ।
ਸੈਮੀਨਾਰ ਦੌਰਾਨ ਡਾ. ਬਲਦੇਵ ਸਿੰਘ ਢਿੱਲੋਂ ਨੂੰ ਡਾ. ਐਨ ਐਲ ਧਵਨ ਲਾਈਫ ਟਾਈਮ ਪੁਰਸਕਾਰ ਨਾਲ ਸਨਮਾਨਿਆ ਗਿਆ। ਇਸ ਮੌਕੇ ਪੰਜ ਇਕਰਾਰਨਾਮਿਆਂ ਤੇ ਵੀ ਸੰਧੀ ਕੀਤੀ ਗਈ।
ਅੱਜ ਦੂਜੇ ਦਿਨ 3 ਵੱਖਰੇ ਸੈਸ਼ਨਾਂ ਵਿੱਚ 6 ਲੈਕਚਰ ਹੋਏ। ਡਾ. ਜੋਗਿੰਦਰ ਸਿੰਘ ਆਊਟ ਸਟੈਡਿੰਗ ਸਾਇੰਟਿਸਟ ਐਵਾਰਡ ਹੈਦਰਾਬਾਦ ਦੇ ਡਾ. ਜੇ ਸੀ ਸ਼ੇਖਰ ਨੂੰ ਦਿੱਤਾ ਗਿਆ। ਡਾ. ਐਨ ਐਨ ਐਸ ਯੰਗ ਸਾਇੰਟਿਸਟ ਐਵਾਰਡ ਡਾ. ਐਨ ਐਲ ਜਾਟ ਅਤੇ ਡਾ. ਭੁਪਿੰਦਰ ਕੁਮਾਰ ਨੂੰ ਦਿੱਤਾ ਗਿਆ। ਮੱਕੀ ਦੇ ਖੇਤਰ ਵਿੱਚ ਪੋਸਟ ਗ੍ਰੈਜੂਏਟ ਦੌਰ ਬਿਹਤਰੀਨ ਖੋਜ ਕਰਨ ਲਈ ਮਨੀ ਹਰ ਐਵਾਰਡ ਵੀ ਐਮ ਐਸ ਸੀ ਅਤੇ ਪੀ ਐਚ ਡੀ ਦੇ ਵਿਦਿਆਰਥੀਆਂ ਨੂੰ ਦਿੱਤੇ ਗਏ।